ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਵੀਰਪਾਲ ਕੌਰ ਅਤੇ ਰਿੱਪੀ ਢਿੱਲੋਂ ਸ਼ੇਰਗਿੱਲ ਵਲੋਂ ਦੂਸਰੀ ਵਾਰ ਕਰਵਾਏ ਗਏ ਤੀਆਂ ਦੇ ਮੇੇਲੇ ਵਿਚ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰੂਬੀਨਾ ਬਾਜਵਾ ਵਲੋਂ ਬਤੌਰ ਮੁਖ ਮਹਿਮਾਨ ਸ਼ਾਮਿਲ ਹੋ ਕੇ ਮੇਲੇ ਦੀ ਰੌਣਕ ਨੂੰ ਚੌਗੁਣਾ ਵਧਾ ਦਿੱਤਾ ਗਿਆ | ਇਸ ਮੌਕੇ ਮਿਸ ਪੰਜਾਬਣ ਹਾਂਗਕਾਂਗ ਦੇ ਕਰਵਾਏ ਗਏ ਮੁਕਾਬਲੇ ਵਿਚ ਅਮਨਦੀਪ ਕੌਰ ਵਲੋਂ ਪਹਿਲਾ ਸਥਾਨ ਹਾਸਲ ਕੀਤਾ ਗਿਆ | ਇਸ ਮੁਕਾਬਲੇ ਲਈ ਨੀਨਾ ਪੁਸ਼ਕਰਨਾਂ, ਰਾਨੂੰ ਵਸਨ ਅਤੇ ਸੁਰਚਨਾ ਕੌਰ ਵਲੋਂ ਬਤੌਰ ਜੱਜ ਭੂਮਿਕਾ ਨਿਭਾਈ ਗਈ | ਇਸ ਮੇਲੇ ਵਿਚ ਹਾਂਗਕਾਂਗ ਵਸਦੀਆਂ ਪੰਜਾਬਣਾਂ ਵਲੋਂ ਰਵਾਇਤੀ ਪੰਜਾਬੀ ਸੂਟ ਪਾ ਕੇ ਸ਼ਮੂਲੀਅਤ ਕਰਨ ਦੇ ਨਾਲ ਪੰਜਾਬੀ ਲੋਕ ਨਾਚ ਗਿੱਧੇ ਅਤੇ ਬੋਲੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਮੇਲੇ ਵਿਚ ਵਿਰਾਸਤ ਦੀ ਪੇਸ਼ਕਾਰੀ ਦੇ ਨਾਲ-ਨਾਲ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਜਾਗਰੂਕਤਾ ਪੈਦਾ ਕਰਦੀਆਂ ਕਲਾ-ਕਿਰਤਾਂ ਵੀ ਪੇਸ਼ ਕੀਤੀਆਂ ਗਈਆਂ |ਸਟੇਜ ਦੀ ਜ਼ਿੰਮੇਵਾਰੀ ਵਰਪ੍ਰੀਤ ਕੌਰ ਵਲੋਂ ਬਾਖੂਬੀ ਨਿਭਾਈ ਗਈ l