ਬੀਤੇ ਐਤਵਾਰ ਹਾਂਗਕਾਂਗ ਵਿੱਚ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼’ ਦੇਖਣ ਦਾ ਮੌਕਾ ਮਿਲਿਆ।
ਫ਼ਿਲਮ ਦੀ ਜਿੰਨੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ।
ਕਲਾਕਾਰੀ, ਕਹਾਣੀ, ਖ਼ੋਜ, ਤੇ ਸਦੀ ਪੁਰਾਣੇ ਸਮੇਂ ਨੂੰ ਰੂਪਵਾਨ ਕਰਨਾ, ਇਸ ਫਿਲਮ ਦੀਆਂ ਖੂਬੀਆਂ ਹਨ।
ਇਹ ਫ਼ਿਲਮ ਹਾਂਗਕਾਂਗ ਨਾਲ ਜੁੜੀ ਹੋਣ ਕਾਰਨ ਹੋਰ ਵੀ ਅਹਿਮ ਸੀ ਮੇਰੇ ਲਈ।
ਫ਼ਿਲਮ ਦੇ ਮੁੱਖ ਪਾਤਰ ਮੇਵਾ ਸਿੰਘ ਲੋਪੋਕੇ ਨੂੰ ਉਸ ਦਾ ਸਾਥੀ ਕਹਿੰਦਾ “ਪਤਾ ਨਹੀਂ ਲੋਕ ਸਾਨੂੰ ਯਾਦ ਵੀ ਰੱਖਣਗੇ ਜਾਂ ਨਹੀਂ?”
ਮੇਵਾ ਸਿੰਘ ਉਹ ਯੋਧਾ ਸੀ ਜਿਸ ਨੇ ਨਾਨਕ ਨਾਮ ਜਹਾਜ਼ ਨੂੰ ਵਾਪਸ ਮੋੜਨ ਵਾਲੇ ਅੰਗਰੇਜ਼ ਵਿਲੀਅਮ ਹੌਪਕਿਨਸਨ ਨੂੰ ਸੋਧਾ ਲਾ ਕੇ ਫਾਂਸੀ ਦਾ ਰੱਸਾ ਚੁੰਮਿਆ ਸੀ।
ਸੁਆਲ ਹੈ ਕਿ ਕੀ ਅਸੀਂ ਹਾਂਗਕਾਂਗ ਦੇ ਲੋਕਾਂ ਦੇ ਉਹਨਾਂ ਸਿੰਘਾਂ ਨੂੰ ਯਾਦ ਰੱਖਿਆ ਹੈ?
ਹੁਣ ਗੱਲ ਹਾਂਗਕਾਂਗ ਦੀ ਜਿਥੋਂ ਉਹ ਜਹਾਜ ਚੱਲਿਆ ਸੀ। ਕਈ ਸਾਲ ਪਹਿਲਾਂ ਪੰਜਾਬ ਯੂਥ ਕਲੱਬ ਨੇ ਉਪਰਾਲਾ ਕੀਤਾ ਇਹਨਾਂ ਯੋਧਿਆ ਨੂੰ ਯਾਦ ਕਰਨ ਲਈ।ਇਸ ਤਹਿਤ ਪਿਛਲੇ 15 ਸਾਲਾਂ ਤੋਂ ਸਾਲਾਨਾ ਹਾਕੀ ਟੂਰਨਾਮੈਂਟ ਕਰਾਇਆ ਜਾਂਦਾ ਹੈ। ਇਸ ਟੂਰਨਾਮੈਂਟ ਰਾਹੀਂ ਕਾਮਾਗਾਟਾ ਮਾਰੂ ਦੀ ਘਟਨਾ ਬਾਰੇ ਗੈਰ ਭਾਰਤੀ ਲੋਕਾਂ ਨੂੰ ਵੀ ਪਤਾ ਲਗਾ। ਧੰਨਵਾਦ ਉਹਨਾਂ ਲੋਕਾਂ ਦਾ ਜੋ ਜਿਸ ਕਿਸੇ ਵੀ ਤਰਾਂ ਇਸ ਟੂਰਨਾਮੈਂਟ ਨਾਲ ਜੁੜੇ ਹੋਏ ਹਨ।
ਹੁਣ ਸੁਆਲ ਪੈਦਾ ਹੁੰਦਾ ਕਿ ਸਦੀ ਤੋਂ ਵੱਧ ਸਮਾਂ ਪਹਿਲਾਂ ਹਾਂਗਕਾਂਗ ਦੇ ਗੁਰੂ ਘਰ ਤੋਂ ਚਲੇ ਉਸ ਜਹਾਜ਼ ਦੇ ਮੁਸਾਫ਼ਰਾਂ ਦੀ ਕੋਈ ਯਾਦਗਾਰ ਹਾਂਗਕਾਂਗ ਵਿੱਚ ਨਹੀਂ, ਤਾਂ ਕਸੂਰ ਕਿਸ ਦਾ?
ਹੁਣ ਜਦ ਦੀ ਇਹ ਫਿਲਮ ਆਈ ਹੈ ਤਾਂ ਬਹੁਤ ਸਾਰੇ ਲੋਕ ਵੀ ਇਹ ਮੰਗ ਕਰਦੇ ਨਜ਼ਰ ਆ ਰਹੇ ਹਨ ਕਿ ਇਹਨਾਂ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਦੀ ਢੁਕਵੀਂ ਯਾਦਗਾਰ ਹਾਂਗਕਾਂਗ ਦੇ ਗੁਰੂ ਘਰ ਵਿੱਚ ਹੋਣੀ ਚਾਹੀਦੀ ਹੈ, ਤੇ ਮੈਂ ਵੀ ਇਹ ਮੰਗ ਕਰਨ ਵਾਲਿਆਂ ਵਿੱਚ ਸ਼ਾਮਲ ਹਾਂ| ……………ਅਮਰਜੀਤ ਸਿੰਘ






























