23 ਜੁਲਾਈ 1914 ਵਾਲੇ ਦਿਨ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ ਦੇ ਬਾਹਰ ਰੋਕੀ ਰੱਖਣ ਬਾਅਦ ਕਨੇਡਾ ਦੀ ਨਸਲਵਾਦੀ ਸਰਕਾਰ ਨੇ ਆਪਣੀ ਤਾਕਤ ਦੀ ਵਰਤੋਂ ਨਾਲ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਮੋੜ ਦਿੱਤਾ ਸੀ। ਉਸ ਨੂੰ ਯਾਦ ਕਰਦਿਆਂ ਮੈਂ ਇਹ ਕਵਿਤਾ 1974 ਵਿੱਚ ਵੈਨਕੂਵਰ ਦੀ ਸਟੇਨਲੀ ਪਾਰਕ ਵਿੱਚ ਸਮੁੰਦਰ ਦੇ ਕੰਢੇ ਬੈਠਿਆਂ ਲਿਖੀ ਸੀ।
ਸੀਨਾ ਪਾਟਣ ਦੀ ਗੱਲ
ਸਮੁੰਦਰ ਦਾ ਉਹੀ ਕਿਨਾਰਾ
ਜਿਥੇ ਕਦੀ ਪਹੁੰਚਿਆ ਸੀ ਕਾਮਾ-ਗਾਟਾ ਮਾਰੂ
ਤੇ ਮਾਸ ਖੋਰੀਆਂ ਤੋਪਾਂ ਦੇ ਅੱਗੇ ਲੱਗ
ਭੁੱਖੇ ਹਾਥੀ ਦੀ ਤਰ੍ਹਾਂ ਚਿੰਘਾੜ੍ਹਦਾ
ਵਾਪਸ ਮੁੜ ਗਿਆ ਸੀ
ਬਿਨ੍ਹਾਂ ਰੇਤ ਦਾ ਚੁੰਮਣ ਲਏ
ਵਿਖਰੇ ਪੱਥਰਾਂ
ਟੁੱਟੀਆਂ ਲਕੜਾਂ ਵਿਚਾਲੇ
ਰੇਤ ’ਤੇ ਬੈਠਾ
ਮੈਂ ਸੋਚਦਾ ਹਾਂ
ਕਿਵੇਂ ਇਹ ਦੇਖਦੇ ਰਹੇ, ਸੁਣਦੇ ਰਹੇ
ਸਾਡੇ ਬਜ਼ੁਰਗਾਂ ਦੀਆਂ ਆਵਾਜ਼ਾਂ
ਬਿਨ੍ਹਾਂ ਕੋਈ ਦਿੱਤੇ ਹੁੰਗਾਰਾ
ਮੈਂ ਛੱਲਾਂ ’ਚੋਂ ਸੰਗੀਤ ਭਾਲਦਾ ਹਾਂ
ਪਰ ਮੇਰੇ ਕੰਨਾਂ ਨਾਲ ਵੱਜਦੀਆਂ ਹਨ
ਮਾਰੂ ’ਚੋਂ ਆ ਰਹੀਆਂ ਪੰਜਾਬੀ ਆਵਾਜ਼ਾਂ
ਮੈਂ ਤੁਰੇ ਫਿਰਦੇ ਪੱਥਰਾਂ ਤੋਂ ਪੁੱਛਦਾ ਹਾਂ
ਸੀਨਾ ਪਾਟਣ ਦੀ ਗੱਲ
ਉਹ ਹੱਸਦੇ ਹਨ
ਤੇ ਮੂੰਹ ਘੁਮਾ ਕੇ ਅੱਗੇ ਲੰਘ ਜਾਂਦੇ ਹਨ
…. Sadhu Binning