ਬੈਂਗਲੁਰੂ (ਏਜੰਸੀ) : ਕਰਨਾਟਕ ’ਚ ਸੱਤਾਧਾਰੀ ਭਾਜਪਾ ਨੇ ਸਿਲੇਬਸ ’ਚੋਂ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਾਠ ਹਟਾਉਣ ਸਬੰਧੀ ਯੂ-ਟਰਨ ਲੈ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਇਸ ਮੁੱਦੇ ’ਤੇ ਵਿਵਾਦ ਵਧਣ ਤੋਂ ਬਾਅਦ ਇਸ ਪਾਠ ਨੂੰ ਕਿਤਾਬ ’ਚ ਮੁੜ ਸ਼ਾਮਲ ਕਰਨਾ ਹੀ ਉਚਿਤ ਸਮਝਿਆ ਹੈ। ਫਿਲਹਾਲ ਸੂਬਾ ਸਰਕਾਰ ਨੇ ਐੱਸਐੱਸਐੱਲਸੀ ਕਲਾਸ ਦੇ ਵਿਦਿਆਰਥੀਆਂ ਲਈ ਇਸ ਕਿਤਾਬ ਦੀ ਵੰਡ ’ਤੇ ਹੀ ਰੋਕ ਲਗਾ ਦਿੱਤੀ ਹੈ।
ਕਰਨਾਟਕ ’ਚ ਸੱਤਾਧਾਰੀ ਭਾਜਪਾ ਵੱਲੋਂ ਗਠਿਤ ਪਾਠਕ੍ਰਮ ਸਮੀਖਿਆ ਕਮੇਟੀ ਨੇ ਕੰਨੜ ਦੀ ਦਸਵੀਂ ਕਲਾਸ ਦੀ ਕਿਤਾਬ ’ਚ ਭਗਤ ਸਿੰਘ ਬਾਰੇ ਪਾਠ ਹਟਾਉਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਦੀ ਜਗ੍ਹਾ ‘ਸਵਦੇਸ਼ੀ ਸੂਤਰਦਾ ਸਰਲਾ ਹੱਬਾ’ ਦੇ ਲੇਖਕ ਸ਼ਿਵਾਨੰਦ ਕਾਲਵੇ ਦਾ ਪਾਠ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ। ਸੂਬਾ ਸਰਕਾਰ ਦੇ ਇਸ ਫ਼ੈਸਲੇ ਦੀ ਚੁਫੇਰਿਓਂ ਨਿੰਦਾ ਹੋਈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸਰਕਾਰ ਪਾਠ-ਪੁਸਤਕਾਂ ਨੂੰ ਭਾਜਪਾ ਦਾ ਪਰਚਾ ਬਣਾ ਰਹੀ ਹੈ ਪਰ ਇਸ ਦੇ ਲਈ ਉਹ ਆਜ਼ਾਦੀ ਘੁਲਾਟੀਏ ਦਾ ਅਪਮਾਨ ਕਰ ਰਹੀ ਹੈ। ਇਸ ਮੁੱਦੇ ’ਤੇ ਕਾਂਗਰਸੀ ਆਗੂ ਸਿੱਧਰਮੱਈਆ, ਸੂਬਾ ਪ੍ਰਧਾਨ ਡੀਕੇ ਸ਼ਿਵ ਕੁਮਾਰ ਤੇ ਸਾਬਕਾ ਸੀਐੱਮ ਐੱਚਡੀ ਕੁਮਾਰਸਵਾਮੀ ਨੇ ਭਾਜਪਾ ’ਤੇ ਹਮਲਾ ਬੋਲਿਆ। ਇਸ ਤੋਂ ਬਾਅਦ ਕਰਨਾਟਕ ਸਰਕਾਰ ਨੇ ਡੈਮੇਜ ਕੰਟਰੋਲ ਤਹਿਤ ਆਪਣਾ ਇਹ ਫ਼ੈਸਲਾ ਵਾਪਸ ਲੈਣ ਦਾ ਮਨ ਬਣਾਇਆ ਹੈ।