ਵਿਸਰਦਾ ਵਿਰਸਾ: ਘੜੋਲੀ ਭਰਨੀ

0
775

ਵਿਆਹ ਦੇ ਮੌਕੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਦਾ ਕੋਈ ਹੱਦ-ਬੰਨਾ ਨਹੀਂ ਨਿਸ਼ਚਤ ਕੀਤਾ ਜਾ ਸਕਦਾ। ਕੁਝ ਰਸਮਾਂ ਜਿਹੜੀਆਂ ਵੇਖੀਆਂ-ਸੁਣੀਆਂ ਹਨ ਜਾਂ ਜਿਨ੍ਹਾਂ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਕੀਤਾ ਗਿਆ ਮਿਲਦਾ ਹੈ, ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸਹਿਜ ਕਾਰਜ ਨਹੀਂ। ਕਈ ਰਸਮਾਂ ਨੂੰ ਨਿਭਾਉਣ ਦਾ ਮਹੱਤਵ ਤੇ ਚਲਨ ਕਿਸੇ ਇਲਾਕੇ ਵਿਸ਼ੇਸ਼ ਜਾਂ ਭੂ-ਭਾਗ ਤਕ ਸੀਮਿਤ ਹੋ ਕੇ ਰਹਿ ਜਾਂਦਾ ਹੈ ਅਤੇ ਕਈ ਰਸਮਾਂ ਵਿਸ਼ੇਸ਼ ਜਾਤਾਂ, ਬਰਾਦਰੀਆਂ ਜਾਂ ਭਾਈਚਾਰਿਆਂ ਤਕ ਸੀਮਿਤ ਰਹਿ ਜਾਂਦੀਆਂ ਹਨ। ਘੜੋਲੀ ਭਰਨੀ ਵਿਆਹ ਦੇ ਮੌਕੇ ’ਤੇ ਨਿਭਾਈ ਜਾਣ ਵਾਲੀ ਰਸਮ ਹੁੰਦੀ ਸੀ ਜਿਸ ਨੂੰ ਬੜੀਆਂ ਰੀਝਾਂ ਤੇ ਉਤਸ਼ਾਹ ਨਾਲ ਸੰਪੰਨ ਕੀਤਾ ਜਾਂਦਾ ਸੀ। ਸੁਣਨ ਵਿੱਚ ਆਉਂਦਾ ਹੈ ਕਿ ਇਸ ਰਸਮ ਦੇ ਮਹੱਤਵ ਦੀ ਸ਼ਿੱਦਤ ਵੀ ਬਹੁਤੀਆਂ ਹਾਲਤਾਂ ਵਿੱਚ ਸਥਾਨਕ ਪੱਧਰ ਤਕ ਸਿਮਟ ਜਾਂਦੀ ਰਹੀ ਹੈ।
ਵਿਆਹ ਤੋਂ ਇੱਕ ਦਿਨ ਪਹਿਲਾਂ ਵਰ/ਕੰਨਿਆ ਨੂੰ ਆਪੋ-ਆਪਣੇ ਘਰੀਂ ਇਸ਼ਨਾਨ ਕਰਵਾਉਣ ਦੇ ਮਹੱਤਵ ਹਿੱਤ ਘਰ/ਸਾਕੇਦਾਰੀ ਦੀਆਂ ਔਰਤਾਂ ਵੱਲੋਂ ਘੜੋਲੀ ਵਿੱਚ ਪਾਣੀ ਪਾਇਆ ਜਾਂਦਾ ਸੀ। ਛੋਟੇ ਘੜੇ ਨੂੰ ਘੜੋਲੀ ਕਹਿ ਲਿਆ ਜਾਂਦਾ ਸੀ। ਘੜੋਲੀ ਨੂੰ ਵਰ/ਕੰਨਿਆ ਦੀ ਭਾਬੀ ਆਪਣੇ ਸਿਰ ਉੱਤੇ ਚੁੱਕ ਲੈਂਦੀ ਸੀ। ਭਾਬੀ ਨਾ ਹੋਣ ਦੀ ਸੂਰਤ ਵਿੱਚ ਮਾਮੀ ਜਾਂ ਕਿਸੇ ਹੋਰ ਨੇੜਲੇ ਰਿਸ਼ਤੇ ਵਿੱਚੋਂ ਕਿਸੇ ਆਪਣੀ ਸਮਝੀ ਜਾਣ ਵਾਲੀ ਔਰਤ ਨੂੰ ਇਹ ਕਾਰਜ ਕਰਨ ਲਈ ਕਹਿ ਦਿੱਤਾ ਜਾਂਦਾ ਸੀ। ਘੜੋਲੀ ਦੇ ਗਲੇ ਦੇ ਚੌਫੇਰੇ ਲਾਲ-ਪੀਲੇ ਰੰਗ ਦੀਆਂ ਅੱਟੀਆਂ (ਸੂਤੜੀਆਂ) ਬੰਨ੍ਹ ਲਈਆਂ ਜਾਂਦੀਆਂ ਸਨ ਤੇ ਉੱਪਰ ਗੁੜ, ਖੋਪਾ, ਗੁਲਗੁਲੇ, ਟਿੱਕੀਆਂ, ਪਤਾਸੇ ਆਦਿ ਰੱਖ ਕੇ ਘੜੋਲੀ ਨੂੰ ਫੁੱਲਾਂ ਨਾਲ ਸ਼ਿੰਗਾਰ ਲਿਆ ਜਾਂਦਾ ਸੀ। ਜਿਹੜੀ ਔਰਤ ਨੇ ਘੜੋਲੀ ਨੂੰ ਸਿਰ ਉੱਤੇ ਚੁੱਕਣਾ ਹੁੰਦਾ ਸੀ, ਉਹ ਨਵੇਂ ਸੁੰਦਰ ਕੱਪੜੇ ਪਹਿਨਦੀ ਸੀ ਤੇ ਸ਼ਗਨ ਵਜੋਂ ਸਿਰ ਉੱਤੇ ਉਹ ਗੂੜ੍ਹੇ ਲਾਲ ਜਾਂ ਗੁਲਾਬੀ ਰੰਗ ਦਾ ਗੋਟੇ, ਕਿਨਾਰੀ, ਸਿਤਾਰਿਆਂ ਆਦਿ ਨਾਲ ਸ਼ਿੰਗਾਰਿਆ ਦੁਪੱਟਾ ਲੈਂਦੀ ਸੀ। ਇਕੱਠੀਆਂ ਹੋ ਕੇ ਔਰਤਾਂ ਦਾ ਸਮੂਹ ਘਰੋਂ ਚੱਲ ਪੈਂਦਾ ਸੀ ਤੇ ਔਰਤਾਂ ਸਮੂਹਿਕ ਰੂਪ ਵਿੱਚ ਢੋਲਕੀ ਨਾਲ ਆਵਾਜ਼ ਮੇਲ ਕੇ ਗੀਤ ਗਾਉਂਦੀਆਂ ਸਨ। ਇਹ ਗੀਤ ਖ਼ੁਸ਼ੀਆਂ ਬਿਖੇਰਦੇ ਜਾਂਦੇ ਸਨ। ਕਿਸੇ ਖੂਹ ਜਾਂ ਟੋਭੇ ਤਕ ਪਹੁੰਚਣ ਤਕ ਔਰਤਾਂ ਗੀਤ ਗਾਉਣ ਦੀ ਲੜੀ ਨੂੰ ਜੋੜੀ ਰੱਖਦੀਆਂ ਸਨ। ਕਿਸੇ ਖੂਹ ਜਾਂ ਟੋਭੇ ਤੋਂ ਉਹ ਪਾਣੀ ਭਰਦੀਆਂ ਸਨ। ਜੇ ਪਿੰਡ ਦੇ ਗੁਰਦੁਆਰੇ, ਮੰਦਰ, ਸ਼ਿਵਾਲੇ ਜਾਂ ਕਿਸੇ ਹੋਰ ਧਾਰਮਿਕ ਅਸਥਾਨ ’ਤੇ ਕੋਈ ਖੂਹ ਹੁੰਦਾ ਸੀ ਤਾਂ ਉੱਥੋਂ ਹੀ ਘੜੋਲੀ ਵਿੱਚ ਪਾਣੀ ਭਰ ਲਿਆ ਜਾਂਦਾ ਸੀ। ਘੜੋਲੀ ਵਿੱਚ ਪਾਣੀ ਭਰ ਕੇ ਪਤਾਸੇ, ਗੁੜ, ਖੋਪੇ, ਟਿੱਕੀਆਂ, ਗੁਲਗਲਿਆਂ ਆਦਿ ਦੇ ਪ੍ਰਸ਼ਾਦ ਨੂੰ ਜਲ ਦੇਵਤੇ ਦਾ ਭੋਗ ਲਗਾ ਕੇ ਵਰਤਾਇਆ ਜਾਂਦਾ ਸੀ। ਜਦੋਂ ਔਰਤਾਂ ਘੜੋਲੀ ਨੂੰ ਪਾਣੀ ਨਾਲ ਭਰ ਕੇ ਘਰ ਪਹੁੰਚਦੀਆਂ ਸਨ ਤਾਂ ਵਰ/ਕੰਨਿਆ ਦੀ ਮਾਂ ਘੜੋਲੀ ਚੁੱਕਣ ਵਾਲੀ ਔਰਤ ਨੂੰ ਸ਼ਗਨ ਵਜੋਂ ਕੁਝ ਰੁਪਏ ਉਸ ਦੀ ਹਥੇਲੀ ’ਤੇ ਰੱਖਦੀ ਸੀ। ਇਸੇ ਘੜੋਲੀ ਦੇ ਪਾਣੀ ਨੂੰ ਦੂਜੇ ਪਾਣੀ ਵਿੱਚ ਰਲਾਅ ਕੇ ਵਰ/ਕੰਨਿਆ ਨੂੰ ਇਸ਼ਨਾਨ ਕਰਵਾਇਆ ਜਾਂਦਾ ਸੀ।
ਘੜੋਲੀ ਭਰਨ ਵੇਲੇ ਜੋ ਗੀਤ ਗਾਏ ਜਾਂਦੇ ਸਨ, ਉਨ੍ਹਾਂ ਨੂੰ ਘੜੋਲੀ ਦੇ ਗੀਤ ਕਿਹਾ ਜਾਂਦਾ ਸੀ। ਇਹ ਗੀਤ ਵਧੇਰੇ ਕਰਕੇ ਢੋਲਕੀ ਨਾਲ ਗਾਏ ਜਾਂਦੇ ਸਨ। ਇਨ੍ਹਾਂ ਲੋਕਗੀਤਾਂ ਵਿੱਚ ਭੈਣਾਂ ਤੇ ਭਰਜਾਈਆਂ ਵੱਲੋਂ ਆਪਣੇ ਵੀਰ/ਭੈਣ/ਨਨਾਣ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਨੂੰ ਸੰਜੋਇਆ ਗਿਆ ਹੁੰਦਾ ਸੀ।
ਘੜੋਲੀ ਭਰਨ ਜਾਣ ਵੇਲੇ ਔਰਤਾਂ ਵੱਲੋਂ ਗਾਇਆ ਜਾਂਦਾ ਰਿਹਾ ਹੇਠ ਲਿਖਿਆ ਲੋਕ ਗੀਤ ਉਸ ਮੌਕੇ ਦੀ ਰੌਣਕ ਤੇ ਰੰਗ ਨੂੰ ਗੂੜ੍ਹਾ ਕਰਦਾ ਰਿਹਾ ਹੈ:
ਦੇਵਰ ਰਾਜੇ ਦਾ ਵਿਆਹ
ਕਿ ਭਰਜਾਈਆਂ ਘੜੋਲੀ ਨੂੰ ਚੱਲੀਆਂ
ਸ਼ਾਵਾ! ਮੈਂ ਵਾਰੀ ਲਾਲ ਤੋਂ…
ਵੀਰ ਰਾਜੇ ਦਾ ਵਿਆਹ
ਭੈਣਾਂ ਘੜੋਲੀ ਨੂੰ ਚੱਲੀਆਂ
ਸ਼ਾਵਾ! ਮੈਂ ਵਾਰੀ ਲਾਲ ਤੋਂ…
ਇਸ ਘੜੋਲੀ ਨੂੰ ਬੰਨ੍ਹੀਆਂ ਅੱਟੀਆਂ
ਲਾੜੇ ਦੀਆਂ ਦੂਰ ਬਲੱਟੀਆਂ
ਨਜ਼ਰ ਨਾ ਲੱਗੇ ਟਪਾਰ ਨੀ
ਸ਼ਾਵਾ! ਮੈਂ ਵਾਰੀ ਲਾਲ ਤੋਂ…
ਘੜੋਲੀ ਵਿੱਚ ਮੈਂ ਧਰੇ ਪਤਾਸੇ
ਲਾਲ ਮੇਰੇ ਦੇ ਮਿੱਠੇ ਹਾਸੇ
ਵੰਡਦਾ ਫਿਰੇ ਘਰ ਬਾਹਰ ਨੀ
