ਇਹ ਪਹਿਲੀ ਵਾਰ ਨਹੀਂ ਕਿ ਦੋ ਪੰਜਾਬੀ ਫਿਲਮਾਂ ਇੱਕੋ ਦਿਨ ਸਿਨੇਮਾ ਘਰਾਂ ਵਿੱਚ ਲੱਗੀਆਂ ਹੋਣ। ਇਸ ਬਾਰੇ ਲੋਕਾਂ ਨੇ ਸਥਾਪਤ ਫਿਲਮ ਮੇਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਬੇਸ਼ੱਕ ਇਸ ਇੰਡਸਟਰੀ ਵਿੱਚ ਨਵਿਆਂ ਲਈ ਅਜੇ ਵੀ ਮੁਸ਼ਕਲਾਂ ਵੱਡੀਆਂ ਹਨ। ਬਹੁਤ ਸਾਰੇ ਉੱਦਮੀ ਹੁਨਰਮੰਦ ਲੋਕ ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਕਿਸਮਤ ਅਜਮਾ ਰਹੇ ਹਨ। ਜਿਨ੍ਹਾਂ ਵਿੱਚੋਂ ਕੇਵਲ ਕੁਝ ਕੁ ਦੇ ਹਿੱਸੇ ਸਫਲਤਾ ਆਉਂਦੀ ਐ। ਇਸ ਲੜੀ ਵਿੱਚ ਹਰਦੀਪ ਗਰੇਵਾਲ ਵਿਲੱਖਣ ਅਤੇ ਸੰਜੀਦਾ ਵਿਸ਼ਿਆਂ ਨੂੰ ਛੂੰਹਦਿਆਂ ਹੌਲੀ ਹੌਲੀ ਅੱਗੇ ਵੱਧ ਰਿਹੈ। ਉਸਦੇ ਗੀਤ ਵੀ ਉਸ ਦੀ ਸੰਜੀਦਾ ਸੋਚ ਦੀ ਤਰਜ਼ਮਾਨੀ ਕਰਦੇ ਹਨ। ਪਰ ਇਹ ਗੱਲ ਕੌੜੀ ਅਤੇ ਨਿਰਾਸ਼ਾਜਨਕ ਵੀ ਲੱਗੇਗੀ ਕਿ ਜਦ ਵੀ ਫਿਲਮਾਂ ਦੇ ਵਿਸ਼ਿਆਂ ਬਾਰੇ ਆਮ ਲੋਕਾਂ ਨਾਲ ਗੱਲ ਤੁਰਦੀ ਹੈ ਤਾਂ ਲੋਕਾਂ ਦੀ ਵੱਡੀ ਗਿਣਤੀ ਗੰਭੀਰ ਫਿਲਮਾਂ ਦੀ ਬਜਾਇ ਕਾਮੇਡੀ ਫਿਲਮਾਂ ਦੇਖਣ ਦੀ ਹਾਮੀ ਭਰਦੀ ਹੈ। ਸਿਨੇਮੇ ਪ੍ਰਤੀ ਅਜੇ ਸਾਡੀ ਪੰਜਾਬੀਆਂ ਦੀ ਸਮਝ ਬਹੁਤ ਨਿਆਣੀ ਹੈ। ਸਾਡੇ ਲਈ ਸਿਨੇਮਾ ਕੇਵਲ ਦੂਜੀਆਂ ਚਿੰਤਾਵਾਂ ਤੋਂ ਕੁਝ ਦੇਰ ਲਈ ਮੁਕਤ ਹੋਣ ਯਾਨੀ ਕਿ Stress Relieve ਕਰਨ ਦਾ ਸਾਧਨ ਹੈ। ਇਸੇ ਲਈ ਜਦੋਂ ਕਦੇ ਗੰਭੀਰ ਜਾਂ ਸਾਰਥਕ ਫਿਲਮਾਂ ਬਾਰੇ ਦੂਜਿਆਂ ਨਾਲ ਗੱਲ ਛੇੜਦੀ ਹਾਂ ਤਾਂ ਜਵਾਬ ਹੁੰਦੈ ਕਿ ਇਹੋ ਜਿਹੀਆਂ ਫਿਲਮਾਂ ਤਾਂ ਹੋਰ ਨਿਰਾਸ਼ਾ ਵਿੱਚ ਧੱਕਦੀਆਂ ਹਨ। ਪਰ ਜੇਕਰ ਗਹੁ ਨਾਲ ਇਸ ਗੱਲ ਨੂੰ ਵਿਚਾਰਿਆ ਜਾਵੇ ਤਾਂ ਗੰਭੀਰ ਫਿਲਮਾਂ ਕਥਾਰਸਿਸ ਵਿਧੀ ਰਾਹੀਂ ਸਾਡੇ ਅੰਦਰਲੇ ਜਜ਼ਬਾਤਾਂ ਨੂੰ ਬਾਹਰ ਲੈ ਕੇ ਆਉਣ ਵਿੱਚ ਮਦਦ ਕਰਦੀਆਂ ਹਨ। ਸਾਡੀਆਂ ਸਮੱਸਿਆਵਾਂ ਨਾਲ ਮੇਲ ਖਾਂਦੇ ਵਿਸ਼ੇ ਇਹਨਾਂ ਫਿਲਮਾਂ ਰਾਹੀਂ ਸਾਡੇ ਅੰਦਰ ਦੱਬੇ ਘੁੱਟੇ ਗੁਬਾਰ ਨੂੰ ਬਾਹਰ ਕੱਢ ਮਾਰਦੇ ਹਨ। ਦਰਸ਼ਕ ਕਈ ਵਾਰ ਅਜਿਹੀਆਂ ਫਿਲਮਾਂ ਨੂੰ ਦੇਖਣ ਤੋਂ ਹੌਲੇ ਫੁੱਲ ਹੋ ਕੇ ਸਿਨੇਮੇ ਤੋਂ ਬਾਹਰ ਆਉਂਦੇ ਹਨ।
ਸੋ ਦੋਵੇਂ ਤਰਾਂ ਦੀਆਂ ਫਿਲਮਾਂ ਪ੍ਰਤੀ ਸਾਡੀ ਸਮਝ ਅਤੇ ਸੂਝ ਦਾ ਵਿਕਾਸ ਹੋਣਾ ਵੀ ਲਾਜ਼ਮੀ ਐ। ਸਿਨੇਮਾਂ ਸਾਡੇ ਅੰਤਹਕਰਣ ਤੱਕ ਅਸਰ ਕਰਨ ਦੀ ਸਮਰੱਥਾ ਰੱਖਦਾ ਹੈ ਬਸ਼ਰਤੇ ਇਸ ਪ੍ਰਤੀ ਸਾਡੀ ਸੂਝ ਬੂਝ ਵਿਕਸਿਤ ਹੋਵੇ। ਪੰਜਾਬੀ ਦਰਸ਼ਕ ਅਜੇ ਤੱਕ ਆਰਟ ਸਿਨੇਮਾ ਨੂੰ ਸਮਝਣ ਦੇ ਵੀ ਯੋਗ ਨਹੀਂ ਹੋ ਸਕੇ। ਸੋ ਆਰਟ ਸਿਨੇਮਾ ਤਾਂ ਪੰਜਾਬੀ ਇੰਡਸਟਰੀ ਲਈ ਹੋਰ ਵੀ ਚੁਣੌਤੀ ਭਰਪੂਰ ਹੈ।
ਸਾਰਥਕ ਸਿਨੇਮੇ ਲਈ ਕੰਮ ਕਰ ਰਹੇ ਫਿਲਮਕਾਰਾਂ ਲਈ ਵੀ ਇਸ ਖੇਤਰ ਵਿੱਚ ਮੁਸ਼ਕਲਾਂ ਵਧੇਰੇ ਹਨ। ਬਹੁਤ ਸਾਰੇ ਫਿਲਮਕਾਰਾਂ ਨੇ ਪੰਜਾਬੀ ਦਰਸ਼ਕਾਂ ਲਈ ਸਾਰਥਕ ਸਿਨੇਮਾ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਪਰ ਅਖ਼ੀਰ ਉਹਨਾਂ ਸਾਡੇ ਦਰਸ਼ਕਾਂ ਰੁਚੀ ਅਤੇ ਤਬੀਅਤ ਦੇ ਮੱਦੇ ਨਜ਼ਰ ਹਲਕੇ ਫੁਲਕੇ ਵਿਸ਼ਿਆਂ ਨੂੰ ਪੇਸ਼ ਕਰਨ ਵਿੱਚ ਆਪਣਾ ਅਤੇ ਇਸ ਇੰਡਸਟਰੀ ਦਾ ਭਲਾ ਸਮਝਿਆ। ਸੋ ਇਸ ਮਾਮਲੇ ਵਿੱਚ ਅਸੀਂ ਸਾਰੇ ਦੋਸ਼ੀ ਹਾਂ। ਜੇ ਸਾਰਥਕ ਫਿਲਮਾਂ ਉੱਤੇ ਪੈਸਾ ਅਤੇ ਸਮਾਂ ਲਗਾਉਣ ਵਾਲਿਆਂ ਨੂੰ ਦਰਸ਼ਕਾਂ ਦੀ ਘਾਟ ਦਾ ਲਗਾਤਾਰ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਖਰ ਕਿੰਨੀ ਦੇਰ ਤੱਕ ਉਹ ਜਨੂੰਨੀ ਹੋ ਕੇ ਇਸ ਖੇਤਰ ਵਿੱਚ ਕੰਮ ਕਰਨਗੇ।
ਨਰੇਸ਼ ਕਥੂਰੀਆ ਦਰਸ਼ਕਾਂ ਦੀ ਪ੍ਰਤੀਕਿਰਿਆ ਪ੍ਰਤੀ ਸੋਸ਼ਲ ਮੀਡੀਆ ਉੱਤੇ ਆਪਣਾ ਪੱਖ ਰੱਖਦਾ ਹੋਇਆ ਆਪਣੀ ਫਿਲਮ “ੳ ਅ” ਪ੍ਰਤੀ ਜਵਾਬ ਵੀ ਮੰਗਦਾ ਹੈ। ਰਾਣਾ ਰਣਬੀਰ ਦੀ ਅਸੀਸ, ਵਿਕਰਮ ਗਰੋਵਰ ਦੀ ‘ਸੰਨ ਆਫ ਮਨਜੀਤ ਸਿੰਘ’ ਅਮਰਦੀਪ ਸਿੰਘ, ਪਾਲੀ ਭੁਪਿੰਦਰ ਅਤੇ ਕਈ ਸਥਾਪਤ ਫਿਲਮਕਾਰਾਂ ਦੀਆਂ ਸਾਰਥਕ ਫਿਲਮਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।
ਕੇਵਲ ਫਿਲਮਕਾਰਾਂ ਨੂੰ ਹੀ ਦੋਸ਼ ਦੇਣਾ ਸਹੀ ਨਹੀਂ ਹੈ। ਬਾਵਜੂਦ ਇਸਦੇ ਇਸ ਗੱਲ ਤੋਂ ਇਨਕਾਰੀ ਨਹੀ ਹੋਇਆ ਜਾ ਸਕਦਾ ਕਿ ਫਿਲਮ ਉਦਯੋਗ ਵਿੱਚ ਫਿਲਮਾਂ ਦੀ ਰੀਲੀਜ਼ ਨੂੰ ਲੈ ਕੇ ਫਿਲਮ ਨਿਰਮਾਤਾਵਾਂ ਜਾਂ ਡਿਸਟਰੀਬਿਊਟਰਾਂ ਦੀ ਆਪੋਧਾਪੀ ਜਾਰੀ ਰਹਿੰਦੀ ਹੈ। ਵਿਦੇਸ਼ਾਂ ਵਿੱਚ ਕਈ ਚੰਗੀਆਂ ਫਿਲਮਾਂ ਦੇ ਸਿਨੇਮੇ ਵਿੱਚ ਸ਼ੋਅ ਟਾਈਮ ਵੀ ਵੀਕ ਐੰਡ ਦੀ ਬਜਾਇ ਹਫਤੇ ਦੇ ਕੰਮਕਾਜੀ ਦਿਨਾਂ ਦੌਰਾਨ ਦੇਰ ਰਾਤ ਨੂੰ ਹੁੰਦੇ ਹਨ ਜੋ ਕਿ ਬਿਲਕੁਲ ਅਢੁੱਕਵਾਂ ਸਮਾਂ ਹੁੰਦਾ ਹੈ। ਇੰਡਸਟਰੀ ਵਿੱਚ ਸਿਨੇਮਾ ਦਾ ਢੁੱਕਵਾਂ ਸਮਾਂ ਲੈਣ ਪਿੱਛੇ ਵੀ ਵੱਡੇ ਪ੍ਰੋਡਕਸ਼ਨ ਹਾਊਸ, ਵੱਡੇ ਬਜਟ ਅਤੇ ਵੱਡੇ ਡਿਸਟਰੀਬਿਊਟਰਾਂ ਦਾ ਜ਼ੋਰ ਵਧੇਰੇ ਮਾਇਨੇ ਰੱਖਦਾ ਹੈ। ਇਸੇ ਕਾਰਨ ਫਿਲਮਾਂ ਦੀ ਰੀਲੀਜ਼ ਤੋਂ ਲੈ ਕੇ ਸਿਨੇਮਾ ਵਿੱਚ ਸਹੀ ਜਾਂ ਢੁੱਕਵਾਂ ਸਮਾਂ ਲੈਣ ਦੀ ਜੱਦੋ ਜਹਿਦ ਵੀ ਚਲਦੀ ਰਹਿੰਦੀ ਹੈ। ਇਸ ਕਾਰੋਬਾਰ ਵਿੱਚ ਜਿਤਨੀ ਨਵਿਆਂ ਲਈ ਆਪਣੀ ਜਗ੍ਹਾ ਬਣਾਉਣੀ ਔਖੀ ਹੈ ਉਤਨੀ ਹੀ ਪੁਰਾਣੇ ਜਾਂ ਸਥਾਪਿਤ ਕਾਰੋਬਾਰੀਆਂ ਲਈ ਉਸ ਜਗ੍ਹਾ ਨੂੰ ਬਰਕਰਾਰ ਰੱਖਣਾ ਚੁਣੌਤੀਪੂਰਨ ਹੈ।
