ਹਾਂਗਕਾਂਗ 19 ਦਸੰਬਰ ( ਪੰਜਾਬੀ ਚੇਤਨਾ ) ਬੀਤੇ ਐਤਵਾਰ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ ਹੈਪੀ ਵੈਲੀ ਗਰਾਉਂਡ ਚ 14ਵਾਂ ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਹਾਂਗਕਾਂਗ ਦੀਆਂ ਚੋਟੀ ਦੀਆਂ ਟੀਮਾਂ (ਮਰਦਾਂ ਤੇ ਔਰਤਾਂ) ਨੇ ਭਾਗ ਲਿਆ, ਤਕਰੀਬਨ 10 ਵਜੇ ਟੂਰਨਾਮੈਂਟ ਦਾ ਆਗਾਜ਼ ਹੋਇਆ, ਪਹਿਲੀ ਟਰਮ ਚ ਮੈਚ ਔਰਤਾਂ ਦੇ ਕਰਵਾਏ ਗਏ, ਸਾਰੇ ਮੁਕਾਬਲੇ ਬੜੇ ਰੌਚਿਕ ਹੋਏ, ਇਹਨਾਂ ਮੁਕਾਬਲਿਆਂ ਚ ਬਾਜੀ ਮਾਰੀ ਐਟਲਰਜ ਹਾਕੀ (Antlers ) ਕਲੱਬ ਨੇ, ਦੂਸਰਾ ਨੰਬਰ ਫੀਨਿਕਸ ਹਾਕੀ ਕਲੱਬ (Phoenix) ਨੇ ਚੁੱਕਿਆ, ਬੈਸਟ ਡਿਫੈਂਡਰ ਦਾ ਖਿਤਾਬ ਮਿਸ ਦਾਓ ( Ching Hou Yee)( Dau ) ਦੇ ਹਿੱਸੇ ਆਇਆ, ਪਲੇਅਰ ਆਫ਼ ਦਾ ਟੂਰਨਾਮੈਂਟ ਹੋਡੀ ( Chung Lok Yin )( Hody ) ਨੇ ਜਿੱਤਿਆ। ਖਿਡਾਰੀਆਂ ਦੀ ਦਿਲਚਸਪੀ ਵਧਾਉਣ ਲਈ ਔਰਤਾਂ ਲਈ ਲੱਕੀ ਡਰਾਅ ਕੱਢੇ ਗਏ।
ਬਾਅਦ ਦੁਪਿਹਰ ਮਰਦਾਂ ਦੀਆਂ ਹਾਕੀ ਕਲੱਬਾਂ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ, ਇਸ ਮੁਕਾਬਲੇ ਚ 7 ਟੀਮਾਂ ਨੇ ਭਾਗ ਲਿਆ, ਹਰ ਮੈਚ ਨੇ ਦਰਸ਼ਕਾਂ ਨੂੰ ਐਨਾ ਕੁ ਖਿੱਚਿਆ, ਕਿ ਦਰਸ਼ਕਾਂ ਨੇ ਆਪਣੇ ਪੈਰਾਂ ਦੀ ਮਿੱਟੀ ਨਾ ਛੱਡੀ, ਸਾਰੇ ਮੈਚ ਬੜੇ ਵਧੀਆ ਤੇ ਮੁਕਾਬਲੇ ਚ ਫਸਦੇ ਰਹੇ, ਅਖੀਰ ਖਾਲਸਾ ਸਪੋਰਟਸ ਕਲੱਬ ਤੇ ਸਿੰਘ ਸਭਾ ਕਲੱਬ ਚ ਫਾਈਨਲ ਚ ਪਹੁੰਚੇ, ਥੋੜੀ ਬ੍ਰੇਕ ਦਿੱਤੀ ਤੇ ਲੱਕੀ ਡਰਾਅ ਕੱਢੇ ਗਏ, ਜੋ ਬੜੇ ਹੀ ਰੁਮਾਂਚਿਕ ਰਹੇ। ਅਖੀਰ ਉਹ ਵਕਤ ਆ ਗਿਆ ਜਿਸ ਦੀ ਦਰਸ਼ਕ ਲੰਗਰ ਪਾਣੀ ਛੱਕ ਕੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਮੈਚ ਸ਼ੁਰੂ ਹੋਇਆ ਤੇ ਦਰਸ਼ਕ ਤੇ ਸਮਰਥਕ ਪੂਰੇ ਜੋਸ਼ ਚ ਹੱਲਾਸ਼ੇਰੀ ਦੇ ਰਹੇ ਸਨ। ਇਸ ਫਸਵੇਂ ਮੁਕਾਬਲੇ ਚ ਸਿੰਘ ਸਭਾ ਕਲੱਬ ਨੂੰ ਮੌਕਾ ਮਿਲਿਆ ਜੋ ਸਿੰਘ ਸਭਾ ਨੇ ਇਸ ਮੌਕੇ ਨੂੰ ਮਿਸ ਨਹੀਂ ਹੋਣ ਦਿੱਤਾ ਤੇ ਗੋਲ ਚ ਬਦਲ ਦਿੱਤਾ, ਖਾਲਸਾ ਨੇ ਪੂਰੀ ਕੋਸ਼ਿਸ਼ ਕੀਤੀ ਗੋਲ ਬਰਾਬਰ ਕਰਨ ਦੀ, ਪਰ ਹਰ ਕੋਸ਼ਿਸ ਨਾਕਾਮ ਹੁੰਦੀ ਰਹੀ, ਅਖੀਰ ਸਿੰਘ ਸਭਾ ਨੇ ਦੂਸਰੀ ਵਾਰ ਇਸ ਕਾਮਾਗਾਟਾ ਮਾਰੂ ਕੱਪ ਤੇ ਕਬਜ਼ਾ ਕਰ ਲਿਆ। ਖਾਲਸਾ ਨੂੰ ਦੂਸਰੇ ਨੰਬਰ ਤੇ ਸਬਰ ਕਰਨਾ ਲਿਆ। ਬੈਸਟ ਡਿਫੈਂਡਰ ਦਾ ਖਿਤਾਬ ਖਾਲਸਾ ਕਲੱਬ ਦੇ ਗੋਲਕੀਪਰ ਨਵਦੀਪ ਸਿੰਘ ਹਿੱਸੇ ਆਇਆ , ਤੇ ਪਲੇਅਰ ਆਫ਼ ਦਾ ਟੂਰਨਾਮੈਂਟ ਸਿੰਘ ਸਭਾ ਕਲੱਬ ਦੇ ਲਵਜੀਤ ਸਿੰਘ ਨੂੰ ਮਿਲਿਆ। ਚਾਹ ਪਕੌੜੇ ਦਾ ਗੈਰ ਪੰਜਾਬੀ ਖਿਡਾਰੀਆਂ ਤੇ ਦਰਸ਼ਕਾਂ ਖੂਬ ਅਨੰਦ ਮਾਣਿਆ।
ਹਰ ਸਾਲ ਦੀ ਤਰਾਂ ਮੁੱਖ ਮਹਿਮਾਨ ਹਾਂਗਕਾਂਗ ਦੇ ਕੌਂਸਲ ਜਨਰਲ ਸ੍ਰੀਮਤੀ ਸਤਵੰਤ ਖਨਾਲੀਆ, ਕੌਂਸਲ ਸ੍ਰੀ ਵੈਂਕਟਾ ਰਮਾਨਾ ਜੀ ਤੇ ਰਾਣੋ ਵਾਸਣ ਜੀ ਸਨ। ਟੂਰਨਾਮੈਂਟ ਦੇ ਡਾਇਰੈਕਟਰ ਦੀ ਭੂਮਿਕਾ ਸ. ਬਿੱਲੀ ਢਿੱਲਣ ਪ੍ਰਧਾਨ ਹਾਕੀ ਹਾਂਗਕਾਂਗ ਨੇ ਨਿਭਾਈ। ਇਨਾਮਾਂ ਦੀ ਵੰਡ ਤੇ ਸਪਾਂਸਰਜ ਨੂੰ ਸਨਮਾਨ ਚਿੰਨ੍ਹ ਸ੍ਰੀਮਤੀ ਸਤਵੰਤ ਖਨਾਲੀਆਂ, ਕੌਂਸਲ ਵੈਂਕਟਾ ਰਮਾਨਾ, ਰਾਣੋ ਵਾਸਣ ਤੇ ਕਲੱਬ ਦੇ ਵਾਈਸ ਪ੍ਰਧਾਨ ਪਰਮਿੰਦਰ ਗਰੇਵਾਲ ਨੇ ਕੀਤੀ ਤੇ ਉਥੇ ਕਲੱਬ ਦੇ ਪ੍ਰਧਾਨ ਸ. ਗੁਰਦੇਵ ਸਿੰਘ ਗਾਲਿਬ ਦੀ ਗੈਰਹਾਜ਼ਰੀ ਰੜਕਦੀ ਰਹੀ। ਇਸ ਟੂਰਨਾਮੈਂਟ ਦੀ ਕਾਮਯਾਬੀ ਚ ਅਹਿਮ ਭੂਮਿਕਾ ਕਲੱਬ ਦੇ ਸਾਰੇ ਮੈਂਬਰਾਂ ਦੀ ਸਖਤ ਮਿਹਨਤ ਤੇ ਸਪਾਂਸਰਜ਼ ਦੇ ਸਹਿਯੋਗ ਦੀ ਰਹੀ। ਪੰਜਾਬ ਯੂਥ ਕਲੱਬ ਨੇ ਟੂਰਨਾਮੈਂਟ ਤੇ ਆਏ ਦਰਸ਼ਕਾਂ, ਖਿਡਾਰੀਆਂ ਸਪਾਂਸਰਜ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਆਪਣੀ 25ਵੀਂ ਵਰੇਗੰਢ ਤੇ ਇਸ ਟੂਰਨਾਮੈਂਟ ਨੂੰ ਇੰਟਰ ਨੈਸ਼ਨਲ ਬਣਾਉਣ ਦਾ ਐਲਾਨ ਕੀਤਾ। ਸਟੇਜ ਦੀ ਭੂਮਿਕਾ ਕਲੱਬ ਦੇ ਸਕੱਤਰ ਨਵਤੇਜ ਅਟਵਾਲ ਤੇ ਮਾਸਟਰ ਜਗਤਾਰ ਢੁੱਡੀਕੇ ਨੇ ਨਿਭਾਈ। ਇਸ ਵਾਰ ਕਾਮਾਗਾਟਾ ਮਾਰੂ ਟੂਰਨਾਮੈਂਟ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਦਰਸ਼ਕਾਂ ਖਿਡਾਰੀਆਂ ਦੇ ਮਨਾ ਚ ਅਗਲੇ ਸਾਲ ਦੇ ਟੂਰਨਾਮੈਂਟ ਲਈ ਉਡੀਕ ਬਣਾ ਗਿਆ।