ਸ਼ਾਵਾ! ਮੈਂ ਵਾਰੀ ਲਾਲ ਤੋਂ…।
ਜਦੋਂ ਔਰਤਾਂ ਘੜੋਲੀ ਭਰ ਕੇ ਘਰ ਵੱਲ ਨੂੰ ਵਾਪਸ ਪਰਤਦੀਆਂ ਸਨ ਤਾਂ ਲੋਕ ਗੀਤ ਦੀਆਂ ਹੇਠਲੀਆਂ ਤੁਕਾਂ ਨੂੰ ਉਹ ਬੜੇ ਉਮਾਹ ਨਾਲ ਗਾਉਂਦੀਆਂ ਸਨ:
ਵਾਹ-ਵਾਹ ਘੜੋਲੀ ਭਰ ਆਈ ਆਂ
ਵਾਹ-ਵਾਹ ਘੜੋਲੀ ਭਰ ਆਈ ਆਂ
ਮੈਂ ਸ਼ਗਨ ਲਾਲ ਦੇ ਕਰ ਆਈ ਆਂ
ਮੈਂ ਸ਼ਗਨ ਵੀਰ ਦੇ ਕਰ ਆਈ ਆਂ…।

ਘੜੋਲੀ ਭਰਨ ਦੇ ਗੀਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਰਾਹੀਂ ਵਰ/ਕੰਨਿਆ ਦਾ ਗੁਣ ਗਾਇਨ ਵੀ ਕੀਤਾ ਜਾਂਦਾ ਸੀ। ਉਨ੍ਹਾਂ ਦੀ ਸੁੰਦਰਤਾ ਦੀ ਤਾਰੀਫ਼ ਵੀ ਕੀਤੀ ਜਾਂਦੀ ਸੀ ਤੇ ਉਨ੍ਹਾਂ ਨੂੰ ਅਸੀਸ ਵੀ ਦਿੱਤੀ ਜਾਂਦੀ ਸੀ।
ਸਮਾਜ ਦਾ ਮੈਰਿਜ ਪੈਲੇਸ ਸੱਭਿਆਚਾਰ ਵੱਲ ਨੂੰ ਮੋੜਾ ਸੁਭਾਵਿਕ ਹੈ। ਇਹ ਸਮੇਂ ਦੀ ਲੋੜ ਵਿੱਚੋਂ ਪੈਦਾ ਹੋਇਆ ਵਰਤਾਰਾ ਹੈ। ਵਿਆਹ ਦੀਆਂ ਕਈ ਰਸਮਾਂ ਨੇ ਇਸ ਆਏ ਬਦਲਾਓ ਤੋਂ ਪਹਿਲਾਂ ਹੀ ਦਮ ਤੋੜਨਾ ਸ਼ੁਰੂ ਕਰ ਦਿੱਤਾ ਸੀ। ਹੁਣ ਅਜੋਕੇ ਦੌਰ ਨੇ ਵਿਆਹ ਦੀਆਂ ਪੁਰਾਣੀਆਂ ਰਸਮਾਂ ਨੂੰ ਬਹੁਤ ਹੱਦ ਤਕ ਅਣਡਿੱਠ ਵੀ ਕਰ ਦਿੱਤਾ ਹੈ ਤੇ ਵਿਸਾਰ ਵੀ ਦਿੱਤਾ ਹੈ। ਮੈਰਿਜ ਪੈਲੇਸਾਂ ਵਿੱਚ ਹੁੰਦੇ ਵਿਆਹਾਂ ਨੇ ਇਸ ਸਮਾਜਿਕ ਉਤਸਵ ਦੀ ਤਰਜ਼ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਸ਼ੋਰ-ਸ਼ਰਾਬੇ ਵਿੱਚ ਪੁਰਾਣੀਆਂ ਰਸਮਾਂ ਦਾ ਗਵਾਚ ਜਾਣਾ ਗ਼ੈਰ-ਕੁਦਰਤੀ ਨਹੀਂ, ਸਗੋਂ ਸੁਭਾਵਿਕ ਵਰਤਾਰਾ ਹੈ

ਡਾ.ਪ੍ਰਿਤਪਾਲ ਸਿੰਘ ਮਹਿਰੋਕ  ਸੰਪਰਕ: 98885-10185