ਖ਼ੈਰ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਦੂਜੇ ਦੇ ਰਾਹਾਂ ਵਿੱਚ ਰੋੜੇ ਵਿਛਾਉਣ ਦੀ ਥਾਂ ਇੱਕ ਦੂਜੇ ਨਾਲ ਸਹਿਮਤੀ ਬਣਾਉਣੀ ਵਧੇਰੇ ਅਹਿਮੀਅਤ ਰੱਖਦੀ ਹੈ। ਜਦਕਿ ਅਜੋਕੇ ਸਮੇਂ ਵਿੱਚ ਮਸ਼ਹੂਰੀ ਲਈ ਪ੍ਰਾਪੋਗੰਡਾ ਅਤੇ ਵਿਵਾਦਾਂ ਦਾ ਸਹਾਰਾ ਵੀ ਲਿਆ ਜਾਣ ਲੱਗਾ ਹੈ। ਜਿਸ ਕਾਰਨ ਲੋਕਾਂ ਵਲੋਂ ਬਹੁਤ ਸਾਰੇ ਕਲਾਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅੰਬਰਦੀਪ ਦੇ ਪੁੱਤਰ ਲਕਸ਼ ਬਾਰੇ ਲੋਕਾਂ ਵਲੋਂ ਸੋਸ਼ਲ ਮੀਡੀਆ ਉੱਤੇ ਅਪਸ਼ਬਦ ਵਰਤੇ ਗਏ ਹਨ। ਇੰਡਸਟਰੀ ਦੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਖੇਤਰ ਵਿੱਚ ਅਜਿਹੇ ਵਿਵਾਦ ਸਗੋਂ ਫਿਲਮਾਂ ਲਈ ਲਾਹੇਵੰਦ ਸਾਬਤ ਹੁੰਦੇ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਨੈਤਿਕਤਾ ਨੂੰ ਤਿਆਗ ਕੇ ਅਜਿਹੀਆਂ ਰਣਨੀਤੀਆਂ ਕਿੰਨੀਆਂ ਕੁ ਜਾਇਜ਼ ਹਨ?
ਤਾਨੀਆ ਵਲੋਂ ਆਪਣੀ ਨਵੀਂ ਫ਼ਿਲਮ ਦੀ ਮਸ਼ਹੂਰੀ ਵੇਲੇ ਸਾਰਿਆਂ ਨੂੰ ਇੱਕ ਹੋਣ ਦਾ ਦਿੱਤਾ ਹੋਕਾ ਇਸ ਸਥਿਤੀ ਵੱਲ ਇਸ਼ਾਰਾ ਕਰਦਾ ਹੈ ਕਿ ਇੰਡਸਟਰੀ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ। ਬਹੁਤ ਸਾਰੇ ਕਲਾਕਾਰ ਜਾਂ ਅਦਾਕਾਰ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਈ ਵਾਰ ਪੰਜਾਬੀ ਸਿਨੇਮਾ ਉਦਯੋਗ ਨਾਮ ਜੁੜੇ ਲੋਕਾਂ ਲਈ ਅਜਿਹੀਆਂ ਗੱਲਾਂ ਸਾਹਮਣੇ ਰੱਖਦੇ ਹਨ। ਅਜਿਹੇ ਵਿੱਚ ਕੀ ਪੰਜਾਬੀ ਸਿਨੇਮਾ ਦਾ ਭਵਿੱਖ ਸੁਰੱਖਿਅਤ ਹੈ ? ਇਹ ਵੀ ਇਕ ਸਵਾਲ ਹੈ।






























