
ਚਰਖਾ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਚਿੰਨ੍ਹ ਹੈ। ਇਕ ਸਮਾਂ ਅਜਿਹਾ ਵੀ ਸੀ ਜਦੋਂ ਚਰਖਾ ਹਰ ਘਰ ਦਾ ਸ਼ਿੰਗਾਰ ਹੋਇਆ ਕਰਦਾ ਸੀ। ਚਰਖਾ ਪੇਂਡੂ ਜੀਵਨ ਦੀ ਅਹਿਮ ਕੜੀ ਸੀ। ਇਹ ਖ਼ਾਸ ਕਰਕੇ ਔਰਤਾਂ ਦੇ ਵਰਤਣ ਵਾਲਾ ਸੰਦ ਹੋਣ ਕਾਰਨ ਔਰਤ ਵਰਗ ਦੇ ਬਹੁਤ ਕਰੀਬ ਰਿਹਾ ਹੈ। ਇਹ ਉਸਦੇ ਦੁੱਖ-ਸੁੱਖ ਦਾ ਭਾਈਵਾਲ ਰਿਹਾ ਹੈ। ਚਰਖਾ ਅਜਿਹਾ ਘਰੇਲੂ ਸੰਦ ਸੀ, ਜਿਸ ਦੀ ਮਦਦ ਨਾਲ ਰੂੰ ਨੂੰ ਕੱਤ ਕੇ ਸੂਤ ਤਿਆਰ ਕੀਤਾ ਜਾਂਦਾ ਸੀ, ਜਿਸ ਤੋਂ ਅੱਗੇ ਕੱਪੜੇ ਬਣਦੇ ਸਨ। ਸਦੀਆਂ ਤਕ ਇਨਸਾਨੀ ਤਨ ਢਕਣ ਦੇ ਕੰਮ ਆਉਣ ਵਾਲਾ ਕੱਪੜਾ ਚਰਖੇ ਦੇ ਤਕਲੇ ’ਤੇ ਤੰਦ ਪਾ ਕੇ ਸੂਤ ਤਿਆਰ ਕਰਕੇ ਹੀ ਬਣਾਇਆ ਜਾਂਦਾ ਰਿਹਾ ਹੈ। ਸਾਡੇ ਲੋਕ ਗੀਤਾਂ ਅੰਦਰ ਵੀ ਚਰਖੇ ਦਾ ਜ਼ਿਕਰ ਬਾਖੂਬੀ ਆਉਂਦਾ ਹੈ :
ਮੈਂ ਕੱਤਾਂ ਪ੍ਰੀਤਾਂ ਨਾਲ
ਚਰਖਾ ਚੰਨਣ ਦਾ
ਸ਼ਾਵਾ ਚਰਖਾ ਚੰਨਣ ਦਾ।
ਮੁਟਿਆਰਾਂ ਜਿੱਥੇ ਇਕੱਠੀਆਂ ਬੈਠ ਕੇ ਚਰਖਾ ਕੱਤਦੀਆਂ ਸਨ, ਉਸ ਜਗ੍ਹਾ ਨੂੰ ਤ੍ਰਿੰਝਣ ਕਿਹਾ ਜਾਂਦਾ ਸੀ। ਪੁਰਾਣੇ ਸਮਿਆਂ ਵਿਚ ਮੁਟਿਆਰਾਂ ਤ੍ਰਿੰਝਣਾਂ ਵਿਚ ਬੈਠ ਕੇ ਚਰਖਾ ਕੱੱਤਦੀਆਂ, ਬਾਗ਼, ਫੁਲਕਾਰੀਆਂ ਕੱਢਦੀਆਂ ਅਤੇ ਦਰੀਆਂ, ਖੇਸ ਬੁਣਦੀਆਂ ਸਨ। ਇਹ ਸਭ ਕੰਮ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਸਨ ਜੋ ਸਾਨੂੰ ਹੱਥੀਂ ਕਿਰਤ ਕਰਨ ਦੀ ਪ੍ਰੇਰਨਾ ਦਿੰਦੇ ਸਨ। ਚਰਖੇ ’ਤੇ ਅਨੇਕਾਂ ਤਰ੍ਹਾਂ ਦੇ ਲੋਕ ਗੀਤ, ਬੋਲੀਆਂ, ਟੱਪੇ ਆਦਿ ਤ੍ਰਿੰਝਣ ਬੈਠੀਆਂ ਕੁੜੀਆਂ ਨੇ ਆਪ ਮੁਹਾਰੇ ਹੀ ਜੋੜ ਲਏ ਹਨ ਜੋ ਅੱਜ ਵੀ ਸਾਡੇ ਦਿਲਾਂ ’ਤੇ ਰਾਜ ਕਰਦੇ ਹਨ ਜਿਵੇਂ :
ਬਜ਼ਾਰ ਵਿਕੇਂਦੀ ਬਰਫ਼ੀ
ਮੈਨੂੰ ਲੈ ਦੇ ਵੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਕੱਤਾਂ ਪੂਣੀਆਂ।
ਚਰਖਾ ਲੱਕੜ ਦੀ ਕਾਰੀਗਰੀ ਦਾ ਉੱਤਮ ਨਮੂਨਾ ਹੈ। ਇਹ ਇਕ ਵਿਸ਼ੇਸ਼ ਤਰ੍ਹਾਂ ਦੀ ਕਾਲੀ ਲੱਕੜ ਨੂੰ ਤਰਾਸ਼ ਕੇ ਬਣਾਇਆ ਜਾਂਦਾ ਹੈ। ਸਾਡੇ ਲੋਕ ਗੀਤਾਂ ਵਿਚ ਵੀ ਚਰਖੇ ਦੀ ਅਤੇ ਚਰਖੇ ਨੂੰ ਬਣਾਉਣ ਵਾਲੇ ਕਾਰੀਗਰ ਦੀ ਖੂਬ ਪ੍ਰਸੰਸਾ ਹੁੰਦੀ ਹੈ :
ਚਰਖਾ ਮੇਰਾ ਰੰਗ ਰੰਗੀਲਾ
ਕੌਡੀਆਂ ਨਾਲ ਸਜਾਇਆ
ਕਾਰੀਗਰ ਨੂੰ ਦਿਓ ਵਧਾਈਆਂ
ਜਿਹਨੇ ਰੰਗਲਾ ਚਰਖਾ ਬਣਾਇਆ।
ਇਕ ਸਮਾਂ ਅਜਿਹਾ ਸੀ ਜਦੋਂ ਹਰ ਘਰ ਅੰਦਰ ਚਰਖੇ ਦੀ ਘੂਕਰ ਸੁਣਾਈ ਦਿੰਦੀ ਸੀ। ਕੁੜੀਆਂ-ਚਿੜੀਆਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਅਤੇ ਨਾਲ-ਨਾਲ ਲੋਕ ਗੀਤ ਗਾਉਂਦੀਆਂ ਸਨ। ਕੁੜੀਆਂ ਆਪਣੇ ਹੱਥੀਂ ਚਰਖਾ ਕੱਤ ਕੇ ਦਰੀਆਂ ਖੇਸ ਬਣਾ ਕੇ ਆਪਣਾ ਦਾਜ ਤਿਆਰ ਕਰਦੀਆਂ ਸਨ। ਪਹਿਲਾਂ ਚਰਖਾ ਕੁੜੀਆਂ ਨੂੰ ਦਾਜ ਵਿਚ ਵੀ ਦਿੱਤਾ ਜਾਂਦਾ ਸੀ। ਦਾਜ ਵਿਚ ਦਿੱਤਾ ਜਾਣ ਵਾਲਾ ਚਰਖਾ ਕੋਕਿਆਂ ਅਤੇ ਮੇਖਾਂ ਨਾਲ ਜੜਿਆ ਹੁੰਦਾ ਸੀ। ਸਹੁਰੇ ਘਰ ਚਰਖਾ ਕੱਤਦੀ ਮੁਟਿਆਰ ਆਪਣੀ ਮਾਂ ਵੱਲੋਂ ਦਿੱਤੇ ਚਰਖੇ ’ਤੇ ਮਾਣ ਕਰਦੀ ਹੈ ਅਤੇ ਚਰਖੇ ਵੱਲ ਵੇਖ-ਵੇਖ ਕੇ ਮਾਂ ਨੂੰ ਯਾਦ ਕਰਦੀ ਹੋਈ ਕਹਿੰਦੀ:
ਮਾਂ ਮੇਰੀ ਨੇ ਚਰਖਾ ਦਿੱਤਾ
ਵਿਚ ਸ਼ੀਸ਼ੇ, ਕੋੋਕੇ ਤੇ ਮੇਖਾਂ
ਮਾਏ ਤੈਨੂੰ ਯਾਦ ਕਰਾਂ
ਜਦ ਚਰਖੇ ਵੱਲ ਦੇਖਾਂ।
ਪਰ ਜੇਕਰ ਦਾਜ ਵਿਚ ਮੁਟਿਆਰ ਨੂੰ ਮਾਪੇ ਚਰਖਾ ਨਾ ਦੇਣ ਤਾਂ ਉਹ ਆਪਣੇ ਕੰਤ ਤੋਂ ਚਰਖੇ ਦੀ ਮੰਗ ਕਰਦੀ ਹੈ। ਜਿਸਦਾ ਜ਼ਿਕਰ ਸਾਡੇ ਲੋਕ ਗੀਤਾਂ ਵਿਚ ਵੀ ਮਿਲਦਾ ਹੈ :
ਚੰਦਨ ਦਾ ਮੈਨੂੰ ਲੈ ਦੇ ਚਰਖਾ
ਵਿਚ ਚਾਂਦੀ ਦੇ ਮਣਕੇ
ਵੇ ਮੇਰਾ ਕੱਤਦੀ ਦਾ
ਕੱਤਦੀ ਦਾ ਚੂੜਾ ਛਣਕੇ।
ਅੱਗੋਂ ਕੰਤ ਵੀ ਨਵੀਂ ਵਿਆਹੀ ਪਤਨੀ ਦੀ ਮੰਗ ਮੰਨਦਾ ਹੋਇਆ ਉਸ ਨੂੰ ਚਰਖਾ ਲੈ ਕੇ ਦੇਣ ਦਾ ਵਾਅਦਾ ਕਰਦਾ ਹੋਇਆ ਆਖਦਾ ਹੈ:
ਸੁਣ ਨੀਂ ਮੇਰੀਏ ਨਾਰੇ
ਤੈਨੂੰ ਕੱਪੜੇ ਸਵਾ ਦੂੰ ਸਾਰੇੇ
ਸਾਟਨ ਦਾ ਤੈਨੂੰ ਘੱਗਰਾ ਸਵਾ ਦੂੰ
ਪੱਟ ਦੇ ਗੁੰਦਾਅ ਦੂੰ ਨਾਲੇ
ਰੰਗਲਾ ਤੈਨੂੰ ਚਰਖਾ ਮੰਗਾਦਿਆਂ
ਕੱਤਿਆ ਕਰੀਂ ਚੁਬਾਰੇ…
ਕੰਤ ਦੁਆਰਾ ਲਿਆ ਕੇ ਦਿੱਤੇ ਚਰਖੇ ਨੂੰ ਵੇਖ ਕੇ ਮੁਟਿਆਰ ਨੂੰ ਬੇਹੱਦ ਖੁਸ਼ੀ ਹੁੰਦੀ ਹੈ ਤੇ ਉਹ ਚਰਖੇ ’ਤੇ ਲੰਮੇ-ਲੰਮੇ ਤੰਦ ਪਾ ਕੇ ਆਪਣੀਆਂ ਰੀਝਾਂ ਪੂਰੀਆਂ ਕਰਦੀ ਹੈ। ਮੁਟਿਆਰ ਨੂੰ ਚਰਖਾ ਕੱਤਦੀ ਵੇਖ ਕੇ ਉਸ ਦਾ ਕੰਤ ਖੁਸ਼ ਹੁੰਦਾ ਹੈ ਤੇ ਉਸ ਦੇ ਹੁਸਨ ਦੀ ਅਤੇ ਉਸ ਦੀ ਕੱਤਣੀ ਦੀ ਸਿਫਤ ਕਰਦਾ ਹੋਇਆ ਆਖਦਾ ਹੈ:
ਤੈਨੂੰ ਵੇਖਾਂ ਕਿ ਵੇਖਾਂ ਤੇਰੀ ਕੱਤਣੀ
ਨੀਂ ਚੰਨ ਜਿਹੇ ਮੁੱਖ ਵਾਲੀਏ …
ਪਰ ਜੇਕਰ ਮਾਹੀ ਪ੍ਰਦੇਸੀ ਹੋਵੇ ਤਾਂ ਚਰਖਾ ਕੱਤਦੀ ਮੁਟਿਆਰ ਉਸਨੂੰ ਯਾਦ ਕਰਦੀ ਹੋਈ ਆਪਣੀ ਪ੍ਰੀਤ ਦੀ ਡੋਰੀ ਚਰਖੇ ਦੇ ਤੱਕਲੇ ਨਾਲ ਜੋੜ ਕੇ ਬੈਠ ਜਾਂਦੀ ਹੈ ਤੇ ਆਖਦੀ ਹੈ:
ਸਾਨੂੰ ਹਰ ਚਰਖੇ ਦੇ ਗੇੜੇ
ਯਾਦ ਆਵੇ ਜਾਣ ਵਾਲਿਆ
ਪਰ ਜੇ ਅਜੋਕੇ ਸਮੇ ਦੀ ਗੱਲ ਕਰੀਏ ਤਾਂ ਅੱਜ ਚਰਖਾ ਸਾਡੇ ਸੱਭਿਆਚਾਰ ਵਿਚੋਂ ਅਲੋਪ ਹੀ ਹੋ ਗਿਆ ਹੈ। ਹੁਣ ਨਾ ਤਾਂ ਤ੍ਰਿੰਝਣ ਵਿਚ ਚਰਖਾ ਕੱਤਦੀਆਂ ਮੁਟਿਆਰਾਂ ਦਿਖਾਈ ਦਿੰਦੀਆਂ ਹਨ ਅਤੇ ਨਾ ਹੀ ਚਰਖੇ ਦੀ ਗੂੰਜ ਸੁਣਾਈ ਦਿੰਦੀ ਹੈ। ਕੋਈ ਭਾਗਾਂ ਵਾਲਾ ਘਰ ਹੀ ਹੋਵੇਗਾ, ਜਿੱਥੇ ਕਿਸੇ ਔਰਤ ਨੂੰ ਚਰਖਾ ਕੱਤਣਾ ਆਉਂਦਾ ਹੋਵੇਗਾ। ਹੁਣ ਚਰਖਾ ਸਿਰਫ਼ ਸਕੂਲਾਂ, ਕਾਲਜਾਂ ਵਿਚ ਹੋਣ ਵਾਲੇ ਪ੍ਰੋਗਰਾਮਾਂ ਅਤੇ ਵਿਆਹਾਂ ਮੌਕੇ ਡੀ.ਜੇ. ਵਾਲਿਆਂ ਵੱਲੋਂ ਕੀਤੇ ਜਾਂਦੇ ਪ੍ਰੋਗਰਾਮ ਦੌਰਾਨ ਹੀ ਸਟੇਜ ’ਤੇ ਰੱਖਿਆ ਦਿਖਾਈ ਦਿੰਦਾ ਹੈ ਜਾਂ ਫਿਰ ਘਰ ਦੀ ਪਰਛੱਤੀ ਜਾਂ ਸਟੋਰ ਵਿਚ ਪਿਆ ਦਿਖਾਈ ਦੇ ਸਕਦਾ ਹੈ। ਸੱਚਾਈ ਇਹੀ ਹੈ ਕਿ ਬੀਤੇ ਸਮੇਂ ਜੋ ਚਰਖੇ ਦੀ ਸਰਦਾਰੀ ਸੀ ਉਹ ਹੁਣ ਖ਼ਤਮ ਹੋ ਚੁੱਕੀ ਹੈ। ……ਜਸਪ੍ਰੀਤ ਕੌਰ ਸੰਘਾ