ਖ਼ੁਸ਼ੀਆਂ ਬਖ਼ਸ਼ਣ ਵਾਲਾ ਸ਼ਾਲੀਮਾਰ ਬਾਗ਼-ਮੁਗ਼ਲ ਵਿਰਾਸਤ

0
350

ਹਰ ਧਰਮ ਦੇ ਬਾਨੀ ਨੇ ਸਵਰਗ-ਨਰਕ ਦੀ ਕਲਪਨਾ ਆਪਣੇ ਆਲ਼ੇ-ਦੁਆਲ਼ੇ, ਆਪਣੀਆਂ ਲੋੜਾਂ ਅਤੇ ਇੱਛਾਵਾਂ ਮੁਤਾਬਿਕ ਹੀ ਕੀਤੀ ਹੈ। ਇਸੇ ਲਈ ਵੱਖ-ਵੱਖ ਧਰਮਾਂ ਦੇ ਕਲਪਿਤ ਸਵਰਗ/ਨਰਕ ਵਿਚ ਮਿਲਣ ਵਾਲੀਆਂ ਨਿਆਮਤਾਂ/ਯਾਤਨਾਵਾਂ ਵੱਖ-ਵੱਖ ਹਨ। ਜੋ ਕੁਝ ਉਨ੍ਹਾਂ ਨੂੰ ਪ੍ਰਾਪਤ ਸੀ ਉਹ ਉਨ੍ਹਾਂ ਲਈ ਆਮ ਸਥਿਤੀ ਸੀ। ਇਸ ਨਾਲੋਂ ਬਿਹਤਰ ਦੀ ਕਲਪਨਾ ਉਨ੍ਹਾਂ ਦਾ ਸਵਰਗ ਸੀ ਅਤੇ ਇਸ ਨਾਲੋਂ ਮਾੜਾ ਨਰਕ ਸੀ।
ਇਸਲਾਮ ਧਰਮ ਦਾ ਜਨਮ ਸਾਊਦੀ ਅਰਬ ਦੇ ਰੇਗਿਸਤਾਨ ਵਿਚ ਹੋਇਆ ਜਿੱਥੇ ਹਰਿਆਵਲ ਅਤੇ ਪਾਣੀ ਦੀ ਬਹੁਤ ਥੁੜ ਸੀ। ਇਸੇ ਲਈ ਇਸ ਧਰਮ ਦੇ ਪੈਰੋਕਾਰਾਂ ਲਈ ਉਨ੍ਹਾਂ ਦੇ ਧਰਮ-ਗ੍ਰੰਥ ਕੁਰਾਨ ਸ਼ਰੀਫ਼ ਵਿਚ ਬਹਿਸ਼ਤ ਜਾਂ ਜੰਨਤ (ਸਵਰਗ) ਦੀ ਕਲਪਨਾ ਨਿਆਮਤਾਂ ਨਾਲ ਭਰਪੂਰ ਹਰੇ-ਭਰੇ ਬਾਗ਼ਾਂ ਦੇ ਰੂਪ ਵਿਚ ਕੀਤੀ ਗਈ ਹੈ ਜਿਨ੍ਹਾਂ ਵਿਚ ਮੌਤ ਮਗਰੋਂ ਸੱਚੇ ਮੁਸਲਮਾਨ ‘ਗ਼ਲੀਚਿਆਂ ਅਤੇ ਵਡਮੁੱਲੇ ਦੁਰਲੱਭ ਵਿਛਾਉਣਿਆਂ ਉੱਤੇ ਤਕੀਏ ਲਾਈ ਆਹਮੋ-ਸਾਹਮਣੇ ਬੈਠੇ ਹੋਣਗੇ। … ਉਹ ਬਿਨਾਂ ਕੰਡਿਆਂ ਦੀਆਂ ਬੇਰੀਆਂ, ਤਹਿ-ਦਰ-ਤਹਿ ਚੜ੍ਹੇ ਹੋਏ ਕੇਲਿਆਂ (ਦੇ ਬੂਟਿਆਂ), ਦੂਰ ਤਕ ਫ਼ੈਲੀਆਂ ਹੋਈਆਂ ਛਾਵਾਂ, ਹਰ ਵੇਲੇ ਵਗਦੇ ਪਾਣੀਆਂ, ਅਮੁੱਕ ਬਹੁਲਤਾ ਤੇ ਬੇਰੋਕ-ਟੋਕ ਮਿਲਣ ਵਾਲੇ ਫਲਾਂ’ ਵਿਚਕਾਰ ਰਹਿਣਗੇ। ਉੱਥੇ ਖਜੂਰਾਂ ਅਤੇ ਅਨਾਰਾਂ ਦੀ ਬਹੁਤਾਤ ਹੋਵੇਗੀ। ਬਹਿਸ਼ਤ ਦਾ ਇਸ ਨਾਲ ਮਿਲਦਾ ਜੁਲਦਾ ਵੇਰਵਾ ਕੁਰਾਨ ਸ਼ਰੀਫ਼ ਵਿਚ ਸੌ ਤੋਂ ਵੱਧ ਥਾਵਾਂ ’ਤੇ ਹੈ। ਬਾਦਸ਼ਾਹਾਂ ਅਤੇ ਅਨੇਕਾਂ ਅਮੀਰ ਲੋਕਾਂ ਨੂੰ ਮਹਿਸੂਸ ਹੁੰਦਾ ਹੋਵੇਗਾ ਕਿ ਉਹ ਕੁਰਾਨ ਸ਼ਰੀਫ਼ ਵਿਚ ਵਰਣਿਤ ਬਹਿਸ਼ਤ ਆਪਣੇ ਲਈ ਧਰਤੀ ’ਤੇ ਵੀ ਸਿਰਜ ਸਕਦੇ ਸਨ, ਅਤੇ ਸਿਰਜ ਲੈਂਦੇ ਵੀ ਸਨ। ਮੁਗ਼ਲ ਬਾਦਸ਼ਾਹਾਂ ਅਤੇ ਹੋਰ ਅਹਿਲਕਾਰਾਂ ਦੇ ਥਾਂ-ਥਾਂ ’ਤੇ ਲੁਆਏ ਦਿਲਕਸ਼ ਬਾਗ਼ ਉਨ੍ਹਾਂ ਲਈ ਜ਼ਮੀਨੀ ਸਵਰਗ ਸਨ। ਲਾਹੌਰ ਦਾ ਸ਼ਾਲੀਮਾਰ ਬਾਗ਼ ਬਾਦਸ਼ਾਹ ਸ਼ਾਹਜਹਾਂ ਲਈ ਧਰਤੀ ’ਤੇ ਉਸਾਰਿਆ ਸਵਰਗ ਹੀ ਸੀ। ਉਹ ਲਾਹੌਰ ਅਕਸਰ ਆਉਂਦਾ ਰਹਿੰਦਾ ਸੀ ਕਿਉਂਕਿ ਮੱਧਕਾਲ ਵਿਚ ਇਸ ਸ਼ਹਿਰ ਦਾ ਰੁਤਬਾ ਰਾਜ ਦੀ ਦੂਜੀ ਰਾਜਧਾਨੀ ਵਰਗਾ ਸੀ। ਇੱਥੇ ਉਹ ਇਸ ਬਾਗ਼ ਵਿਚ ਕਿਆਮ ਕਰਦਾ।
ਸ਼ਾਹਜਹਾਂ ਦਾ ਦਰਬਾਰੀ ਇਤਿਹਾਸਕਾਰ ਅਬਦੁਲ ਹਮੀਦ ਲਾਹੌਰੀ ਲਿਖਦਾ ਹੈ ਕਿ ਸ਼ਾਹਜਹਾਂ ਨੇ ਅਨੇਕਾਂ ਇਮਾਰਤਾਂ ਵਾਲਾ ਇਹ ਬਾਗ਼ ਇਸ ਲਈ ਲੁਆਇਆ ਕਿ ਲਾਹੌਰ ਵਿਖੇ ਠਹਿਰ ਸਮੇਂ ਨਾਲ ਆਏ ਸ਼ਾਹੀ ਪਰਿਵਾਰ ਦੀਆਂ ਬੇਗ਼ਮਾਂ ਲਈ ਖੇਮੇ ਲਾਉਣ ਦੀ ਲੋੜ ਨਾ ਪਵੇ। ਆਪਣੀ ਲਿਖਤ ਵਿਚ ਉਹ ਇਸ ਬਾਗ਼ ਦਾ ਜ਼ਿਕਰ ‘ਫ਼ਰਾਹ ਬਖ਼ਸ਼’ (ਖ਼ੁਸ਼ੀਆਂ ਬਖ਼ਸ਼ਣ ਵਾਲਾ) ਅਤੇ ‘ਫ਼ੈਜ਼ ਬਖ਼ਸ਼’ (ਬਹੁਤ ਜ਼ਿਆਦਾ ਲਾਭ ਬਖ਼ਸ਼ਣ ਵਾਲਾ) ਨਾਂ ਨਾਲ ਕਰਦਾ ਹੈ। ਸ਼ਾਲੀਮਾਰ ਬਾਗ਼ ਦੇ ਨਾਂ ਬਾਰੇ ਕਈ ਕਿਆਸ-ਅਰਾਈਆਂ ਹਨ। ਵੱਖ ਵੱਖ ਲੇਖਕਾਂ ਨੇ ਸ਼ਬਦ ‘ਸ਼ਾਲੀਮਾਰ’ ਦਾ ਮੂਲ ਸੰਸਕ੍ਰਿਤ, ਤੁਰਕੀ ਅਤੇ ਕਸ਼ਮੀਰੀ ਭਾਸ਼ਾਵਾਂ ਵਿਚ ਖੋਜਣ ਦਾ ਯਤਨ ਕੀਤਾ ਹੈ, ਪਰ ਹਾਲੇ ਵੀ ਇਸ ਬਾਰੇ ਨਿਸ਼ਚਿਤ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ।
ਲਾਹੌਰ ਦੇ ਇਸ ਬਾਗ਼ ਤੋਂ ਪਹਿਲਾਂ ਵੀ ਇਸੇ ਨਾਂ ਦਾ ਇੱਕ ਬਾਗ਼ ਜਹਾਂਗੀਰ ਬਾਦਸ਼ਾਹ ਨੇ ਸ੍ਰੀਨਗਰ ਵਿਚ ਡੱਲ ਝੀਲ ਦੇ ਕੰਢੇ ਲੁਆਇਆ ਸੀ ਅਤੇ ਇਸ ਮਗਰੋਂ ਵੀ ਇਸੇ ਨਾਂ ਦਾ ਇੱਕ ਬਾਗ਼ ਸ਼ਾਹਜਹਾਂ ਦੀ ਇੱਕ ਬੇਗ਼ਮ ਨੇ ਦਿੱਲੀ ਵਿਖੇ ਵੀ ਉਸਰਵਾਇਆ। ਲੱਗਦਾ ਹੈ ਕਿ ਸ੍ਰੀਨਗਰ ਵਾਲਾ ਬਾਗ਼ ਇੰਨਾ ਖ਼ੂਬਸੂਰਤ ਸੀ ਕਿ ਇਸ ਦਾ ਨਾਂ ‘ਸ਼ਾਲੀਮਾਰ ਬਾਗ਼’ ਖ਼ੂਬਸੂਰਤੀ ਦਾ ਪ੍ਰਤੀਕ ਬਣ ਗਿਆ ਅਤੇ ਇਹ ਇਸ ਤੋਂ ਬਾਅਦ ਦੇ ਉੱਚਕੋਟੀ ਦੇ ਸ਼ਾਹੀ ਬਾਗ਼ਾਂ ਲਈ ਵਰਤਿਆ ਗਿਆ। ਉੱਨ੍ਹੀਵੀਂ ਸਦੀ ਵਿਚ ਜਦੋਂ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਬਣ ਗਿਆ ਤਾਂ ਉਸ ਨੇ ਇਸ ਦਾ ਨਾਂ ਬਦਲ ਕੇ ‘ਸ਼ਾਹਲਾ ਬਾਗ਼’ ਕਰ ਦਿੱਤਾ। ਉਸ ਦਾ ਮੰਨਣਾ ਸੀ ਕਿ ਇਸ ਦੇ ਆਮ ਬੋਲਚਾਲ ਦੇ ਨਾਂ ‘ਸ਼ਾਲਾਮਾਰ’ ਦਾ ਮਤਲਬ ‘ਰੱਬ ਦਾ ਸਰਾਪ’ ਹੁੰਦਾ ਹੈ। ਉੱਨ੍ਹੀਵੀਂ ਸਦੀ ਦੇ ਅੰਤਿਮ ਦਹਾਕਿਆਂ ਦੌਰਾਨ ਇਸੇ ਨਾਂ ਦਾ ਇੱਕ ਬਾਗ਼ ਮਹਾਰਾਜਾ ਕਪੂਰਥਲਾ ਨੇ ਆਪਣੇ ਸ਼ਹਿਰ ਵਿਖੇ ਵੀ ਲੁਆਇਆ ਸੀ।

ਦਰਅਸਲ, ਸ਼ਾਲੀਮਾਰ ਬਾਗ਼ ਜਿਓਮੈਟਰੀ ਆਧਾਰਿਤ ਵਿਵਸਥਿਤ ਬਾਗ਼ ਲਾਉਣ ਦੀ ਉਸ ਲੰਮੀ ਪਰੰਪਰਾ ਦਾ ਹਿੱਸਾ ਹੈ ਜਿਸ ਦੀ ਭਾਰਤ ਵਿਚ ਨੀਂਹ ਪਹਿਲੇ ਮੁਗ਼ਲ ਬਾਦਸ਼ਾਹ ਬਾਬਰ ਨੇ ਰੱਖੀ ਸੀ। ਇਸ ਤੋਂ ਪਹਿਲਾਂ ਭਾਰਤ ਵਿਚ ਬਾਗ਼ ਝਿੜੀ/ਰੁੱਖਾਂ ਦੇ ਝੁੰਡ ਦੇ ਰੂਪ ਵਿਚ ਹੁੰਦੇ ਸਨ। ਬਾਬਰ ਦਾ ਪਿਛੋਕੜ ਮੱਧ ਏਸ਼ੀਆ ਤੋਂ ਸੀ ਜਿੱਥੇ ਅਜਿਹੇ ਬਾਗ਼ ਲਾਉਣ ਦੀ ਪਰੰਪਰਾ ਇਰਾਨ ਤੋਂ ਗਈ ਸੀ। ਮੁਗ਼ਲ ਕਾਲ ਦੌਰਾਨ ਬਾਗ਼ ਉਸਾਰਣ ਦੀ ਇਸ ਵਿਦੇਸ਼ੀ ਸ਼ੈਲੀ ਨੇ ਸਥਾਨਕ ਭਾਰਤੀ ਤੱਤਾਂ ਨਾਲ ਮਿਲ ਕੇ ਮੁਗ਼ਲ ਸ਼ੈਲੀ ਨੂੰ ਜਨਮ ਦਿੱਤਾ ਜਿਸ ਨੂੰ ਦੁਨੀਆਂ ਭਰ ਦੀਆਂ ਬਿਹਤਰੀਨ ਬਾਗ਼-ਸ਼ੈਲੀਆਂ ਵਿਚ ਗਿਣਿਆ ਜਾਂਦਾ ਹੈ।
ਲਗਭਗ ਸਾਰੇ ਹੀ ਮੁਗ਼ਲ ਬਾਗ਼ ਇੱਕ ਨਿਸ਼ਚਿਤ ਜਿਓਮੈਟਰੀਕਲ ਡਿਜ਼ਾਈਨ ’ਤੇ ਆਧਾਰਿਤ ਹੁੰਦੇ ਸਨ। ਇਨ੍ਹਾਂ ਦੀ ਲੰਬਾਈ, ਚੌੜਾਈ ਨਾਲੋਂ ਦੁੱਗਣੀ-ਤਿੱਗਣੀ ਹੁੰਦੀ ਸੀ। ਆਮ ਤੌਰ ’ਤੇ ਇਨ੍ਹਾਂ ਲਈ ਢਾਲੂ ਥਾਂ ਚੁਣੀ ਜਾਂਦੀ ਸੀ ਤਾਂ ਜੋ ਬਾਗ਼ ਦੀ ਉਸਾਰੀ ਅਨੇਕ ਉੱਚੀਆਂ-ਨੀਵੀਆਂ ਮੰਜ਼ਿਲਾਂ ਦੇ ਰੂਪ ਵਿਚ ਕੀਤੀ ਜਾ ਸਕੇ। ਅਜਿਹੇ ਬਾਗ਼ ਵਿਚ ਸਿੰਜਾਈ ਦਾ ਪ੍ਰਬੰਧ ਵਧੇਰੇ ਸੌਖਿਆਂ ਅਤੇ ਮੋਹਕ ਰੂਪ ਵਿਚ ਕੀਤਾ ਜਾ ਸਕਦਾ ਸੀ। ਹਰ ਬਾਗ਼ ਦੇ ਵਿਚਕਾਰ ਲੰਮੇ-ਦਾਅ, ਫੁਹਾਰਿਆਂ ਨਾਲ ਜੜੀ ਇੱਕ ਚੌੜੀ ਨਹਿਰ ਹੁੰਦੀ ਸੀ ਜਿਸ ਵਿਚ ਪਾਣੀ ਸਭ ਤੋਂ ਉਤਲੇ ਭਾਗ ਤੋਂ ਸ਼ੁਰੂ ਹੋ ਕੇ ਦਰਖ਼ਤਾਂ ਅਤੇ ਬੂਟਿਆਂ ਨੂੰ ਸਿੰਜਦਾ ਹੋਇਆ ਇੱਕ ਲੈਵਲ ਤੋਂ ਦੂਜੇ ਲੈਵਲ ਉੱਪਰ ਫ਼ੁਹਾਰਿਆਂ ਵਿਚਦੀ ਫੁੱਟਦਾ ਅਤੇ ਝਲਾਰਾਂ (ਆਬਸ਼ਾਰਾਂ) ਉੱਪਰਦੀ ਕਲ-ਕਲ ਕਰਦਾ ਵਹਿੰਦਾ ਸੀ। ਨਾਲ ਹੀ ਇਹ ਵਗਦਾ ਪਾਣੀ ਵਾਤਾਵਰਣ ਨੂੰ ਵੀ ਠੰਢਾ ਕਰਦਾ ਰਹਿੰਦਾ ਸੀ। ਸ਼ਾਲੀਮਾਰ ਬਾਗ਼ ਲਈ ਪਾਣੀ ਸਪਲਾਈ ਕਰਨ ਲਈ ਬਾਦਸ਼ਾਹ ਦੇ ਹੁਕਮ ਨਾਲ ਪੰਜਾਬ ਦੇ ਇਰਾਨੀ ਮੂਲ਼ ਦੇ ਸੂਬੇਦਾਰ ਅਲੀ ਮਰਦਾਨ ਖ਼ਾਨ ਨੇ ਦੋ ਲੱਖ ਰੁਪਏ ਦੀ ਲਾਗਤ ਨਾਲ ਰਾਵੀ ਦਰਿਆ ਤੋਂ ਇੱਕ ਵਿਸ਼ੇਸ਼ ਨਹਿਰ ਖੁਦਵਾਈ।
ਲਾਹੌਰ ਦੇ ਕਿਲ੍ਹੇ ਦੇ ਛੇ ਕਿਲੋਮੀਟਰ ਪੂਰਬ ਵੱਲ ਸਥਿਤ ਲਗਭਗ 40 ਏਕੜ ਰਕਬੇ ਵਿਚ ਫੈਲਿਆ ਹੋਇਆ ਸ਼ਾਲੀਮਾਰ ਬਾਗ਼ ਹੋਰ ਮੁਗ਼ਲ ਬਾਗ਼ਾਂ ਵਾਂਗੂੰ ਹੀ ਉੱਚੀ ਚਾਰਦੀਵਾਰੀ ਨਾਲ ਘਿਰਿਆ ਹੈ। ਪਿੰਜੌਰ ਦੇ ਬਾਗ਼ ਨੂੰ ਛੱਡ ਕੇ ਬਾਕੀ ਸਾਰੇ ਮੁਗ਼ਲ ਬਾਗ਼ਾਂ ਵਿਚ ਪ੍ਰਵੇਸ਼ ਸਭ ਤੋਂ ਹੇਠਲੇ ਪੱਧਰ ਤੋਂ ਹੁੰਦਾ ਸੀ। ਸ਼ਾਲੀਮਾਰ ਬਾਗ਼ ਦਾ ਮੁੱਖ ਦਰਵਾਜ਼ਾ ਵੀ ਸਭ ਤੋਂ ਹੇਠਲੀ ਮੰਜ਼ਿਲ ’ਤੇ ਕਿਲ੍ਹੇ ਤੋਂ ਆਉਣ ਵਾਲੀ ਪੁਰਾਤਨ ਸੜਕ ’ਤੇ ਖੁੱਲ੍ਹਦਾ ਸੀ, ਪਰ ਹੁਣ ਸੈਲਾਨੀਆਂ ਦੀ ਸਹੂਲਤ ਲਈ ਪ੍ਰਵੇਸ਼ ਪਿਛਲੀ ਕੰਧ ਭੰਨ ਕੇ ਬਣਾਇਆ ਹੋਇਆ ਹੈ ਤਾਂ ਜੋ ਵਰਤਮਾਨ ਜੀ.ਟੀ. ਰੋਡ ਤੋਂ ਸਿੱਧਾ ਹੀ ਅੰਦਰ ਜਾਇਆ ਜਾ ਸਕੇ। ਇਸੇ ਲਈ ਸੈਲਾਨੀ ਹੁਣ ਸਭ ਤੋਂ ਪਹਿਲਾਂ ਬਾਗ਼ ਦੀ ਉਪਰਲੀ ਮੰਜ਼ਿਲ ’ਤੇ ਪਹੁੰਚਦੇ ਹਨ ਜੋ ਕਿ ਉਸ ਸਮੇਂ ਬਾਦਸ਼ਾਹ ਦੇ ਹਰਮ ਦੀਆਂ ਬੇਗ਼ਮਾਂ ਲਈ ਸੁਰੱਖਿਅਤ ਸੀ। ਇਸ ਮੰਜ਼ਿਲ ਦੇ ਸਿਰੇ ’ਤੇ ਰੰਗਮਹਿਲ ਦੀ ਇਮਾਰਤ ਹੈ। ਵਿਚਲੀ ਨਹਿਰ ਦਾ ਪਾਣੀ ਇਸ ਇਮਾਰਤ ਵਿਚਦੀ ਲੰਘਦਾ ਹੋਇਆ ਇਕ ਵੱਡੀ ਝਲਾਰ ਉੱਤੋਂ ਦੀ ਹੋ ਕੇ ਬਾਗ਼ ਦੀ ਦੂਸਰੀ ਮੰਜ਼ਿਲ ’ਤੇ ਡਿੱਗਦਾ ਹੈ। ਕਹਿੰਦੇ ਹਨ ਕਿ ਬਾਦਸ਼ਾਹ ਔਰੰਗਜ਼ੇਬ ਦੀ ਸ਼ਾਇਰ ਧੀ ਜ਼ੇਬੁੱਨਿਸਾ ਨੇ ਇਸ ਝਲਾਰ ਉਪਰਦੀ ਵਹਿੰਦੇ ਪਾਣੀ ਨੂੰ ਸੰਬੋਧਿਤ ਹੋ ਕੇ ਫ਼ਾਰਸੀ ਵਿਚ ਇਹ ਬੰਦ ਰਚਿਆ ਸੀ:
ਐ ਆਬਸ਼ਾਰ ਨੋਹਾ ਗਰ ਅਜ਼ ਬਹਿਰ ਕੀਸਤੀ
ਚੀਂ ਬਰ ਜਬੀਂ ‘ਫ਼ਗੰਦੇ ‘ਜ਼ ਅੰਦੋਹ ਕੀਸਤੀ
ਆਯਾ ਚੇ ਦਰਦ ਬੂਦ ਕਿ ਚੂੰ ਮਾ ਤਮਾਮ ਸ਼ਬ
ਸਰ ਰਾ ਬ’ਸੰਗ ਮੀ ਜ਼ਦੀ ਵਾ ਮੀ ਗਿਰੀਸਤੀ
(ਐ ਆਬਸ਼ਾਰ, ਤੂੰ ਕਿਸਦੇ ਲਈ ਰੋ ਰਿਹਾ ਹੈਂ?
