ਦੁਨੀਆ ਦੇ ਚੋਟੀ ਦੇ ਮੈਡੀਕਲ ਜਰਨਲ ਲੈਨਸਟ ਵਿੱਚ ਛਪੀ ਖੋਜ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਭਾਰਤ ’ਚੋਂ ਉਤਪੰਨ ਹੋਇਆ ਡਾਕਟਰੀ ਵਿਗਿਆਨ ਹੀ ਅਸਲ ਧੁਰਾ ਹੈ ਜਿੱਥੋਂ ਅਰਬ ਹਮਲਾਵਰਾਂ ਨੇ ਤਰਜਮਾ ਕਰ ਕੇ ਪੂਰੀ ਦੁਨੀਆ ਵਿੱਚ ਪਹੁੰਚਾਇਆ। ਹੁਣ ਉਸੇ ਵਿਗਿਆਨ ਨੂੰ ਅਸੀਂ ਅੰਗਰੇਜ਼ਾਂ ਦੀ ਉਪਜ ਮੰਨਦਿਆਂ ਆਪਣੇ ਨੁਸਖਿਆਂ ਨੂੰ ਖੁੱਡੇ ਲਾ ਕੇ, ਕੰਪਨੀਆਂ ਦੀਆਂ ਮਸ਼ਹੂਰੀਆਂ ’ਤੇ ਨਿਰਭਰ ਹੋ ਕੇ ਅਤੇ ਆਪਣਾ ਵਧੀਆ ਖਾਣ ਪੀਣ ਤਬਦੀਲ ਕਰ ਕੇ ਪੱਛਮੀ ਸੱਭਿਅਤਾ ਦੀ ਰੰਗਤ ਦੇਣ ਲੱਗ ਪਏ ਹਾਂ। ਪੱਛਮੀ ਲੋਕ ਸਾਡੇ ਹੀ ਸੱਤੂਆਂ ਨੂੰ ‘ਓਟਮੀਲ’ ਦਾ ਨਾਂ ਦੇ ਕੇ ਸਾਨੂੰ 10 ਗੁਣਾ ਕੀਮਤ ਉੱਤੇ ਖਰੀਦਣ ਉੱਤੇ ਮਜਬੂਰ ਕਰ ਰਹੇ ਹਨ। ਉਸ ਦੇ ਲੁਭਾਵਣੇ ਨਾਂ ਰੱਖ ਕੇ, ਖੋਜਾਂ ਰਾਹੀਂ ਇਸ ਨੂੰ ਉੱਤਮ ਸਾਬਤ ਕਰ ਕੇ ਸਾਨੂੰ ਹੀ ਖੁਆਉਣ ਲੱਗ ਪਏ ਹਨ। ਅਸੀਂ ਨਾਨੀ-ਦਾਦੀ ਵੱਲੋਂ ਬਣਾਈ ਮੱਕੀ ਦੀ ਰੋਟੀ, ਬਾਜਰੇ ਦੀ ਖੀਰ ਜਾਂ ਰਾਗੀ ਦੀ ਇਡਲੀ ਨੂੰ ਪਿਛਾਂਹ ਖਿੱਚੂ-ਖਾਣਾ ਸਾਬਤ ਕਰ ਕੇ ਤਿਆਗ ਚੁੱਕੇ ਹਾਂ ਤੇ ਬੱਚਿਆਂ ਨੂੰ ਬਰਗਰ, ਨੂਡਲਜ਼ ਤੇ ਪੀਜ਼ੇ ਖੁਆ ਕੇ ਉਨ੍ਹਾਂ ਦੇ ਸਰੀਰਾਂ ਨੂੰ ਰੋਗਾਂ ਦਾ ਪੰਡਾਰ ਬਣਾ ਛੱਡਿਆ ਹੈ। ਇੱਥੋਂ ਤਕ ਕਿ ਸਵੀਡਨ ਵਿੱਚ ਦਹੀਂ ਤੇ ਸ਼ਹਿਦ ਨਾਲ ਬੱਚੇ ਨੂੰ ਨੁਹਾਉਣ ਵਾਸਤੇ ਹਜ਼ਾਰ ਰੁਪਏ ਦੀ ਸ਼ੀਸ਼ੀ ਵੀ ਬਜ਼ਾਰ ਵਿੱਚ ਵਿਕਣ ਲਈ ਤਿਆਰ ਹੋਈ ਪਈ ਹੈ। ਅਸੀਂ ਆਪਣੇ ਬੱਚਿਆਂ ਨੂੰ ਘਰ ਦਾ ਦਹੀਂ ਛੱਡ ਕੇ ਸਵੀਡਨ ਦੇ ਬਣੇ ਸਾਬਣ ਨਾਲ ਨੁਹਾਉਣ ਨੂੰ ਕਾਹਲੇ ਹਾਂ।
