ਫੁਲਕਾਰੀ
ਸੂਹੇ ਰੰਗ ਦੀ ਫੁਲਕਾਰੀ ਮੇਰੀ…ਉੱਤੇ ਫੁੱਲ ਬੂਟੇ ਮੈਂ ਪਾਂਦੀ ਆਂ
ਸੱਜਣਾਂ ਦੀ ਉਡੀਕ ਵਿੱਚ…, ਰੋਜ ਮੈਂ ਇੱਕ ਤੰਦ ਪਾਂਦੀ ਆਂ।
ਫੁਲਕਾਰੀ ਅੱਜ ਕਲ੍ਹ ਜਿਵੇਂ ਇੱਕ ਬੁਝਾਰਤ ਬਣ ਕੇ ਜਾਂ ਫਿਰ ਗੀਤਾਂ ਆਦਿ ਵਿੱਚ ਹੀ ਸਮੋ ਕੇ ਰਹਿ ਗਈ ਹੈ। ਅੱਜ ਕਿਸੇ ਨੇ ਫੁਲਕਾਰੀ ਦੇਖਣੀ ਹੋਵੇ ਤਾਂ ਅਜਾਇਬ ਘਰਾਂ ਵਿੱਚ ਜਾਂ ਵਿਆਹ ਸ਼ਾਦੀਆਂ ਮੌਕੇ ਮੈਰਿਜ ਪੈਲਿਸਾਂ ਅਤੇ ਸਭਿਆਚਾਰਕ ਪ੍ਰੋਗਰਾਮ ਕਰਨ ਵਾਲਿਆਂ ਦੀ ਸਟੇਜਾਂ ਤੇ ਫੁਲਕਾਰੀ ਦੀ ਝਲਕ ਮਿਲ ਸਕਦੀ ਹੈ । ਜੇਕਰ ਅਸੀਂ ਕਹੀਏ ਕਿ ਸਾਡੀਆਂ ਪੰਜਾਬਣਾਂ ਨੇ ਫੁਲਕਾਰੀ ਨੂੰ ਪੂਰੀ ਤਰਾਂ ਵਿਸਾਰ ਦਿੱਤਾ ਹੈ, ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ । ਫੁਲਕਾਰੀ ਆਪਣੇ ਆਖਰੀ ਸਾਹਾਂ ਤੋਂ ਵੀ ਅਗਲੇ ਕਦਮ ‘ਤੇ ਜਾ ਚੁੱਕੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਫੁਲਕਾਰੀ ਇੱਕ ਬੁਝਾਰਤ ਬਣ ਕੇ ਰਹਿ ਜਾਵੇਗੀ । ਪਰ ਕਿਸੇ ਵੇਲੇ ਫੁਲਕਾਰੀ ਸਾਡੇ ਜੀਵਨ ਅਤੇ ਸਭਿਆਚਾਰ ਦਾ ਇੱਕ ਮੁੱਖ ਅੰਗ ਹੋਇਆ ਕਰਦੀ ਸੀ । ਇਹ ਪੰਜਾਬੀ ਸਿ਼ਲਪ ਕਲਾ ਦਾ ਅਦਭੁਤ ਨਮੂਨਾ ਹੋ ਕੇ ਮੁਟਿਆਰਾਂ ਦੇ ਰੰਗ ਰੂਪ ਤੇ ਸੁਹੱਪਣ ਨੂੰ ਵੀ ਚਾਰ ਚੰਨ ਲਗਾਇਆ ਕਰਦੀ ਸੀ। ਇਹ ਜਿੱਥੇ ਇਸਤਰੀ ਦੇ ਸਿਰ ਨੂੰ ਢਕਣ ਦਾ ਕੰਮ ਕਰਦੀ ਸੀ ਉੱਥੇ ਇਸ ਵਿੱਚ ਅਨੇਕਾਂ ਤਰਾਂ ਦੀਆਂ ਰੀਝਾਂ,ਤਰੰਗਾਂ ਅਤੇ ਵਲਵਲਿਆਂ ਦੇ ਛੁਪੇ ਹੋਣ ਦਾ ਪ੍ਰਤੀਕ ਵੀ ਹੋਇਆ ਕਰਦੀ ਸੀ । ਪੰਜਾਬ ਵਿੱਚ ਪਹਿਲੇ ਸਮਿਆਂ ਵਿੱਚ ਕੁੜੀਆਂ ਨੂੰ ਪੜਾਈ ਤਾਂ ਘੱਟ ਹੀ ਕਰਾਈ ਜਾਂਦੀ ਸੀ ਪਰ ਘਰ ਦੇ ਕੰਮ ਕਾਰ ਵਿੱਚ ਸਿਆਣੀਆ ਮਾਵਾਂ ਆਪਣੀਆਂ ਧੀਆਂ ਨੂੰ ਨਿਪੁੰਨਤਾ ਹਾਸਲ ਕਰਵਾ ਦਿੰਦੀਆਂ ਸਨ । ਮਾਵਾਂ ਆਪਣੀਆਂ ਧੀਆਂ ਨੂੰ ਸੁਰਤ ਸੰਭਾਲਦੇ ਹੀ ਘਰ ਦੇ ਕੰਮ ਕਾਰ ਦੇ ਨਾਲ ਨਾਲ ਸਿਲਾਈ ਕਢਾਈ ਅਤੇ ਹੋਰ ਵੀ ਕਈ ਤਰਾਂ ਦੇ ਕੰਮਾਂ ਵਿੱਚ ਨਿਪੁੰਨ ਕਰਿਆ ਕਰਦੀਆਂ ਸਨ ਤਾਂ ਕਿ ਧੀ ਸਹੁਰੇ ਘਰ ਜਾ ਕੇ ਕਿਸੇ ਚੀਜ਼ ਤੋਂ ਵਾਂਝੀ ਨਾ ਰਹੇ । ਇਸ ਤਰਾਂ ਕੁੜੀਆਂ ਆਪਣੀਆਂ ਮਾਵਾਂ, ਭੈਣਾਂ ਭਰਜਾਈਆਂ ਤੇ ਸਹੇਲੀਆਂ ਸੰਗ ਬਹਿ ਕੇ ਕੁਝ ਨਾ ਕੁਝ ਸਿੱਖਦੀਆਂ ਅਤੇ ਆਪਣੇ ਦਾਜ ਦਾ ਸਮਾਨ ਹੌਲੀ ਹੌਲੀ ਤਿਆਰ ਕਰਦੀਆਂ ਅਤੇ ਸਹਿਜ ਸਹਿਜ ਇਨਾਂ ਕਲਾਵਾਂ ਵਿੱਚ ਮਾਹਿਰ ਹੋ ਜਾਂਦੀਆਂ।
ਕਦੇ ਵੇਲਾ ਹੁੰਦਾ ਸੀ ਕਿ ਕੁੜੀਆਂ ਇਕੱਠੀਆਂ ਹੋ ਕੇ ਤ੍ਰਿਝੰਣ ਵਿੱਚ ਬਹਿ ਕੇ ਕੱਤਿਆ ਕਰਦੀਆਂ ਸਨ ਅਤੇ ਕਢਾਈ ਕਰਿਆ ਕਰਦੀਆਂ ਸਨ ਜਿਸ ਵਿੱਚ ਫੁਲਕਾਰੀ ਵੀ ਇੱਕ ਮੁੱਖ ਹੁੰਦੀ ਸੀ । ਕੁੜੀਆਂ ਨੇ ਜਿੱਥੇ ਗਰਮੀ ਦੇ ਦਿਨਾਂ ਵਿੱਚ ਪਿੱਪਲੀਂ ਪੀਘਾਂ ਪਾਉਣੀਆਂ ਉੱਥੇ ਆਪਣੇ ਇਨਾਂ ਘਰੇਲੂ ਕੰਮਾਂ ਨੂੰ ਵੀ ਨਾਲ ਹੀ ਜੋੜੀ ਰਖਿਆ ਤੇ ਕਈ ਤਰਾਂ ਦੇ ਗੀਤ ਬੋਲੀਆਂ ਵੀ ਜੋੜ ਲਏ ਸਨ । ਉਹ ਦਿਨ ਬੜੇ ਸੁਖਾਲੇ ਹੁੰਦੇ ਸੀ ਅਤੇ ਲੋਕ ਬੜੇ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਹੁੰਦੇ ਸਨ । ਅੱਜ ਨਾ ਤਾਂ ਤ੍ਰਿਝੰਣਾਂ ਹਨ ਨਾ ਹੀ ਖੁੰਢਾਂ ਤੇ ਕੋਈ ਬੈਠਦਾ ਹੈ । ਇਨਾਂ ਚੀਜ਼ਾਂ ਦੀ ਘਾਟ ਨੇ ਸਾਨੂੰ ਬੜੀ ਹੱਦ ਤੱਕ ਖੁਦਗਰਜ਼ੀ ਤੇ ਸਵਾਰਥੀ ਬਣਾ ਦਿੱਤਾ ਹੈ ।
ਫੁਲਕਾਰੀ ਦੀ ਕਢਾਈ ਨਿੱਕੀ ਨਿੱਕੀ ਬੂਟੀ ਨਾਲ ਬੜੀ ਫਬਵੀਂ ਕਢਾਈ ਕੀਤੀ ਹੁੰਦੀ ਸੀ । ਇਹ ਜਿਆਦਾਤਰ ਫੁੱਲਾਂ ਵਾਲੀ ਹੁੰਦੀ ਸੀ । ਹੋਰ ਵੀ ਕਈ ਪ੍ਰਕਾਰ ਦੀ ਕਢਾਈ ਫੁਲਕਾਰੀ ਤੇ ਕੀਤੀ ਜਾਂਦੀ ਸੀ ਜਿਸ ਨੂੰ ਹਰ ਮੁਟਿਆਰ ਆਪਣੇ ਅੰਦਰੂਨੀ ਮਨੋਂ ਭਾਵਾਂ ਨੂੰ ਫੁਲਕਾਰੀ ਤੇ ਕੀਤੀ ਕਢਾਈ ਦੁਆਰਾ ਪਰਗਟ ਕਰਨ ਕੋਸਿ਼ਸ਼ ਕਰਦੀ ਸੀ
ਧੰਨ ਕੁਰ ਸੀਉਮੇ ਕੁੜਤੀ ਖੱਦਰ ਦੀ, ਬੰਤੋ ਦੀ ਕੱਤਣ ਦੀ ਤਿਆਰੀ,
ਵਿੱਚ ਦਰਵਾਜ਼ੇ ਦੇ, ਇੱਕ ਫੁੱਲ ਕੱਢਦਾ ਫੁਲਕਾਰੀ।
ਫੁਲਕਾਰੀ ਸਾਡੇ ਜੀਵਨ ਦੇ ਬਹੁਤ ਜਿ਼ਆਦਾ ਨੇੜੇ ਹੋਣ ਕਰਕੇ ਆਮ ਹੀ ਸਾਡੇ ਗੀਤਾਂ,ਟੱਪਿਆਂ ਅਤੇ ਬੋਲੀਆਂ ਵਿੱਚ ਵਿਚਰੀ ਜਾਣ ਲੱਗੀ। ਬੇਸ਼ੱਕ ਅੱਜ ਫੁਲਕਾਰੀ ਗੁੰਮਦੀ ਜਾ ਰਹੀ ਹੈ ਪਰ ਸਾਡੇ ਗੀਤਕਾਰਾਂ,ਸ਼ਾਇਰਾਂ ਤੇ ਲੇਖਕਾਂ ਨੇ ਫੁਲਕਾਰੀ ਨੂੰ ਜਿੰਨਾ ਵੀ ਹੋ ਸਕਿਆ ਇਨਸਾਫ਼ ਦਿਵਾਉਣ ਦੀ ਕੋਸਿ਼ਸ਼ ਕੀਤੀ ਹੈ । ਲੋਕ ਗੀਤਾਂ ਵਿੱਚ ਵੀ ਫੁਲਕਾਰੀ ਆਪਣਾ ਸਥਾਨ ਬੜੀ ਸਿ਼ੱਦਤ ਨਾਲ ਦਰਸਾਂਉਦੀ ਹੈ। ਕਿਸੇ ਲੋਕ ਗੀਤ ਦੇ ਬੋਲਾਂ ਵਿੱਚ ਫੁਲਕਾਰੀ ਕੱਢਣ ਵਾਲੀ ਮੁਟਿਆਰ ਦੀ ਤੁਲਨਾ ਫੁਲਕਾਰੀ ਦੇ ਸੁੰਦਰ ਫੁੱਲਾਂ ਨਾਲ ਕਰਕੇ ਪੇਸ਼ ਕੀਤਾ ਗਿਆ ਹੈ ਅਤੇ ਉਸ ਮੁਟਿਆਰ ਦੀ ਸਿਫਤ ਵੀ ਇੱਕ ਸੁਚੱਜੀ ਤੇ ਸਿਆਣੀ ਕੁੜੀ ਨਾਲ ਕੀਤੀ ਗਈ ਹੈ। ਜਿਸ ਦੇ ਬੋਲ ਹੇਠ ਲਿਖੇ ਹਨ
-ਆਰੀ ਆਰੀ ਆਰੀ……
ਹੇਠ ਬਰੋਟੇ ਦੇ, ਇੱਕ ਫੁੱਲ ਕੱਢਦਾ ਫੁਲਕਾਰੀ
ਅੱਖੀਆਂ ਮਿਰਗ ਜਿਹੀਆਂ, ਵਿੱਚ ਕਜਲੇ ਦੀ ਧਾਰੀ
ਨੀਵੀਂ ਨਜ਼ਰ ਰੱਖੇ ਸ਼ਰਮ ਹਯਾ ਦੀ ਮਾਰੀ
ਆਪੇ ਲੈ ਜਾਣਗੇ, ਜਿਨ੍ਹਾਂ ਨੂੰ ਲੱਗੂ ਪਿਆਰੀ