ਕਿਸ ਦੀ ਦੁੱਖਭਰੀ ਯਾਦ ਵਿਚ ਤੇਰੇ ਮੱਥੇ ’ਤੇ ਵੱਟ ਹਨ?
ਕਿਹੜੀ ਪੀੜ ਸੀ ਜਿਸ ਨਾਲ ਤੂੰ ਮੇਰੇ ਵਾਂਙ ਸਾਰੀ ਰਾਤ
ਆਪਣਾ ਸਿਰ ਪੱਥਰ ’ਤੇ ਮਾਰਦਾ ਹੰਝੂ ਵਹਾਉਂਦਾ ਰਿਹਾ?)
ਬਾਗ਼ ਦੀ ਦੂਜੀ ਮੰਜ਼ਿਲ ਸਭ ਤੋਂ ਖ਼ੂਬਸੂਰਤ ਹੈ। ਇਸ ਦੇ ਵਿਚਕਾਰ ਇਕ ਵਿਸ਼ਾਲ ਤਲਾਬ ਹੈ ਜਿਸ ਵਿਚ ਕਿਸੇ ਸਮੇਂ ਕਮਲ ਦੇ ਫੁੱਲਾਂ ਦੇ ਰੂਪ ਵਿਚ ਤਰਾਸ਼ੇ ਹੋਏ ਸੰਗਮਰਮਰ ਦੇ ਫੁਹਾਰੇ ਜੜੇ ਹੋਏ ਸਨ। ਝਲਾਰ ਅਤੇ ਤਲਾਬ ਦੇ ਵਿਚਕਾਰ ਸੰਗਮਰਮਰ ਦਾ ਬਣਿਆ ਸ਼ਾਹੀ ਤਖ਼ਤ ਹੈ। ਇਕ ਚਬੂਤਰਾ ਤਲਾਬ ਦੇ ਵਿਚਕਾਰ ਹੈ ਜਿਸ ਨੂੰ ਕੰਢਿਆਂ ਤੋਂ ਦੋ ਰਸਤੇ ਜਾਂਦੇ ਹਨ। ਤਲਾਬ ਦੇ ਆਸੇ-ਪਾਸੇ ਲਾਲ ਪੱਥਰ ਦੀਆਂ ਦੋ ਇਮਾਰਤਾਂ ਹਨ ਜਿਨ੍ਹਾਂ ਨੂੰ ਸਾਵਨ-ਭਾਦੋਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਮੰਜ਼ਿਲ ’ਤੇ ਹੀ ਪੂਰਬੀ ਕੰਧ ਕੋਲ ਸ਼ਾਹੀ ਹਮਾਮ ਸਨ ਜਿਨ੍ਹਾਂ ਵਿਚ ਗਰਮ ਅਤੇ ਠੰਢੇ ਪਾਣੀ ਨਾਲ ਇਸ਼ਨਾਨ ਕਰਨ ਦਾ ਪ੍ਰਬੰਧ ਸੀ।
ਬਾਗ਼ ਦੀ ਦੂਜੀ ਮੰਜ਼ਿਲ ਤੋਂ ਤੀਜੀ ਮੰਜ਼ਿਲ ’ਤੇ ਡਿੱਗਦੀ ਪਾਣੀ ਦੀ ਚਾਦਰ ਦੇ ਪਿੱਛੇ ਦੀਵਾਰ ਵਿਚ ਚੀਨੀਖਾਨੇ ਬਣੇ ਹੋਏ ਹਨ ਜਿਨ੍ਹਾਂ ਵਿਚ ਰਾਤ ਸਮੇਂ ਜਗਦੀਆਂ ਖੁਸ਼ਬੂਦਾਰ ਮੋਮਬੱਤੀਆਂ ਦੀ ਝਿਲਮਿਲਾਉਂਦੀ ਲੋਅ ਦਿਲ-ਟੁੰਬਵਾਂ ਦ੍ਰਿਸ਼ ਪੇਸ਼ ਕਰਦੀ ਸੀ।
