ਸੇਵਾ ਦੇ ਪੁੰਜ ਭਗਤ ਪੂਰਨ ਸਿੰਘ

0
1186

ਜਨਮ ਦਿਨ ਤੇ ਵਿਸ਼ੇਸ(4ਜੂਨ):

ਭਗਤ ਪੂਰਨ ਸਿੰਘ ਦਾ ਪਹਿਲਾ ਨਾਂ ਰਾਮਜੀ ਦਾਸ ਸੀ। ਉਨ੍ਹਾਂ ਦਾ ਜਨਮ ਇਕ ਖਾਂਦੇ-ਪੀਂਦੇ ਹਿੰਦੂ ਪਰਿਵਾਰ ਵਿਚ 4 ਜੂਨ 1904 ਈਸਵੀ ਨੂੰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਪਿਤਾ ਛਿੱਬੂ ਮੱਲ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਭਗਤ ਪੂਰਨ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ‘ਚ ਪੜ੍ਹਦਿਆਂ ਆਪ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿਚ ਗ਼ਰੀਬੀ ਆ ਜਾਣ ਕਾਰਨ ਪੂਰਨ ਨੂੰ ਪੜ੍ਹਾਈ ਛੱਡ ਕੇ ਆਪਣੀ ਮਾਂ ਦੇ ਕੋਲ ਲਾਹੌਰ ਜਾਣਾ ਪਿਆ ਜਿੱਥੇ ਉਹ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜਣ ਦੀ ਨੌਕਰੀ ਕਰਦੀ ਸੀ। ਭਗਤ ਪੂਰਨ ਸਿੰਘ ਦੇ ਜੀਵਨ ਅੰਦਰ ਅਨੋਖਾ ਕ੍ਰਿਸ਼ਮਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਨੌਕਰੀ ਦੀ ਤਲਾਸ਼ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਚ ਸ਼ਰਨ ਲਈ ਜਿੱਥੇ ਬਾਅਦ ਵਿਚ ਉਨ੍ਹਾਂ ਨੇ 24 ਸਾਲ ਸੇਵਾਦਾਰ ਬਣ ਕੇ ਸੇਵਾ ਕੀਤੀ। ਇੱਥੇ ਹੀ 1934 ਈ. ਨੂੰ ਗੁਰਦੁਆਰਾ ਸਾਹਿਬ ਦੇ ਬੂਹੇ ਅੱਗਿਓਂ ਇਕ ਗੂੰਗਾ ਅਤੇ ਲੂਲ੍ਹਾ ਬੱਚਾ ਮਿਲਿਆ ਜਿਸ ਨੇ ਉਨ੍ਹਾਂ ‘ਚ ਮੁਹੱਬਤ ਦੀ ਰਹਿਮ ਰੂਪੀ ਚਿਣਗ ਪੈਦਾ ਕੀਤੀ। ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਦਾ ਨਾਂ ਮਗਰੋਂ ‘ਪਿਆਰਾ ਸਿੰਘ’ ਰੱਖਿਆ। ਆਪ ਨੇ 14 ਸਾਲ ਉਸ ਨੂੰ ਮੋਢਿਆਂ ‘ਤੇ ਚੁੱਕ ਕੇ ਘੁਮਾਇਆ ਅਤੇ ਵੱਡਾ ਕੀਤਾ। ਚਕਿਤਸਕ ਸਮਾਜਿਕ ਸੰਸਥਾ ‘ਪਿੰਗਲਵਾੜਾ’ ਦੀ ਬੁਨਿਆਦ ਵੀ ਸ਼ਾਇਦ ਓਦੋਂ ਹੀ ਰੱਖੀ ਗਈ ਜਦੋਂ ਭਗਤ ਪੂਰਨ ਨੇ ਪਿਆਰਾ ਸਿੰਘ ਨੂੰ ਆਪਣੀ ਦੇਖ-ਰੇਖ ਵਿਚ ਲਿਆਂਦਾ ਸੀ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਘਟਨਾ ਮਗਰੋਂ ਇਕ ਬਹੁਤ ਵੱਡੀ ਸੰਸਥਾ ਜਨਮ ਲੈ ਸਕਦੀ ਹੈ। ਦੇਸ਼ ਦੀ ਵੰਡ ਹੋਈ ਅਤੇ ਭਗਤ ਪੂਰਨ ਸਿੰਘ ਨੇ ਉਹ ਕਤਲੋ-ਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿਚ ਹੋਈ ਸੀ। ਸਭ ਪਾਸਿਉਂ ਉਨ੍ਹਾਂ ਨੂੰ ਲਹੂ-ਲੁਹਾਣ ਹੋਏ ਬੱਚੇ ਅਤੇ ਇਸਤਰੀਆਂ ਨਜ਼ਰ ਆ ਰਹੇ ਸਨ। ਭਗਤ ਪੂਰਨ ਸ਼ਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ। ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲ੍ਹੇ-ਲੰਗੜੇ, ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ। ਆਪ ਨੇ ਪਹਿਲਾਂ ਖ਼ਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਜਾਂ ਅਤੇ ਬੇਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਰ ਜੀਟੀ ਰੋਡ ‘ਤੇ ਤਹਿਸੀਲ ਦੇ ਨੇੜੇ ਇਮਾਰਤ ਬਣਾ ਕੇ ‘ਪਿੰਗਲਵਾੜਾ’ ਸਥਾਪਤ ਕੀਤਾ। ਆਪ ਨੂੰ ਸੰਨ 1981 ਈਸਵੀ ਵਿਚ ‘ਪਦਮਸ੍ਰੀ’ ਐਵਾਰਡ, 1990 ਵਿਚ ਹਾਰਮਨੀ ਐਵਾਰਡ, 1991 ਵਿਚ ਰੋਗ ਰਤਨ ਐਵਾਰਡ ਅਤੇ 1991 ਵਿਚ ਭਾਈ ਘਨ੍ਹੱਈਆ ਐਵਾਰਡ ਮਿਲੇ। ਭਗਤ ਪੂਰਨ ਸਿੰਘ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਘਟਨਾ ਤੋਂ ਇੰਨਾ ਸਦਮਾ ਪਹੁੰਚਿਆ ਕਿ ਉਨ੍ਹਾਂ ਨੇ ਰੋਸ ਵਜੋਂ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਦਿੱਤਾ। ਉਹ 5 ਅਗਸਤ 1992 ਨੂੰ ਸਦੀਵੀ ਵਿਛੋੜਾ ਦੇ ਗਏ।