ਫੁਲਕਾਰੀ ਜਿਵੇਂ ਕਿ ਮੁਟਿਆਰਾਂ ਦੇ ਵਰਤਣ ਵਾਲੀ ਚੀਜ਼ ਹੈ ਇਸ ਕਰਕੇ ਇਸਨੂੰ ਮੁਟਿਆਰਾਂ ਆਪਣੇ ਹੁਸਨ ਨੂੰ ਹੋਰ ਸਿ਼ੰਗਾਰਨ ਲਈ ਵਧੀਆ ਕਢਾਈ ਵਾਲੀ ਫੁਲਕਾਰੀ ਵਰਤਿਆ ਕਰਦੀਆਂ ਸਨ । ਜਿਸ ਨਾਲ ਹਰ ਮੁਟਿਆਰ ਦਾ ਹੁਸਨ ਹੋਰ ਵੀ ਨਿੱਖਰ ਜਾਂਦਾ ਸੀ । ਫੁਲਕਾਰੀ ਦੇ ਸੂਹੇ ਰੰਗ ਅਤੇ ਫੁੱਲਦਾਰ ਬੂਟਿਆਂ ਨਾਲ ਮੁਟਿਆਰ ਦਾ ਰੂਪ ਡੁੱਲ ਡੁੱਲ ਪਿਆ ਕਰਦਾ ਸੀ ਅਤੇ ਕਿਸੇ ਲਿਖਣ ਵਾਲੇ ਨੇ ਫੁਲਕਾਰੀ ਅਤੇ ਮੁਟਿਆਰ ਦੇ ਹੁਸਨ ਦੀ ਤੁਲਨਾ ਕਰਕੇ ਦੋਵਾਂ ਨੂੰ ਇੱਕੋ ਜਿਹਾ ਦਰਜਾ ਦੇ ਦਿੱਤਾ ਅਤੇ ਇਹ ਸਤਰਾਂ ਰਚ ਦਿੱਤੀਆਂ
ਰੇਸ਼ਮ ਰੇਸ਼ਮ ਹਰ ਕੋਈ ਕਹਿੰਦਾ,ਰੇਸ਼ਮ ਮੂੰਹੋਂ ਬੋਲਦਾ
ਫੁਲਕਾਰੀ ਦਾ ਰੰਗ ਗੋਰੀਏ, ਇਸ਼ਕ ਹੁਸਨ ਸੰਗ ਬੋਲਦਾ,
ਜਦੋਂ ਕਿਸੇ ਸਜ ਵਿਆਹੀ ਦਾ ਮਾਹੀ ਉਸ ਵਲ ਘੱਟ ਤਵੱਜੋ ਦਿੰਦਾ ਹੈ ਤਾਂ ਉਸਦੀ ਨਾਰ ਆਪਣੇ ਸੱਜਣ ਨੂੰ ਨਿਹੋਰਾ ਮਾਰ ਕੇ ਬੜੇ ਗੁੱਸੇ ਅਤੇ ਪਿਆਰ ਨਾਲ ਸਮਝਾਉਂਦੀ ਹੈ ਅਤੇ ਨਾਲ ਹੀ ਆਪਣੇ ਸੁਹੱਪਣ ਅਤੇ ਉੱਤੇ ਲਈ ਫੁਲਕਾਰੀ ਦਾ ਵਾਸਤਾ ਵੀ ਦਿੰਦੀ ਹੈ । । ਨਾਲ ਹੀ ਉਨਾਂ ਲੋਕਾਂ ਦਾ ਚੇਤਾ ਵੀ ਕਰਵਾਉਂਦੀ ਹੈ ਜੋ ਕਿ ਸਾਰੀ ਉਮਰ ਇੱਕ ਔਰਤ ਦਾ ਸਾਥ ਨਾ ਲੱਭ ਸਕੇ ਅਤੇ ਲੋਕਾਂ ਵੱਲ ਦੇਖ ਕੇ ਝੁਰਦਿਆਂ ਹੀ ਉਮਰ ਬਿਤਾ ਦਿੱਤੀ
ਸੋਹਣੀ ਸੁਨੱਖੀ ਮੁਟਿਆਰ ਤੇਰੀ, ਉੱਤੇ ਸੂਹੀ ਫੁਲਕਾਰੀ
ਕਈ ਰੰਨਾਂ ਨੂੰ ਝੂਰਦੇ ਹੋ ਗਏ ਬੁੱਢੇ, ਤੂੰ ਮੂਰਖਾ ਮਨੋਂ ਵਿਸਾਰੀ।
ਸਾਡੇ ਸਭਿਆਚਾਰ ਵਿੱਚ ਆਮ ਹੀ ਜੇਠ ਨੂੰ ਬੜੀ ਟੇਡੀ ਨਜਰ ਨਾਲ ਦੇਖਿਆ ਜਾਂਦਾ ਹੈ ਜਾਂ ਇੰਝ ਕਹਿ ਲਉ ਕਿ ਜੇਠ ਭਰਜਾਈ ਦਾ ਰਿਸ਼ਤਾ ਕੋਈ ਜਿ਼ਆਦਾ ਹਲੀਮੀ ਵਾਲਾ ਰਿਸ਼ਤਾ ਨਹੀਂ ਗਿਣਿਆ ਗਿਆ । ਇਸ ਰਿਸ਼ਤੇ ਵਿੱਚ ਕਿਸੇ ਪ੍ਰਕਾਰ ਦਾ ਵੀ ਪਿਆਰ ਨਹੀਂ ਨਜ਼ਰ ਆਉਂਦਾ ਪਰ ਇਸ ਦੇ ਉਲਟ ਦਿਉਰ ਭਰਜਾਈ ਦਾ ਰਿਸ਼ਤਾ ਬੜਾ ਨਿੱਘਾ ਅਤੇ ਕਈ ਪ੍ਰਕਾਰ ਦੇ ਹਾਸਿਆਂ ਠੱਠਿਆਂ ਨਾਲ ਭਰਪੂਰ ਰਿਸ਼ਤਾ ਹੈ । ਆਮ ਹੀ ਭਰਜਾਈਆਂ ਆਪਣੇ ਨਿੱਕੇ ਦਿਉਰਾਂ ਨਾਲ ਕਈ ਦੁੱਖ ਸੁੱਖ ਸਾਂਝੇ ਕਰ ਲਿਆ ਕਰਦੀਆਂ ਸਨ ਅਤੇ ਨਿੱਕੇ ਦਿਉਰਾਂ ਤੋਂ ਤੇਹ ਮੋਹ ਨਾਲ ਘਰ ਦੇ ਵੀ ਕਈ ਕੰਮ ਕਰਵਾ ਲੈਂਦੀਆਂ ਸਨ । ਕਹਿੰਦੇ ਹਨ ਕਿ ਰਾਂਝਾ ਆਪਣੀਆਂ ਭਰਜਾਈਆਂ ਦਾ ਲਾਡਲਾ ਦਿਉਰ ਸੀ ਅਤੇ ਉਨਾਂ ਦੇ ਸਾਰੇ ਕੰਮ ਭੱਜ ਭੱਜ ਕੇ ਕਰਿਆ ਕਰਦਾ ਸੀ
ਮੇਰੀ ਕੌਣ ਚੁੱਕੇ ਫੁਲਕਾਰੀ, ਛੋਟੇ ਦਿਉਰ ਬਿਨਾਂ…।
ਜਦੋਂ ਕਿਸੇ ਮੁਟਿਆਰ ਦਾ ਮਾਹੀ ਉਸਦੇ ਪਿਆਰ ਦੀ ਕਦਰ ਨਹੀਂ ਕਰਦਾ। ਆਪਣੀ ਸਜ ਵਿਆਹੀ ਵਲ ਕਦੇ ਪਿਆਰ ਭਰੀ ਨਜ਼ਰ ਨਾਲ ਤੱਕਦਾ ਨਹੀਂ ਹੈ ਤਾਂ ਉਸ ਵਿਚਾਰੀ ਨੂੰ ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਉਸਦੇ ਮਾਪਿਆਂ ਨੇ ਆਪਣੀ ਲਾਡਾਂ ਨਾਲ ਪਾਲ਼ੀ ਧੀ ਨੂੰ ਕਿਸੇ ਉਪਰੇ ਦੇ ਲੜ ਲਾ ਕੇ ਤੋਰ ਦਿੱਤਾ । ਇੱਥੇ ਜਿ਼ਕਰਯੋਗ ਹੈ ਕਿ ਪਹਿਲੇ ਸਮਿਆਂ ਵਿੱਚ ਜਦੋਂ ਕੁੜੀ ਸਹੁਰਿਆਂ ਨੂੰ ਤੋਰੀ ਜਾਂਦੀ ਸੀ ਤਾਂ ਉਸ ਉੱਪਰ ਫੁਲਕਾਰੀ ਦੇ ਕੇ ਸਹੁਰੀਂ ਤੋਰਿਆ ਜਾਂਦਾ ਸੀ। ਅੱਜ ਕੱਲ ਕਿਤੇ ਕਿਤੇ ਕੁੜੀਆਂ ਵਿਆਹ ਤੋਂ ਦੋ ਦਿਨ ਪਹਿਲਾਂ ਲਾਏ ਜਾਣ ਵਾਲੇ ਵੱਟਣੇ (ਮਾਂਈਏ) ਵਾਲੇ ਦਿਨ ਜਿਸ ਨੂੰ ਤੇਲ ਚੜਾਉਣਾ ਵੀ ਆਖਦੇ ਹਨ, ਫੁਲਕਾਰੀ ਲੈ ਕੇ ਬੈਠਦੀਆਂ ਹਨ
ਉੱਤੇ ਦੇ ਕੇ ਫੁਲਕਾਰੀ, ਤੂੰ ਤੋਰ ਤੀ ਵਿਚਾਰੀ,
ਬਕਦਰੇ ਨਾਲੋਂ ਚੰਗਾ ਸੀ ਜੇ ਮੈਂ ਰਹਿੰਦੀ ਕੁਆਰੀ।
ਫੁਲਕਾਰੀ ਜਿਸ ਦਾ ਭਾਰ ਵੀ ਕਾਫੀ਼ ਹੁੰਦਾ ਹੈ ਅਤੇ ਕੋਈ ਮੁਟਿਆਰ ਆਪਣੀ ਭਾਰੀ ਫੁਲਕਾਰੀ ਦੇ ਭਾਰ ਤੋਂ ਅੱਕ ਜਾਂਦੀ ਹੈ ਤਾਂ ਆਪਣੇ ਮਾਹੀ ਨੂੰ ਵਾਸਤਾ ਪਾਉਂਦੀ ਹੈ ਕਿ ਮੇਰੀ ਬਾਂਹ ਫੁਲਕਾਰੀ ਦੇ ਭਾਰ ਨੂੰ ਝੱਲਣ ਤੋਂ ਆਕੀ ਹੈ
ਉਤਾਰ ਦਿਆਂ ਫੁਲਕਾਰੀ ਮਾਹੀ ਵੇ, ਪਏ ਬਾਂਹ ਨੂੰ ਖੱਲੀ ਢੋਲਾ,
ਫੁਲਕਾਰੀ ਭਾਰੀ ਮਾਹੀ ਵੇ, ਹੁਣ ਮੈਂਥੋਂ ਜਾਏ ਨਾ ਝੱਲੀ ਢੋਲਾ।
ਜਦੋਂ ਕੋਈ ਮੁਟਿਆਰ ਆਪਣੇ ਖੇਤਾਂ ਵਲ ਗੇੜਾ ਮਾਰਨ ਜਾਇਆ ਕਰਦੀ ਸੀ ਤਾਂ ਰੰਗ ਬਰੰਗੀ ਫੁਲਕਾਰੀ ਉੱਪਰ ਲਿਆ ਕਰਦੀ ਸੀ ਜਿਸ ਉੱਪਰ ਫੁੱਲ ਬੂਟੇ ਅਤੇ ਕਈ ਤਰਾਂ ਪਸ਼ੂ ਪੰਛੀਆਂ ਦੀ ਕਢਾਈ ਕੀਤੀ ਹੁੰਦੀ ਸੀ ਤੇ ਇੱਕ ਮੁਟਿਆਰ ਆਪਣੀ ਤਿੱਤਰਾਂ ਵਾਲੀ ਫੁਲਕਾਰੀ ਦਾ ਜਿ਼ਕਰ ਇਸ ਤਰਾਂ ਕਰਦੀ ਹੈ
ਅੱਗੇ ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸਿ਼ਕਾਰੀ,
ਹਵਾ ਵਿੱਚ ਉੱਡਦੀ ਫਿਰੇ, ਮੇਰੀ ਤਿੱਤਰਾਂ ਵਾਲੀ ਫੁਲਕਾਰੀ।
ਬਾਗ
ਫੁਲਕਾਰੀ ਵਾਂਗ ਬਾਗ ਵੀ ਪੰਜਾਬੀ ਵਿਰਸੇ ਦੀ ਇੱਕ ਬੜੀ ਅਨਮੋਲ ਚੀਜ਼ ਹੋਇਆ ਕਰਦਾ ਸੀ । ਅੱਜ ਇਸ ਦਾ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੈ । ਜਿਆਦਾਤਰ ਲੋਕ ਇੱਥੇ ਬਾਗ ਨੂੰ ਫੁੱਲਾਂ ਦਾ ਬਾਗ ਹੀ ਸਮਝਣਗੇ । ਪਰ ਬਾਗ ਵੀ ਫੁਲਕਾਰੀ ਵਰਗਾ ਹੀ ਸਿਰ ਤੇ ਲਿਆ ਜਾਣ ਵਾਲਾ ਇੱਕ ਕੱਪੜਾ ਹੁੰਦਾ ਸੀ । ਜੋ ਕਿ ਫੁਲਕਾਰੀ ਨਾਲ ਬਹੁਤ ਜਿਆਦਾ ਮੇਲ ਖਾਂਦਾ ਸੀ । ਫਰਕ ਸਿਰਫ਼ ਇੰਨਾ ਹੁੰਦਾ ਹੈ ਕਿ ਫੁਲਕਾਰੀ ਦੀ ਕਢਾਈ ਕੁਝ ਹੱਦ ਤੱਕ ਵਿਰਲੀ ਹੁੰਦੀ ਹੈ ਅਤੇ ਬਾਗ ਦੀ ਕਢਾਈ ਸੰਘਣੀ ਹੁੰਦੀ ਹੈ । ਸ਼ਾਇਦ ਇਸੇ ਕਰਕੇ ਹੀ ਇਸ ਨੂੰ ਬਾਗ ਕਹਿੰਦੇ ਹਨ । ਕਿਉਂਕਿ ਫੁਲਕਾਰੀ ਦਾ ਨਾਂ ਜਿਸ ਤਰਾਂ ਫੁੱਲਾਂ ਦੀ ਕਿਆਰੀ ਤੋਂ ਫੁਲਕਾਰੀ ਬਣ ਗਿਆ ਇਸੇ ਤਰਾਂ ਹੀ ਬਾਗ ਦਾ ਨਾਂ ਵੀ ਇਸ ਦੀ ਸੰਘਣੀ ਕਢਾਈ ਕਰਕੇ ਬਾਗ ਪੈ ਗਿਆ । ਬਾਗ ਦੀ ਕਢਾਈ ਜਿੱਥੇ ਸੰਘਣੀ ਹੁੰਦੀ ਹੈ ਉੱਥੇ ਇਸ ਦਾ ਇੱਕ ਹੋਰ ਮੁੱਖ ਪਹਿਲੂ ਇਹ ਹੈ ਕਿ ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਸੀ । ਜੋ ਕਿ ਬੜੀ ਕਠਿਨ ਹੁੰਦੀ ਸੀ। ਇੱਕ ਬਾਗ ਨੂੰ ਕਈ ਵਾਰ ਅੱਠ ਦਸ ਮਹੀਨੇ ਜਾਂ ਸਾਲ ਦਾ ਸਮਾਂ ਵੀ ਲੱਗ ਜਾਂਦਾ ਸੀ। ਬਾਗ ਦੀ ਵਰਤੋਂ ਜਿਆਦਾਤਰ ਸ਼ਗਨਾ ਵਾਲੇ ਦਿਨ ਕੀਤੀ ਜਾਂਦੀ ਸੀ । ਸੁਆਣੀਆਂ ਇਸ ਨੂੰ ਬੜੀ ਸਿ਼ੱਦਤ ਨਾਲ ਆਪਣੇ ਤੇ ੳੜਿਆ ਕਰਦੀਆਂ ਸਨ । ਇਸ ਨੂੰ ਕੁੜੀਆਂ ਆਪਣੇ ਦਾਜ ਵਿੱਚ ਵੀ ਇੱਕ ਰਸਮ ਦੇ ਤੌਰ ਤੇ ਸਹੁਰੇ ਘਰ ਲੈ ਕੇ ਜਾਇਆ ਕਰਦੀਆਂ ਸਨ ।ਬਾਗ ਦੀਆਂ ਕਈ ਕਿਸਮਾਂ ਹੋਇਆ ਕਰਦੀਆਂ ਸਨ ਅਤੇ ਲੋੜ ਮੁਤਾਬਿਕ ਇਨਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ । ਬਾਗ ਦੇ ਰੰਗਾਂ ਬਾਰੇ ਵੀ ਕਿਹਾ ਜਾਂਦਾ ਸੀ ਕਿ ਪੀਲੇ ਰੰਗ ਨੂੰ ਬਹੁਤ ਘੱਟ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ ਕਿਉਂਕਿ ਇਹ ਰੰਗ ਬਹੁਤ ਛੇਤੀ ਫਿਟ ਜਾਂਦਾ ਜਾਂ ਧੋਣ ਸਮੇਂ ਹਰ ਵਾਰੀ ਲੱਥਦਾ ਰਹਿੰਦਾ ਸੀ ਤੇ ਕਿਹਾ ਜਾਂਦਾ ਸੀ ।
ਪੱਟ ਖੱਟਾ ਧੋਵੇਂਗੀ ਤਾਂ ਰੋਵੇਂਗੀ
ਬਾਗ ਦੀ ਕਢਾਈ ਲਾਲ ਕੱਪੜੇ ‘ਤੇ ਰੰਗ ਬਰੰਗੇ ਕਢਾਈ ਵਾਲੇ ਧਾਗਿਆਂ ਨਾਲ ਢੱਕ ਕੇ ਬੜੇ ਸਲੀਕੇ ਨਾਲ ਕਢਾਈ ਕੀਤੀ ਜਾਂਦੀ ਸੀ । ਜੋ ਬੜੀ ਉੱਭਰਕੇ ਦੇਖਣ ਵਾਲੇ ਦਾ ਧਿਆਨ ਆਪਣੇ ਵੱਲ ਖਿਚਦੀ ਸੀ । ਪਹਿਲੇ ਸਮਿਆਂ ਵਿੱਚ ਔਰਤਾਂ ਬਾਹਰ ਨਿਕਲਦੇ ਸਮੇਂ ਬਾਗ ਦਾ ਘੁੰਢ ਕੱਢ ਕੇ ਬਾਹਰ ਨਿਕਲਿਆ ਕਰਦੀਆਂ ਸਨ ਇਸ ਨੂੰ ਬਾਡਰ ਵਾਲਾ ਜਾਂ ਫੋਰ ਸਾਈਡਡ ਬਾਗ ਵੀ ਕਹਿੰਦੇ ਸਨ ਅਤੇ ਇਹ ਸਾਹਮਣੇ ਤੋਂ ਕਵਰ ਹੁੰਦਾ ਹੈ।
ਇਸ ਤੋਂ ਇਲਾਵਾ ਇੱਕ ਹੋਰ ਕਿਸਮ ਦੇ ਬਾਗ ਵਿੱਚ ਦੋ ਤੋਂ ਪੰਦਰਾਂ ਤੱਕ ਦੇ ਜੁਮੈਟਰੀਕਲ ਡਿਜ਼ਾਈਨ ਹੁੰਦੇ ਹਨ ਜੋ ਵੱਖਰੇ ਵੱਖਰੇ ਤਰੀਕੇ ਨਾਲ ਕੱਪੜੇ ਦੀ ਤਹਿ ਨੂੰ ਢਕ ਲੈਂਦੇ ਹਨ ।
ਅੱਜਕਲ੍ਹ ਬਾਗ ਦਹੇਜ ਵਿੱਚ ਦਿੱਤੀਆਂ ਜਾਣ ਵਾਲੀਆਂ ਗੱਡੀਆਂ ਦੀ ਸ਼ੋਭਾ ਵਧਾਉਂਦਾ ਹੈ ਜਾਂ ਫਿਰ ਬਾਗ ਸੋ਼ਅ ਰੂਮਾਂ ਦੀ ਸਜਾਵਟ ਨੂੰ ਵੀ ਵਧਾਉਂਦਾ ਹੈ।
ਅੱਜ ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਹਨ ਜਿਸ ਬਾਰੇ ਕਿਸੇ ਤਰਾਂ ਭਰਮ ਭੁਲੇਖਾ ਨਹੀਂ ਹੈ । ਅਸੀਂ ਆਪਣੇ ਵਿਰਸੇ ਅਤੇ ਸਭਿਆਚਾਰ ਤੋਂ ਹੌਲੀ ਹੌਲੀ ਦੂਰ ਹੋਈ ਜਾ ਰਹੇ ਹਾਂ ਜਿਸ ਦਾ ਜਿੰ਼ਮਾ ਸਾਡੇ ਸਿਰ ਪਹਿਲਾਂ ਆਉਂਦਾ ਅਤੇ ਬਾਅਦ ਵਿੱਚ ਬਦਲਦੇ ਸਮੇਂ ਦਾ ਵੀ ਹੱਥ ਹੈ । ਪਰ ਅਸੀਂ ਸ਼ਾਇਦ ਜਿ਼ਆਦਾ ਹੀ ਅਵੇਸਲੇ ਹਾਂ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਕਿਸੇ ਤਰਾਂ ਵੀ ਜਿ਼ਮੇਵਾਰੀ ਨਹੀਂ ਦਿਖਾਉਂਦੇ ਅਤੇ ਗੁਰਦਾਸ ਮਾਨ ਦੇ ਇਹ ਬੋਲ ਸੱਚ ਜਾਪਦੇ ਹਨ ।
ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਵਿੱਚ ਕੋਕਲੂ ਤੇ ਵਾਲੀਆਂ ਵੀ ਗਈਆਂ
ਹੁਣ ਚੱਲ ਪਏ ਵਲੈਤੀ ਬਾਣੇ, ਕੀ ਬਣੂ ਦੁਨੀਆਂ ਦਾ
ਸੱਚੇ ਪਾਤਸ਼ਾਹਿ ਵਾਹਿਗੁਰੂ ਜਾਣੇ।
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
Tel 0039 320 217 6490
Email chahal_italy@yahoo.com
bindachahal@gmail.com