ਪੱਛਮੀ ਲੋਕਾਂ ਵਿੱਚ ਵਧ ਰਹੇ ਦਿਲ ਦੇ ਰੋਗ, ਸ਼ੱਕਰ ਰੋਗ, ਕੈਂਸਰ, ਬਲੱਡ ਪਰੈਸ਼ਰ ਤੇ ਮੋਟਾਪਾ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਇਸੇ ਲਈ ਉਨ੍ਹਾਂ ਮੁਲਕਾਂ ਵਿੱਚ ਭਾਰਤੀ ਖਾਣਿਆਂ ’ਤੇ ਖੋਜ ਆਰੰਭੀ ਗਈ ਕਿਉਂਕਿ ਏਥੇ ਏਨੀ ਵੱਡੀ ਮਾਤਰਾ ਵਿੱਚ ਉਦੋਂ ਸ਼ੱਕਰ ਰੋਗੀ ਨਹੀਂ ਸਨ।
ਮੌਜੂਦਾ ਖੋਜ ਇੱਕੋ ਸਮੇਂ 18 ਮੁਲਕਾਂ ਵਿੱਚ ਆਰੰਭੀ ਗਈ। ਉਸ ਵਿੱਚ ਵੱਖ ਵੱਖ ਤਰ੍ਹਾਂ ਦੇ ਘਿਓ, ਤੇਲ, ਕਾਰਬੋਹਾਈਡਰੇਟਸ ਤੇ ਪ੍ਰੋਟੀਨ ਦੀ ਵਰਤੋਂ ਅਤੇ ਉਨ੍ਹਾਂ ਦੇ ਸਿਹਤ ਉੱਤੇ ਪੈਂਦੇ ਅਸਰ ਵੇਖੇ ਗਏ। ਇਸ ਵਿੱਚ ਦਿਲ ਦੀਆਂ ਬੀਮਾਰੀਆਂ ਤੇ ਉਨ੍ਹਾਂ ਸਦਕਾ ਹੋਈਆਂ ਮੌਤਾਂ ਬਾਰੇ ਵੀ ਨਤੀਜੇ ਕੱਢੇ ਗਏ। ਦਸ ਸਾਲਾਂ ਤਕ (2003 ਤੋਂ 2013) ਚੱਲੀ ਇਸ ਖੋਜ ਵਿੱਚ 35 ਤੋਂ 70 ਸਾਲਾਂ ਦੀਆਂ ਔਰਤਾਂ ਤੇ ਪੁਰਸ਼ ਸ਼ਾਮਲ ਕੀਤੇ ਗਏ। ਇਸ ਖੋਜ ਦੌਰਾਨ 5,796 ਮੌਤਾਂ ਹੋਈਆਂ ਅਤੇ 4,784 ਹਾਰਟ ਅਟੈਕ ਤੇ ਅਧਰੰਗ ਦੇ ਮਰੀਜ਼ ਸਾਹਮਣੇ ਆਏ। ਕੁੱਲ ਇੱਕ ਲੱਖ 35 ਹਜ਼ਾਰ ਤਿੰਨ ਸੌ ਪੈਂਤੀ ਲੋਕਾਂ ਦਾ ਖਾਣ ਪੀਣ ਦਾ ਰਿਕਾਰਡ ਰੱਖਿਆ ਗਿਆ ਅਤੇ ਉਨ੍ਹਾਂ ਦਾ ਪੂਰਾ ਚੈੱਕਅੱਪ ਵੀ ਲਗਾਤਾਰ ਕੀਤਾ ਗਿਆ ਸੀ।
