‘ਅੱਛੇ ਦਿਨ’ ਕਿਸ ਦੇ ਆਏ? ਮੋਦੀ ਦੇ

0
552

ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਾ ਕੋਠੀ ਹੈ ਅਤੇ ਨਾ ਹੀ ਕਾਰ। ਨਾ ਹੀ ਕੋਈ ਜ਼ਮੀਨ ਹੈ, ਨਾ ਹੀ ਸ਼ੋਅ ਰੂਮ ਅਤੇ ਨਾ ਹੀ ਕੋਈ ਦੁਕਾਨ। ਫਿਰ ਵੀ ਪ੍ਰਧਾਨ ਮੰਤਰੀ ਮੋਦੀ ਦੀ ਜਾਇਦਾਦ ਪੰਜ ਸਾਲਾਂ ਵਿਚ 56 ਫ਼ੀਸਦੀ ਵੱਧ ਗਈ। ਪਰ ਮੋਦੀ ਦੇ ਪਲਾਟ ਦੀ ਕੀਮਤ ਪੰਜ ਵਰ੍ਹਿਆਂ ਮਗਰੋਂ ਵੀ ਨਹੀਂ ਵਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰਫ਼ੋਂ ਦੋ ਦਿਨ ਪਹਿਲਾਂ ਜੋ ਪ੍ਰਧਾਨ ਮੰਤਰੀ ਦਫ਼ਤਰ ਕੋਲ ਸਾਲ 2017-18 ਦੇ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ’ਚ ਇਹ ਤੱਥ ਉੱਭਰੇ ਹਨ। ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਦੀ ਚੱਲ ਜਾਇਦਾਦ ਵਿੱਚ ਕਰੀਬ 120 ਗੁਣਾ ਦਾ ਵਾਧਾ ਹੋਇਆ ਹੈ। ਮੁੱਕਦੀ ਗੱਲ ਇਹ ਵੀ ਕਿ ਪ੍ਰਧਾਨ ਮੰਤਰੀ ਆਪਣੀ ਪਤਨੀ ਜਸ਼ੋਦਾ ਬੇਨ ਦੀ ਸੰਪਤੀ ਤੋਂ ਅਣਜਾਣ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਮੋਦੀ ਕੋਲ ਇਸ ਵੇਲੇ 2.28 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ ਜਦੋਂ ਕਿ ਸਾਲ 2013-14 ਵਿਚ ਇਹ ਸੰਪਤੀ 1.26 ਕਰੋੜ ਰੁਪਏ ਦੀ ਸੀ। ਪੰਜ ਵਰ੍ਹਿਆਂ ਵਿੱਚ ਇਹ ਵਾਧਾ 56 ਫ਼ੀਸਦੀ ਬਣਦਾ ਹੈ। ਚੱਲ ਜਾਇਦਾਦ ਜੋ ਹੁਣ 1.28 ਕਰੋੜ ਰੁਪਏ ਦੀ ਹੈ, ਉਹ ਪੰਜ ਵਰ੍ਹੇ ਪਹਿਲਾਂ 26.12 ਲੱਖ ਰੁਪਏ ਦੀ ਸੀ ਅਤੇ ਇਹ ਵਾਧਾ 120 ਫ਼ੀਸਦੀ ਦਾ ਬਣਦਾ ਹੈ। ਅਚੱਲ ਸੰਪਤੀ ਵਿਚ ਮੋਦੀ ਕੋਲ ਗਾਂਧੀ ਨਗਰ ਵਿੱਚ 169.81 ਵਰਗ ਗਜ਼ ਦਾ ਪਲਾਟ ਹੈ, ਜੋ ਉਨ੍ਹਾਂ ਨੇ 25 ਅਕਤੂਬਰ 2002 ਨੂੰ ਖ਼ਰੀਦਿਆ ਸੀ। ਉਦੋਂ ਮੋਦੀ ਨੇ ਇਹ ਪਲਾਟ 1.30 ਲੱਖ ਰੁਪਏ ਵਿਚ ਖ਼ਰੀਦਿਆ ਸੀ, ਜਿਸ ਦੀ ਕੀਮਤ ਇਸ ਵੇਲੇ ਇੱਕ ਕਰੋੜ ਰੁਪਏ ਹੈ। ਲੰਘੇ ਪੰਜ ਵਰ੍ਹਿਆਂ ਵਿੱਚ ਮੋਦੀ ਦੇ ਇਸ ਪਲਾਟ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਜਦੋਂ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਸਨ, ਤਾਂ ਉਦੋਂ ਉਨ੍ਹਾਂ ਕੋਲ 1.26 ਕਰੋੜ ਦੀ ਸੰਪਤੀ ਸੀ। ਸਾਲ 2014-15 ਵਿੱਚ ਇਹ ਸੰਪਤੀ 1.41 ਕਰੋੜ, ਸਾਲ 2015-16 ਵਿੱਚ 1.73 ਕਰੋੜ ਦੀ ਅਤੇ ਸਾਲ 2016-17 ਵਿਚ ਇਹੋ ਸੰਪਤੀ ਵੱਧ ਕੇ 2 ਕਰੋੜ ਰੁਪਏ ਦੀ ਹੋ ਗਈ ਹੈ। ਭਾਵੇਂ ਮੋਦੀ ਕੋਲ ਧੰਨ ਦੌਲਤ ਏਨੀ ਵੱਡੀ ਨਹੀਂ ਪਰ ਉਨ੍ਹਾਂ ਦੇ ਕੱਪੜੇ ਅਤੇ ਤੋਹਫ਼ੇ ਕਰੋੜਾਂ ਰੁਪਏ ਵਿੱਚ ਨਿਲਾਮ ਹੁੰਦੇ ਹਨ। ਮੋਦੀ ਕੋਲ ਇਸ ਵੇਲੇ 48,944 ਰੁਪਏ ਦੀ ਨਗਦ ਰਾਸ਼ੀ ਹੈ ਅਤੇ 1.32 ਲੱਖ ਰੁਪਏ ਬੈਂਕ ਖਾਤੇ ਵਿਚ ਹਨ। ਉਨ੍ਹਾਂ ਕੋਲ 45 ਗਰਾਮ ਸੋਨਾ (ਚਾਰ ਮੁੰਦਰੀਆਂ) ਹੈ ਜਿਸ ਦੀ ਕੀਮਤ 1.38 ਲੱਖ ਰੁਪਏ ਹੈ। ਪ੍ਰਧਾਨ ਮੰਤਰੀ ਕੋਲ ਨਾ ਖੇਤੀ ਵਾਲੀ ਜ਼ਮੀਨ ਹੈ ਅਤੇ ਨਾ ਹੀ ਗੈਰ ਜ਼ਰਾਇਤੀ ਜ਼ਮੀਨ।
ਨਾ ਕੋਈ ਵਪਾਰਕ ਸੰਪਤੀ ਹੈ ਅਤੇ ਨਾ ਹੀ ਕੋਠੀ, ਨਾ ਹੀ ਕਾਰ ਹੈ। ਮੋਦੀ ਕੋਲ ਸਾਈਕਲ ਵੀ ਨਹੀਂ ਹੈ। ਦਿਲਚਸਪ ਤੱਥ ਹਨ ਕਿ ਨਰਿੰਦਰ ਮੋਦੀ ਮੁਲਕ ਦੇ ‘ਕਾਲੇ ਧੰਨ’ ਤੋਂ ਪੂਰੀ ਤਰ੍ਹਾਂ ਜਾਣੂ ਹਨ ਪ੍ਰੰਤੂ ਉਨ੍ਹਾਂ ਨੂੰ ਆਪਣੀ ਪਤਨੀ ਦੇ ‘ਚਿੱਟੇ ਧੰਨ’ ਦਾ ਕੋਈ ਥਹੁ ਪਤਾ ਨਹੀਂ ਹੈ। ਪਤਨੀ ਦੇ ਸੰਪਤੀ ਦੇ ਵੇਰਵਿਆਂ ਵਾਰੇ ਉਨ੍ਹਾਂ ਏਨਾ ਹੀ ਲਿਖਿਆ ਹੈ, ‘ਜਾਣਕਾਰੀ ਨਹੀਂ’। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸਾਲ 1968 ਵਿੱਚ ਜਸ਼ੋਦਾ ਬੇਨ ਨਾਲ ਸ਼ਾਦੀ ਹੋਈ ਸੀ ਜਿਸ ਨੇ ਇੱਕ ਸਕੂਲ ਅਧਿਆਪਕਾ ਵਜੋਂ ਵੀ ਕੰਮ ਕੀਤਾ ਹੈ। ਨਰਿੰਦਰ ਮੋਦੀ ਨੇ ਇਨ੍ਹਾਂ ਵਰ੍ਹਿਆਂ ਦੌਰਾਨ ਨਾ ਕੋਈ ਕਰਜ਼ਾ ਲਿਆ ਹੈ ਅਤੇ ਨਾ ਹੀ ਕਿਸੇ ਨੂੰ ਦਿੱਤਾ ਹੈ।