ਮਨ ਦੀ ਸ਼ਾਂਤੀ

0
294

ਸਾਡੇ ਜੀਵਨ ਵਿਚ ਮਨ ਦੀ ਸ਼ਾਂਤੀ ਸਾਧਨ-ਸਹੂਲਤਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੈ ਪਰ ਦੁੱਖ ਦੀ ਗੱਲ ਹੈ ਕਿ ਸਾਡਾ ਧਿਆਨ ਉਸ ਪਾਸੇ ਨਹੀਂ ਜਾ ਰਿਹਾ।
ਨਤੀਜਾ ਇਨਸਾਨ ਦਾ ਮਿਜ਼ਾਜ ਵਿਗੜ ਰਿਹਾ ਹੈ ਜਿਸ ਕਾਰਨ ਉਹ ਖ਼ੁਦ ਤਾਂ ਬੇਚੈਨ ਰਹਿੰਦਾ ਹੀ ਹੈ, ਉਸ ਦਾ ਪਰਿਵਾਰਕ ਜੀਵਨ ਵੀ ਅਸ਼ਾਂਤ ਅਤੇ ਉਥਲ-ਪੁਥਲ ਵਾਲਾ ਬਣਿਆ ਰਹਿੰਦਾ ਹੈ। ਇਸ ਦਾ ਅਸਰ ਸਮਾਜ ਅਤੇ ਦੇਸ਼ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ‘ਮੂਡ-ਆਫ’ ਦੀ ਗੱਲ ਅੱਜ ਮੰਮੀ-ਪਾਪਾ ਹੀ ਨਹੀਂ, ਛੋਟੇ-ਛੋਟੇ ਬੱਚਿਆਂ ਦੇ ਮੂੰਹੋਂ ਵੀ ਸੁਣਨ ਨੂੰ ਮਿਲ ਰਹੀ ਹੈ।
ਜਦ ਤਕ ਮਨ ਨੂੰ ਸਿਖਲਾਈਸ਼ੁਦਾ, ਸੰਤੁਲਿਤ ਅਤੇ ਅਨੁਸ਼ਾਸਿਤ ਬਣਾਉਣ ਦੀ ਦਿਸ਼ਾ ਪ੍ਰਤੀ ਮਨੁੱਖੀ ਸਮਾਜ ਜਾਗਰੂਕ ਨਹੀਂ ਹੋਵੇਗਾ, ਉਦੋਂ ਤਕ ਬੌਧਿਕ ਅਤੇ ਆਰਥਿਕ ਖ਼ੁਸ਼ਹਾਲੀ ਵੀ ਵਿਕਾਸ ਅਤੇ ਉਤਸ਼ਾਹ ਦਾ ਸਾਧਨ ਨਾ ਹੋ ਕੇ ਉਦਾਸੀ ਤੇ ਤਬਾਹੀ ਦਾ ਕਾਰਨ ਹੋ ਸਕਦੀ ਹੈ।
ਜੀਵਨ ਮੌਕਾ ਨਹੀਂ, ਤਜਰਬੇ ਦਾ ਨਾਂ ਹੈ। ਹਰ ਸਮੇਂ ਦੀ ਤੇਰੀ-ਮੇਰੀ, ਹਾਰ-ਜਿੱਤ ਅਤੇ ਹਰੇਕ ਚੀਜ਼ ਨੂੰ ਆਪਣੇ ਕਾਬੂ ਹੇਠ ਕਰਨ ਦੀ ਭੱਜ-ਦੌੜ ਬੇਚੈਨੀ ਦੇ ਸਿਵਾਏ ਹੋਰ ਕੁਝ ਨਹੀਂ ਦਿੰਦੀ। ਹਰ ਪਲ ਖ਼ਦਸ਼ਿਆਂ ਨਾਲ ਘਿਰਿਆ ਮਨ ਜ਼ਿੰਦਗੀ ਦੇ ਮਾਅਨੇ ਹੀ ਨਹੀਂ ਸਮਝ ਪਾ ਰਿਹਾ ਹੈ।