ਖੋਜ ਦੇ ਨਤੀਜੇ: ਇਸ ਖੋਜ ਦੇ ਨਤੀਜਿਆਂ ਨੇ ਹੁਣ ਤਕ ਦੇ ਖਾਣ ਪੀਣ ਉੱਤੇ ਲਾਈਆਂ ਰੋਕਾਂ ਉੱਤੇ ਵੱਡਾ ਕਿੰਤੂ ਪਰੰਤੂ ਖੜ੍ਹਾ ਕਰ ਦਿੱਤਾ ਹੈ। ਪਹਿਲਾਂ ਦੀਆਂ ਖੋਜਾਂ ਅਨੁਸਾਰ ਥਿੰਦਾ, ਖਾਸ ਕਰ ਦੇਸੀ ਘਿਓ ਨੂੰ ਦਿਲ ਲਈ ਹਾਨੀਕਾਰਕ ਦੱਸ ਕੇ ਰੀਫਾਇੰਡ ਤੇਲਾਂ ਵਲ ਵੱਧ ਝੁਕਾਓ ਬਣਾ ਦਿੱਤਾ ਗਿਆ ਸੀ। ਇਸ ਵਾਸਤੇ ਮੀਡੀਆ ਰਾਹੀਂ ਇੰਨੀ ਇਸ਼ਤਿਹਾਰਬਾਜ਼ੀ ਕੀਤੀ ਗਈ ਕਿ ਮਸ਼ਹੂਰੀ ਦੇ ਆਧਾਰ ਉੱਤੇ ਹੀ ਮਲੇਸ਼ੀਆ ਨੇ ‘ਪਾਮ ਤੇਲ’ ਭਾਰਤੀਆਂ ਨੂੰ ਵੇਚ ਕੇ ਆਪਣੀ ਅਰਥ-ਵਿਵਸਥਾ ਮਜ਼ਬੂਤ ਕਰ ਲਈ। ਹਰ ਅਖ਼ਬਾਰ, ਕਿਤਾਬ, ਜਰਨਲ ਵਿੱਚ ਖਾਣੇ ਵਿੱਚ ਘਿਓ ਤੇ ਤੇਲ ਦੀ ਮਾਤਰਾ ਸਿਰਫ਼ 30 ਫ਼ੀਸਦੀ, ਜਿਸ ਵਿੱਚ ਦੇਸੀ ਘਿਓ 10 ਫ਼ੀਸਦੀ ਤੋਂ ਵੀ ਘੱਟ ਵਰਤੋਂ ਕਰਨ ਬਾਰੇ ਜ਼ੋਰ ਦਿੱਤਾ ਗਿਆ। ਇਸ ਇਸ਼ਤਿਹਾਰਬਾਜ਼ੀ ਨੇ ਦੇਸੀ ਘਿਓ ਨੂੰ ਪਿਛਾਂਹ ਧੱਕ ਕੇ ਵੱਖ ਵੱਖ ਰੀਫਾਇੰਡ ਤੇਲਾਂ ਦੇ ਕਾਰੋਬਾਰ ਨੂੰ ਖਰਬਾਂ ਦਾ ਮੁਨਾਫ਼ਾ ਦੁਆਇਆ।
ਮੈਡੀਕਲ ਜਰਨਲਾਂ ਵਿੱਚ ਛਪੀਆਂ ਖੋਜਾਂ ਨੇ ਡਾਕਟਰਾਂ ਨੂੰ ਵੀ ਆਪੋ ਆਪਣੇ ਮਰੀਜ਼ਾਂ ਨੂੰ ਘੱਟ ਘਿਓ ਦੀ ਵਰਤੋਂ ਕਰਨ ਦੀ ਸਲਾਹ ਦੇਣ ਲਈ ਮਜਬੂਰ ਕਰ ਦਿੱਤਾ। ਬਾਅਦ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਇਸ ਵਾਸਤੇ ਕੰਪਨੀਆਂ ਵੱਲੋਂ ਦਿੱਤੇ ਪੈਸਿਆਂ ਨਾਲ ਖੋਜਾਂ ਕਰਵਾਈਆਂ ਗਈਆਂ, ਜਿਨ੍ਹਾਂ ਨੇ ਐੱਲਡੀਐੱਲ ਤੇ ਐੱਚਡੀਐੱਲ ਕੋਲੈਸਟਰੋਲ ਦਾ ਐਸਾ ਹਊਆ ਬਣਾ ਕੇ ਪੇਸ਼ ਕੀਤਾ ਕਿ ਆਮ ਬੰਦਾ ਦਿਨ ਰਾਤ ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾ ਕੇ ਡਾਕਟਰਾਂ ਤੋਂ ਚੰਗੇ ਮਾੜੇ ਕੋਲੈਸਟਰੋਲ ਦੇ ਵਾਧੇ ਘਾਟੇ ਬਾਰੇ ਪੁੱਛਦਾ ਹੀ ਗੁੰਮ ਹੋ ਕੇ ਰਹਿ ਗਿਆ। ਇਸ ਸਾਰੇ ਰੌਲੇ ਗੌਲੇ ਵਿੱਚ ਸਭ ਤੋਂ ਵੱਧ ਮਾਰ ਦੇਸੀ ਘਿਓ ਨੂੰ ਪਈ। ਪਿੰਡਾਂ ਵਿੱਚ ਘਰ ਦਾ ਘਿਓ, ਮੱਖਣ ਛੱਡ ਕੇ ਮੁੱਲ ਖਰੀਦਿਆ ਰੀਫਾਇੰਡ ਤੇਲ, ਕਨੋਲਾ ਤੇਲ ਤੇ ਓਲਿਵ ਤੇਲ ਵਰਤਣ ਦਾ ਭੂਤ ਸਵਾਰ ਹੋ ਗਿਆ।
ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਰੀਸਰਚ ਵੱਲੋਂ ਕੀਤੇ ਖ਼ਰਚੇ ਰਾਹੀਂ ਪੂਰੀ ਕੀਤੀ ਖੋਜ, ਜਿਸ ਵਿੱਚ ਓਨਟਾਰੀਓ ਮਿਨਿਸਟਰੀ ਆਫ਼ ਹੈਲਥ ਨੇ ਵੀ ਗਰਾਂਟਾਂ ਦਿੱਤੀਆਂ, ਵਿੱਚ ਅਰਜਨਟੀਨਾ, ਬੰਗਲਾ ਦੇਸ਼, ਬਰਾਜ਼ੀਲ, ਕੈਨੇਡਾ, ਦਿੱਲੀ, ਚੀਨ, ਕੋਲੰਬੀਆ, ਭਾਰਤ, ਮਲੇਸ਼ੀਆ, ਪੈਲਸਟੀਨ, ਪੋਲੈਂਡ, ਸਾਊਥ ਅਫਰੀਕਾ, ਨੀਦਰਲੈਂਡ, ਸਵੀਡਨ, ਤੁਰਕੀ ਤੇ ਦੁਬਈ ਸਮੇਤ ਕਈ ਮੁਲਕਾਂ ਤੇ ਸਿਹਤ ਸੰਸਥਾਵਾਂ ਨੇ ਰਲ ਕੇ ਪੁਰਾਣੀ ਖੋਜ ਨੂੰ ਖੰਡਿਤ ਕਰ ਦਿੱਤਾ ਹੈ।
ਨਵੀਂ ਖੋਜ ਮੁਤਾਬਕ ਸਭ ਤੋਂ ਵੱਧ ਮੌਤਾਂ ਉਨ੍ਹਾਂ ਬੰਦਿਆਂ ਦੀਆਂ ਹੋਈਆਂ ਜੋ ਪੂਰੇ ਦਿਨ ਦੇ ਖਾਣੇ ਵਿੱਚ 60 ਫ਼ੀਸਦੀ ਤੋਂ ਵੱਧ ਕਾਰਬੋਹਾਈਡਰੇਟਸ (ਖੰਡ, ਮੈਦਾ, ਕਣਕ ਦਾ ਆਟਾ) ਵਰਤ ਰਹੇ ਸਨ। ਜਿਨ੍ਹਾਂ ਲੋਕਾਂ ਦੇ ਖਾਣੇ ਵਿੱਚ ਰੀਫਾਇੰਡ ਕਾਰਬੋਹਾਈਡਰੇਟਸ (ਖੰਡ, ਸ਼ੱਕਰ, ਗੁੜ, ਮੈਦਾ) ਦੀ ਥਾਂ ਸੈਚੂਰੇਟਿਡ ਥਿੰਦੇ (ਦੇਸੀ ਘਿਓ) ਦੀ ਮਾਤਰਾ ਵੱਧ ਸੀ, ਉਨ੍ਹਾਂ ਲੋਕਾਂ ਵਿੱਚ ਅਧਰੰਗ ਹੋਣ ਦਾ ਖ਼ਤਰਾ ਕਈ ਗੁਣਾਂ ਘਟਿਆ ਲੱਭਿਆ। ਦੇਸੀ ਘਿਓ ਖਾਣ ਵਾਲਿਆਂ ਦਾ ਐੱਲਡੀਐੱਲ ਤੇ ਐੱਚਡੀਐੱਲ ਕੋਲੈਸਟਰੋਲ ਵਧਿਆ ਹੋਇਆ ਲੱਭਿਆ ਤੇ ਟਰਾਈਗਲਿਸਰਾਈਡ ਘਟੇ ਹੋਏ ਲੱਭੇ। ਯਾਨੀ, ਮਾੜਾ ਤੇ ਚੰਗਾ ਕੋਲੈਸਟਰੋਲ, ਦੋਵੇਂ ਵਧ ਗਏ, ਪਰ ਫਿਰ ਵੀ ਇੰਨੇ ਖ਼ਤਰਨਾਕ ਨਹੀਂ ਸਨ।
ਜਿਹੜੇ ਜ਼ਿਆਦਾ ਕਾਰਬੋਹਾਈਡਰੇਟਸ ਵਰਤ ਰਹੇ ਸਨ, ਉਨ੍ਹਾਂ ਦਾ ਐੱਲਡੀਐੱਲ ਤੇ ਐੱਚਡੀਐੱਲ ਕੋਲੈਸਟਰੋਲ, ਦੋਵੇਂ ਘਟ ਗਏ ਸਨ। ਮਤਲਬ ਇਹ ਕਿ ਮੈਦਾ ਤੇ ਖੰਡ ਖਾਣ ਨਾਲ ਜਿੱਥੇ ਮਾੜਾ ਕੋਲੈਸਟਰੋਲ ਵਧ ਗਿਆ, ਉੱਥੇ ਚੰਗਾ ਕੋਲੈਸਟਰੋਲ ਵੀ ਘਟ ਗਿਆ। ਦੇਸੀ ਘਿਓ ਦੀ ਵਰਤੋਂ ਕਰਨ ਵਾਲਿਆਂ ਦੇ ਸਰੀਰਾਂ ਅੰਦਰ ਐਪੋ-ਬੀ/ਐਪੋ-ਏ 1 ਦੀ ਮਾਤਰਾ ਘਟੀ ਹੋਈ ਲੱਭੀ ਜਿਸ ਨਾਲ ਹਾਰਟ ਅਟੈਕ ਤੇ ਐਨਜਾਈਨਾ ਦਾ ਖ਼ਤਰਾ ਕਈ ਗੁਣਾ ਘੱਟ ਹੋ ਗਿਆ।
ਐੱਲਡੀਐੱਲ ਕੋਲੈਸਟਰੋਲ ਉੱਤੇ ਸਿਰਫ਼ ਖ਼ੁਰਾਕ ਦਾ ਹੀ ਅਸਰ ਨਹੀਂ ਪੈਂਦਾ। ਇਸੇ ਲਈ ਇਕੱਲੀ ਖ਼ੁਰਾਕ ਉੱਤੇ ਹੀ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ। ਤਣਾਓ ਵੀ ਇਕ ਵੱਡਾ ਕਾਰਨ ਉਭਰ ਕੇ ਸਾਹਮਣੇ ਆ ਰਿਹਾ ਹੈ। ਟਰਾਂਸ ਫੈਟ (ਬਜ਼ਾਰੀ ਤਲੇ ਆਲੂ, ਚਿਪਸ, ਬਰਗਰ, ਪਿਜ਼ਾ, ਆਦਿ) ਦਿਲ, ਜਿਗਰ ਅਤੇ ਅੰਤੜੀਆਂ ਲਈ ਹਾਨੀਕਾਰਕ ਸਿੱਧ ਹੋ ਚੁੱਕੇ ਹਨ ਤੇ ਮੋਟਾਪੇ ਨਾਲ ਹੋ ਰਹੀਆਂ ਬੀਮਾਰੀਆਂ ਲਈ ਵੀ। ਜਿਨ੍ਹਾਂ ਨੇ ਦੇਸੀ ਘਿਓ ਛੱਡ ਕੇ ਰੀਫਾਇੰਡ ਘਿਓ ਖਾਣਾ ਸ਼ੁਰੂ ਕੀਤਾ ਸੀ, ਉਨ੍ਹਾਂ ਵਿੱਚ ਵੀ ਮਰਨ ਦਰ ਘਟੀ ਨਹੀਂ। ਵੱਧ ਕਾਰਬੋਹਾਈਡਰੇਟ ਤੇ ਘੱਟ ਥਿੰਦੇ ਵਾਲੀ ਖ਼ੁਰਾਕ ਖਾਣ ਵਾਲਿਆਂ ਵਿੱਚ ਮੌਤ ਦਰ ਵੱਧ ਦਿਸੀ ਪਰ ਹਾਰਟ ਅਟੈਕ ਨਾਲੋਂ ਜ਼ਿਆਦਾ ਸਟਰੋਕ ਜਾਂ ਹੋਰ ਕਾਰਨਾਂ ਕਰ ਕੇ। ਖਾਣੇ ਵਿੱਚ ਥਿੰਦਾ ਨਾ ਬਰਾਬਰ ਕਰਨ ਬਾਅਦ ਵੀ ਮੌਤ ਦਰ ਵਿੱਚ ਕੋਈ ਫ਼ਰਕ ਨਹੀਂ ਦਿਸਿਆ। ਜੇ ਖ਼ੁਰਾਕ ਵਿੱਚ ਘਿਓ ਦੀ ਮਾਤਰਾ 30 ਫ਼ੀਸਦੀ ਦੀ ਥਾਂ ਉੱਤੇ 35 ਫ਼ੀਸਦੀ ਹੋਵੇ, ਤਾਂ ਮੌਤ ਦਰ ਘਟ ਜਾਂਦੀ ਹੈ ਤੇ ਅਧਰੰਗ ਦਾ ਖ਼ਤਰਾ ਵੀ ਘਟ ਜਾਂਦਾ ਹੈ। ਇੰਜ ਦਿਲ ਦੇ ਰੋਗਾਂ ਤੋਂ ਇਲਾਵਾ ਹੋਰ ਕਾਰਨਾਂ ਕਰ ਕੇ ਵੀ ਮੌਤ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਚਿੱਟੇ ਚੌਲ, ਖੰਡ, ਸ਼ੱਕਰ, ਗੁੜ, ਮੈਦਾ ਖਾਣ ਨਾਲ ਮੌਤ ਦਰ ਵਧੀ ਦਿਸੀ ਤੇ ਹਾਰਟ ਅਟੈਕ ਵੀ ਵੱਧ ਹੋਏ ਲੱਭੇ। ਘਿਓ ਨਾਲੋਂ ਮੈਦਾ ਤੇ ਖੰਡ ਕੋਲੈਸਟਰੋਲ ਅਤੇ ਬਲੱਡ ਪਰੈਸ਼ਰ ਉੱਤੇ ਵੱਧ ਮਾੜਾ ਅਸਰ ਪਾਉਂਦੇ ਹਨ। ਜੇ ਦੇਸੀ ਘਿਓ ਖਾਇਆ ਜਾਵੇ ਤਾਂ ਮੌਤ ਦਰ ਤੇ ਅਧਰੰਗ ਦਾ ਖ਼ਤਰਾ ਤਾਂ ਘਟਦਾ ਹੀ ਹੈ, ਦਿਲ ਦੀਆਂ ਬੀਮਾਰੀਆਂ ਤੇ ਹਾਰਟ ਅਟੈਕ ਦਾ ਖ਼ਤਰਾ ਵੀ ਘਟ ਜਾਂਦਾ ਹੈ।
