ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੇ ਢਿੱਡ ’ਤੇ ਚੀਨ ਦੇ ਫੈਂਸੀ ਸਾਮਾਨ ਨੇ ਮਾਰੀ ਲੱਤ

0
374

ਚਾਈਨਾ ਦੀਆਂ ਲੜੀਆਂ ਤੇ ਚਾਈਨਾ ਦੇ ਫੈਂਸੀ ਸਾਮਾਨ ਨੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੇ ਢਿੱਡ ’ਚ ਲੱਤ ਮਾਰ ਦਿੱਤੀ ਹੈ। ਪ੍ਰਜਾਪਤ ਬਰਾਦਰੀ ਨਾਲ ਸਬੰਧ ਰੱਖਣ ਵਾਲੇ ਇਨ੍ਹਾਂ ਹੁਨਰਮੰਦ ਕਾਮਿਆਂ ਦਾ ਰੁਜ਼ਗਾਰ ਖੁੱਸਣ ਕਿਨਾਰੇ ਹੈ। ਇਨ੍ਹਾਂ ਦੀ ਅਗਲੀ ਪੀੜ੍ਹੀ ਆਪਣੇ ਪਿਤਾ ਪੁਰਖੀ ਕਿੱਤੇ ਤੋਂ ਮੂੰਹ ਮੋੜ ਚੁੱਕੀ ਹੈ। ਬਠਿੰਡਾ ਦੇ ਬੀਬੀ ਵਾਲਾ ਚੌਕ ਦੇ ਫੁੱਟਪਾਥ ’ਤੇ ਮਿੱਟੀ ਦੇ ਭਾਂਡੇ ਤੇ ਫੈਂਸੀ ਸਾਮਾਨ ਵੇਚਣ ਵਾਲੇ ਗੰਗਾ ਨਗਰ ਅਤੇ ਅਬੋਹਰ ਦੇ ਇਨ੍ਹਾਂ ਹੁਨਰਮੰਦ ਕਾਮਿਆਂ ਦਾ ਦਰਦ ਛਲਕ ਉੱਠਿਆ। ਗੰਗਾ ਨਗਰ ਦੇ ਰਾਧੇ ਸ਼ਾਮ ਨੇ ਦੱਸਿਆ ਕਿ ਉਹ 40 ਸਾਲਾਂ ਤੋਂ ਆਪਣੇ ਪਿਤਾ-ਪੁਰਖੀ ਕਿੱਤੇ ਨਾਲ ਜੁੜ ਕੇ ਮਿੱਟੀ ਦੇ ਭਾਂਡੇ ਬਣਾਉਣ ਦੇ ਕੰਮ ਨੂੰ ਅੱਗੇ ਤੋਰ ਰਿਹਾ ਹੈ, ਪਰ ਹੁਣ ਇਹ ਕਿੱਤਾ ਘਾਟੇ ਦਾ ਸੌਦਾ ਹੋ ਕੇ ਰਹਿ ਗਿਆ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਇਸ ਚੌਕ ਦੇ ਫੁੱਟਪਾਥ ਉੱਪਰ ਮਿੱਟੀ ਦੇ ਬਣਾਏ ਭਾਂਡੇ ਵੇਚਣ ਲਈ ਬੈਠਾ ਹੈ ਅਤੇ ਗਾਹਕਾਂ ਦੀ ਮੰਗ ਅਨੁਸਾਰ ਕੁਝ ਚਾਈਨਾ ਦਾ ਫੈਂਸੀ ਸਾਮਾਨ ਵੀ ਰੱਖੀ ਬੈਠਾ ਹੈ। ਪਰ ਗਾਹਕ ਬਹੁਤ ਘੱਟ ਮਿੱਟੀ ਦੇ ਭਾਂਡੇ ਖ਼ਰੀਦਦਾ ਹੈ। ਮਿੱਟੀ ਦੇ ਭਾਂਡੇ ਖ਼ਰੀਦਦਾ ਵੀ ਹੈ ਤਾਂ ਸਾਡੀ ਕੀਤੀ ਮਿਹਨਤ ਦਾ ਮੁੱਲ ਵੀ ਨਹੀਂ ਪਾਉਂਦਾ।
ਉਨ੍ਹਾਂ ਕਿਹਾ ਕਿ ਜਦੋਂ ਉਸਨੇ ਆਪਣੇ ਪਿਤਾ-ਪੁਰਖੀ ਕੰਮ ਨੂੰ 40 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤਾਂ ਉਦੋਂ ਮਿੱਟੀ ਦੇ ਭਾਂਡੇ ਬਣਾਉਣ ਲਈ ਕਾਲੀ ਮਿੱਟੀ ਦੀ 5 ਹਜ਼ਾਰ ਰੁਪਏ ਪ੍ਰਤੀ ਟਰਾਲੀ ਸੀ। ਹੁਣ ਉਹ ਟਰਾਲੀ 15 ਹਜ਼ਾਰ ਨੂੰ ਮਿਲਦੀ ਹੈ। ਰਾਧੇ ਸ਼ਾਮ ਨੇ ਦੱਸਿਆ ਕਿ ਕਾਲੀ ਮਿੱਟੀ ਵੀ ਉਨ੍ਹਾਂ ਖੇਤਾਂ ਵਿਚ ਹੁੰਦੀ ਹੈ ਜੋ ਜ਼ਿਮੀਂਦਾਰ ਰੱਜਿਆ ਪੁੱਜਿਆ ਹੁੰਦਾ ਹੈ ਪਰ ਨੀਅਤ ਦਾ ਮਾੜਾ ਹੁੰਦਾ ਹੈ। ਉਹ ਸਾਨੂੰ ਮਿੱਟੀ ਦੀ ਟਰਾਲੀ ਆਪਣੀ ਮਰਜ਼ੀ ਦੇ ਰੇਟ ਮੁਤਾਬਕ ਦਿੰਦਾ ਹੈ ਅਤੇ ਅਹਿਸਾਨ ਵੀ ਜਤਾਉਂਦਾ ਹੈ ਕਿ ਮੇਰੇ ਖੇਤ ਬਿਨਾਂ ਤੁਹਾਨੂੰ ਕਿਤੋਂ ਵੀ ਮਿੱਟੀ ਨਹੀਂ ਮਿਲਣੀ। ਉਨ੍ਹਾਂ ਕਿਹਾ ਕਿ ਇਕ ਮਿੱਟੀ ਦੀ ਟਰਾਲੀ ’ਚੋਂ 1 ਹਜ਼ਾਰ ਘੜਾ ਤਿਆਰ ਹੁੰਦਾ ਹੈ, ਘੜੇ ਦੀ ਕੀਮਤ ਮਹਿਜ਼ ਸੌ ਰੁਪਏ ਪ੍ਰਤੀ ਘੜਾ ਸਾਡੇ ਵੱਲੋਂ ਰੱਖਿਆ ਜਾਂਦਾ ਹੈ, ਪਰ ਗਾਹਕ ਆਪਣੀ ਮਰਜ਼ੀ ਦਾ ਰੇਟ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇ ਅੱਜ ਦੇ ਅਗਾਂਹ ਵਧੂ ਇਨਸਾਨ ਨੇ ਕੁਦਰਤ ਤੋਂ ਮੁੱਖ ਮੋੜਿਆ ਹੈ ਤਾਂ ਇਨਸਾਨ ਦੇ ਪੱਲੇ ਸਰੀਰਕ ਬਿਮਾਰੀਆਂ ਹੀ ਪਈਆਂ ਹਨ, ਕਿਉਂਕਿ ਮਿੱਟੀ ਦੇ ਘੜੇ ਵਿਚਲਾ ਪਾਣੀ ਕੁਦਰਤੀ ਹੁੰਦਾ ਹੈ, ਜੋ ਕਿ ਫਰਿੱਜ ਜਾਂ ਵਾਟਰ ਕੂਲਰਾਂ ਵਿਚ ਪਾਣੀ ਸਿਹਤ ਲਈ ਹਾਨੀਕਾਰਕ ਹੋ ਕੇ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
ਕਾਰੀਗਰ ਨੇ ਕਿਹਾ ਕਿ ਜਿਹੜਾ ਇਨਸਾਨ ਮਿੱਟੀ ਦੇ ਘੜੇ ’ਚੋਂ ਪਾਣੀ ਪੀਂਦਾ ਹੈ ਅਤੇ ਮਿੱਟੀ ਦੇ ਕੁੱਜੇ ਵਿਚ ਜਿਹੜੀਆਂ ਸੁਆਣੀਆਂ ਦਾਲ ਸਬਜ਼ੀ ਚੁੱਲੇ੍ਹ ਉੱਪਰ ਬਣਾਉਂਦੀਆਂ ਹਨ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਸਿਹਤਮੰਦ ਜ਼ਿੰਦਗੀ ਜਿਉਂਦਾ ਹੈ। ਅੱਜ ਦਾ ਇਨਸਾਨ ਮਿੱਟੀ ਤੋਂ ਬਹੁਤ ਦੂਰ ਜਾ ਰਿਹਾ ਹੈ ਜਦੋਂ ਕਿ ਇਨਸਾਨ ਜਨਮ ਤੋਂ ਲੈ ਕੇ ਮਰਨ ਤਕ ਮਿੱਟੀ ਦੇ ਹੱਥਾਂ ਵਿਚ ਖੇਡਦਾ ਹੈ। ਜੰਮਦਾ ਵੀ ਮਿੱਟੀ ’ਚ ਹੈ ਤੇ ਮਰਨ ਸਮੇਂ ਵੀ ਮਿੱਟੀ ’ਚ ਸਮਾ ਜਾਂਦਾ ਹੈ, ਪਰ ਸਾਡੇ ਹੁਨਰ ਦੀ ਕਦਰ ਨਹੀਂ ਕਰਦਾ।

ਅਬੋਹਰ ਦੀ ਰੂਪੀ ਕੌਰ ਨੇ ਦੱਸਿਆ ਕਿ ਸਮੇਂ ਅਨੁਸਾਰ ਸਾਨੂੰ ਵੀ ਚੱਲਣਾ ਪੈਂਦਾ ਹੈ। ਹੁਣ ਉਹ ਕਰਵਾ ਚੌਥ ਤੇ ਦੀਵਾਲੀ ਲਈ ਵਰਤੇ ਜਾਣ ਵਾਲੇ ਕੁੱਜਿਆਂ, ਦੀਵਿਆਂ ਨੂੰ ਵੀ ਰੰਗ ਰੋਗਨ ਕਰ ਕੇ ਉਨ੍ਹਾਂ ਉੱਪਰ ਆਪਣੇ ਹੱਥੀ ਵੇਲ ਬੂਟੇ ਪਾ ਕੇ ਗਾਹਕ ਨੂੰ ਖ਼ੁਸ਼ ਕਰਨ ਲਈ ਮਿਹਨਤ ਕਰ ਰਹੀ ਹੈ, ਪਰ ਜਦੋਂ ਗਾਹਕ ਸਾਡੇ ਹੁਨਰ ਦੀ ਕਦਰ ਨਹੀਂ ਪਾਉਂਦਾ ਤਾਂ ਮਨ ਉਦਾਸ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੰਮ ਨੂੰ ਚਾਈਨਾ ਦੀਆਂ ਲੜੀਆਂ ਤੇ ਚਾਈਨਾ ਦੇ ਫੈਂਸੀ ਸਾਮਾਨ ਨੇ ਵੱਡੀ ਸੱਟ ਮਾਰੀ ਹੈ। ਮਜਬੂਰੀ ਵੱਸ ਸਾਨੂੰ ਵੀ ਚਾਈਨਾ ਦਾ ਫੈਂਸੀ ਸਾਮਾਨ ਰੱਖਣਾ ਪੈਂਦਾ ਹੈ। ਉਹ ਰੋਜ਼ਾਨਾ 200 ਤੋਂ 250 ਰੁਪਏ ਮਸਾਂ ਦਿਹਾੜੀ ਬਣਾਉਂਦੇ ਹਨ। ਆਪਣਾ ਘਰ ਛੱਡਿਆਂ ਨੂੰ ਵੀ ਕਈ ਮਹੀਨੇ ਹੋ ਗਏ। ਦਿਵਾਲੀ ਤੋਂ ਪੰਜ ਕੁ ਦਿਨਾਂ ਬਾਅਦ ਉਹ ਆਪਣੇ ਘਰ ਚਲੇ ਜਾਣਗੇ ਪਰ ਲੱਗਦਾ ਇੱਥੇ ਵੀ ਪੱਲੇ ਕੁਝ ਨਹੀਂ ਪੈਣਾ। ਉਨ੍ਹਾਂ ਕਿਹਾ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਇਸ ਕਿੱਤੇ ਵਾਲੇ ਪਾਸਿਓ ਮੁੱਖ ਮੋੜ ਚੁੱਕੀ ਹੈ। ਅਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੱਲ ਤਰਜੀਹ ਦਿੰਦੇ ਹਾਂ।