ਕਿਸੇ ਨਾ ਕਿਸੇ ਰੂਪ ਵਿਚ ਦੁੱਖ ਹਰੇਕ ਦੀ ਜ਼ਿੰਦਗੀ ਵਿਚ ਹੁੰਦਾ ਹੈ। ਹਾਲਾਂਕਿ ਕਈ ਵਾਰ ਅਹਿਸਾਸ ਇੰਨਾ ਮਾੜਾ ਹੁੰਦਾ ਹੈ ਕਿ ਜਿਵੇਂ-ਜਿਵੇਂ ਵਕਤ ਗੁਜ਼ਰਦਾ ਹੈ, ਉਸ ਦੀ ਕੁੜੱਤਣ ਹਰ ਚੀਜ਼ ਨੂੰ ਆਪਣੀ ਪਕੜ ਵਿਚ ਲੈਣ ਲੱਗਦੀ ਹੈ। ਪਰ ਦਾਰਸ਼ਨਿਕ ਰੂਮੀ ਕਹਿੰਦੇ ਹਨ, ‘ਦੇਖਣਾ, ਤੁਹਾਡੇ ਦੁੱਖ ਅਤੇ ਦਰਦ ਜ਼ਹਿਰੀਲੇ ਨਾ ਹੋ ਜਾਣ। ਆਪਣੇ ਦਰਦ ਨੂੰ ਪ੍ਰੇਮ ਤੇ ਸਬਰ ਦੇ ਧਾਗੇ ਨਾਲ ਗੰਢਣਾ।’ ਅਜਿਹਾ ਕਰਨ ਦਾ ਇੱਕੋ ਹੀ ਤਰੀਕਾ ਹੈ ਮਨ ਨੂੰ ਸਮਝਾਉਣਾ, ਉਸ ਨੂੰ ਤਿਆਰ ਕਰਨਾ।
ਚੇਤੇ ਰੱਖੋ, ਮਨ ਨੂੰ ਜਿੱਤਣ ’ਤੇ ਜਿੱਤ ਹੈ, ਮਨ ਦੇ ਹਾਰਨ ’ਤੇ ਹਾਰ। ਮਾਫ਼ਕ ਤੇ ਗ਼ੈਰ-ਮਾਫ਼ਕ ਹਾਲਾਤ, ਸਰਲਤਾ ਅਤੇ ਔਖਿਆਈ ਅਤੇ ਸੁੱਖ ਤੇ ਦੁੱਖ ਦੇ ਅਹਿਸਾਸ ਦੇ ਨਾਲ ਮਨ ਦੀ ਕਲਪਨਾ ਦਾ ਸਬੰਧ ਯਕੀਨਨ ਹੁੰਦਾ ਹੈ। ਕਿਸੇ ਵੀ ਵਿਅਕਤੀ ਅਤੇ ਹਾਲਾਤ ਪ੍ਰਤੀ ਸ਼ਿਕਾਇਤ ਦੀ ਭਾਸ਼ਾ ਵਿਚ ਨਹੀਂ ਸੋਚਣਾ ਚਾਹੀਦਾ। ਜਦ ਮਨ ਵਿਚ ਸ਼ਾਂਤੀ ਦੇ ਫੁੱਲ ਖਿੜਦੇ ਹਨ ਤਾਂ ਫੁੱਲਾਂ ਵਿਚੋਂ ਵੀ ਕੰਡੇ ਚੁਭਦੇ ਹਨ ਤੇ ਪੀੜਾ ਦਾ ਅਹਿਸਾਸ ਹੁੰਦਾ ਹੈ। ਇਸ ਲਈ ਹਰੇਕ ਇਨਸਾਨ ਨੂੰ ਆਪਣੇ ਮਨ ਨੂੰ ਕਾਬੂ ਹੇਠ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦੇ ਬੇਕਾਬੂ ਰਹਿਣ ’ਤੇ ਉਹ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਵਿਚ ਘਿਰਿਆ ਰਹਿੰਦਾ ਹੈ।