ਹਾਂਗਕਾਂਗ (ਪੰਜਾਬੀ ਚੇਤਨਾ) ਇਹਨਾਂ ਦਿਨਾਂ ਦੌਰਾਨ ਦੁਨੀਆਂ ਭਰ ਵਿੱਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਤਹਿਤ ਹਾਂਗਕਾਂਗ ਸਥਿਤ ਭਾਰਤੀ ਦੂਤਾਵਾਸ ਵੱਲੋ ਪੰਜਾਬ ਯੂਥ ਕਲੱਬ ਦੇ ਸਹਿਯੋਗ ਨਾਲ ਇੱਕ ਵਾਕ ( Fitness Trail Walk ) ਦਾ ਪ੍ਰਬੰਧ ਕੀਤਾ ਗਿਆ। ਇਸ ਦੀ ਤਿਆਰੀ ਕਲੱਬ ਮੈਬਰਾਂ ਨੇ ਬੜੇ ਉਤਸ਼ਾਹ ਨਾਲ ਕੀਤੀ ਕਿਉਂਕਿ ਇਹ ਪਹਿਲੀ ਵਾਰ ਸੀ ਜਦ ਭਾਰਤੀ ਦੂਤਾਵਾਸ ਵਾਲੋਂ ਗੁਰਪੁਰਬ ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਗਿਆ।
ਸਵੇਰੇ 7 ਵਜੇ ਵਾਕ ਆਪਣੇ ਮਿਥੇ ਸਮੇਂ ਅਨੁਸਾਰ ਹਾਂਗਕਾਂਗ ਪੁਲੀਸ ਮਿਊਜ਼ੀਅਮ ਤੋਂ ਕੌਸਲੇਟ ਜਨਰਲ ਸ਼੍ਰੀ ਮਤੀ ਸਤਵੰਤ ਖਨਾਲੀਆ ਦੀ ਅਗਵਾਈ ਹੇਠ ਸੁਰੂ ਹੋਈ। ਕਰੀਬ ਇੱਕ ਘੰਟਾ ਸੰਘਣੇ ਜੰਗਲੀ ਰਸਤੇ ਤੇ ਮਨਮੋਹਕ ਦ੍ਰਿਸ਼ ਦਾ ਅਨੰਦ ਮਾਣਦੇ ਹੋਏ ਸਾਰੇ ਮੈਬਰਾਂ ਨੇ ਭਾਰਤ ਭਵਨ ਵਿੱਚ ਪ੍ਰਵੇਸ਼ ਕੀਤਾ ਜਿੱਥੇ ਸਟਾਫ ਵੱਲੋਂ ਉਹਨਾਂ ਦਾ ਸੁਆਗਤ ਕੀਤਾ ਗਿਆ।
ਭਾਰਤ ਭਵਨ ਦੇ ਵਿਹੜੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਸਮੇਂ ਨਾਲ ਸਬੰਧਤ ਤਸਵੀਰਾਂ ਅਤੇ ਜਾਣਕਾਰੀ ਭਰਪੂਰ ਲਗਾਏ ਗਏ ਪੋਸਟਰ ਸਭ ਨੂੰ ਬਹੁਤ ਪਸੰਦ ਆਏ।
ਵਿਹੜੇ ਵਿੱਚ ਸਜੇ ਪੰਡਾਲ ਵਿੱਚ ਬੈਠਣ ਤੋਂ ਬਾਦ ਕੌਂਸਲਰ ਜਨਰਲ ਮੈਡਮ ਸਤਵੰਤ ਜੀ ਵਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਇਸ ਸਾਰੇ ਪ੍ਰੋਗਰਾਮ ਦੇ ਸਹਿਯੋਗ ਲਈ ਪੰਜਾਬ ਯੂਥ ਕਲੱਬ ਦਾ ਧੰਨਵਾਦ ਕੀਤਾ।
ਉਹਨਾਂ ਨੇ ਗੁਰਪੁਰਬ ਦੀ ਸਭ ਨੂੰ ਵਧਾਈ ਦਿੱਤੀ ਤੇ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਸ਼ਬਦਾਂ ਨਾਲ ਫਿਰ ਇੱਕ ਵਾਰ ਹਰ ਇੱਕ ਦਾ ਧੰਨਵਾਦ ਕੀਤਾ।
ਖ਼ਾਲਸਾ ਦੀਵਾਨ ਹਾਂਗਕਾਂਗ ਦੀ ਟੀਮ ਵੱਲੋਂ ਗੱਤਕੇ ਦਾ ਪ੍ਰਦਰਸ਼ਨ ਹਰ ਇੱਕ ਲਈ ਮਾਣ ਦਾ ਪਲ ਸੀ। ਇਸ ਤੋਂ ਬਾਅਦ ਗੱਤਕਾ ਟੀਮ ਦੇ ਮੈਂਬਰ ਭਾਈ ਜਸਕਰਨ ਸਿੰਘ ਵੱਲੋ ਗੱਤਕੇ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ ਗਈ। ਪੰਜਾਬ ਯੂਥ ਕਲੱਬ ਵੱਲੋਂ ਨਵਤੇਜ ਸਿੰਘ ਅਟਵਾਲ ਨੇ ਕੌਂਸਲੇਟ ਮੈਡਮ, ਸਟਾਫ ਅਤੇ ਸ਼ਾਮਿਲ ਹੋਏ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ।
ਅਖੀਰ ਵਿੱਚ ਇਸ ਖੁਸ਼ੀ ਦੇ ਮੌਕੇ ਤੇ ਚਾਹ, ਸਮੋਸੇ ਅਤੇ ਲੱਡੂਆਂ ਨਾਲ ਸੇਵਾ ਕੀਤੀ ਗਈ।
ਇਸ ਪ੍ਰੋਗਰਾਮ ਤੋਂ ਬਾਦ ਹਰ ਕਿਸੇ ਦਾ ਵਿਚਾਰ ਸੀ ਕੇ ਗੁਰਪੁਰਬ ਤੇ ਬਾਬੇ ਨਾਨਕ ਨੂੰ ਯਾਦ ਕਰਨ ਲਈ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਕੁਦਰਤ ਦੇ ਨੇੜੇ ਰਹਿ ਕੇ ਇਸ ਤਰਾਂ ਦੇ ਵੱਡੇ ਪ੍ਰੋਗਰਾਮ ਹੋਣੇ ਚਾਹੀਦੇ ਹਨ।