ਖੰਡ, ਗੁੜ, ਸ਼ੱਕਰ, ਮੈਦਾ, ਚਿੱਟੇ ਚੌਲ ਤੇ ਕਣਕ ਦਾ ਬਿਨਾਂ ਛਾਣਬੂਰੇ ਵਾਲਾ ਆਟਾ ਖਾਣ ਨਾਲ ਮੌਤ ਦਰ ਵਧ ਜਾਂਦੀ ਹੈ ਤੇ ਹਾਰਟ ਅਟੈਕ ਦਾ ਖ਼ਤਰਾ ਵੀ ਵਧ ਜਾਂਦਾ ਹੈ। ਕਾਰਬੋਹਾਈਡਰੇਟ ਨਾਲੋਂ ਵੱਧ ਦੇਸੀ ਘਿਓ ਖਾਣ ਨਾਲ ਅਧਰੰਗ ਦਾ ਖ਼ਤਰਾ ਘਟ ਜਾਂਦਾ ਹੈ। ਘਿਓ ਖਾਣ ਨਾਲ ਮੌਤ ਦਰ ਵਧਣ ਦਾ ਕੋਈ ਸੰਬੰਧ ਨਹੀਂ। ਦਿਲ ਦੀਆਂ ਬਿਮਾਰੀਆਂ ਉੱਤੇ ਵੀ ਘਿਓ ਖਾਣ ਨਾਲ ਕੋਈ ਮਾੜਾ ਅਸਰ ਨਹੀਂ ਲੱਭਿਆ। ਲੋੜੋਂ ਵੱਧ ਘਿਓ ਜਾਂ ਤੇਲ ਖਾਣ ਨਾਲ ਮੋਟਾਪਾ ਵਧ ਜਾਂਦਾ ਹੈ ਜੋ ਮੋਟਾਪੇ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਨਾਲ ਬਾਅਦ ਵਿੱਚ ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ ਤੇ ਕੈਂਸਰ ਹੋ ਸਕਦਾ ਹੈ।
ਲੋੜੋਂ ਵੱਧ ਹਰ ਚੀਜ਼ ਨੁਕਸਾਨ ਕਰਦੀ ਹੈ। ਇਸੇ ਲਈ ਦੇਸੀ ਘਿਓ ਦੀ ਵਰਤੋਂ ਵੀ ਹਿਸਾਬ ਨਾਲ ਕਰਨੀ ਚਾਹੀਦੀ ਹੈ। ਸਿਰਫ਼ ਓਨਾ ਜਿੰਨਾ ਕਸਰਤ ਨਾਲ ਹਜ਼ਮ ਕੀਤਾ ਜਾ ਸਕੇ। ਵਾਧੂ ਲੂਣ, ਖੰਡ, ਸ਼ੱਕਰ, ਗੁੜ ਤੇ ਮੈਦਾ ਤਾਂ ਹਰ ਹਾਲ ਬੰਦ ਕਰਨਾ ਹੀ ਪੈਣਾ ਹੈ। ਕਣਕ ਦੇ ਆਟੇ ਦੀ ਥਾਂ ਰਾਗੀ, ਬਾਜਰੇ ਤੇ ਮੱਕੀ ਦਾ ਆਟਾ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਰੀਫਾਇੰਡ ਘਿਓ ਨੂੰ ਦੇਸੀ ਘਿਓ ਉੱਤੇ ਪਹਿਲ ਨਹੀਂ ਦੇਣੀ ਚਾਹੀਦੀ।
ਡਾ. ਹਰਸ਼ਿੰਦਰ ਕੌਰ ਸੰਪਰਕ: 0175-2216783