ਬਾਗ਼ ਦੀ ਅਸਲ ਸੋਭਾ ਤਾਂ ਇਸ ਦੇ ਫਲਦਾਰ ਦਰਖ਼ਤ ਅਤੇ ਫੁੱਲਦਾਰ ਬੂਟੇ ਹੁੰਦੇ ਹਨ। ਇਤਿਹਾਸਕਾਰ ਲਾਹੌਰੀ ਦੇ ਲਿਖਣ ਮੁਤਾਬਿਕ ਸ਼ਾਹਜਹਾਂ ਨੇ ਇਸ ਬਾਗ਼ ਲਈ ਬ੍ਰਿਛ ਕਾਬਲ-ਕੰਧਾਰ ਤੋਂ ਮੰਗਵਾਏ ਜਿਨ੍ਹਾਂ ਵਿਚ ਅੰਬ, ਚੈਰੀ, ਆੜੂ, ਆਲੂਬੁਖਾਰੇ, ਸੇਬ, ਬਦਾਮ, ਸੰਤਰੇ ਅਤੇ ਸ਼ਹਿਤੂਤ ਆਦਿ ਦੇ ਦਰਖ਼ਤ ਸ਼ਾਮਿਲ ਸਨ।
ਪੰਜਾਬ ਵਿਚ ਅਠਾਰ੍ਹਵੀਂ ਸਦੀ ਦੇ ਅੱਧ ਮਗਰੋਂ ਹੋਈ ਰਾਜਸੀ ਉਥਲ-ਪੁਥਲ ਸਮੇਂ ਇਸ ਬਾਗ਼ ਦਾ ਬਹੁਤ ਨੁਕਸਾਨ ਹੋਇਆ। ਇਸ ਦੀਆਂ ਇਮਾਰਤਾਂ ਤੋਂ ਸੰਗਮਰਮਰ ਪੁੱਟ ਲਿਆ ਗਿਆ। ਬਾਗ਼ ਵਿਚ ਇੱਟਾਂ ਦੀਆਂ ਬਣੀਆਂ ਵਰਤਮਾਨ ਇਮਾਰਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਹਨ।
1981 ਵਿਚ ਯੂਨੈਸਕੋ ਵੱਲੋਂ ਇਸ ਬਾਗ਼ ਨੂੰ ‘ਵਿਸ਼ਵ ਵਿਰਾਸਤ’ ਐਲਾਨ ਦਿੱਤਾ ਗਿਆ ਕਿਉਂਕਿ ਇਸ ਨੂੰ ਮੁਗ਼ਲ ਬਾਗ਼-ਉਸਾਰੀ ਕਲਾ ਦਾ ਸਿਖ਼ਰ ਮੰਨਿਆ ਗਿਆ।

ਸੁਭਾਸ਼ ਪਰਿਹਾਰ ਸੰਪਰਕ: 98728-22417
ਈ-ਮੇਲ: sparihar48@gmail.com