ਪੰਜਾਬੀ ਬੋਲੀ ਦਾ ਹਰ ਸ਼ਬਦ ਲੋਕ-ਮਨ ਦੀ ਜ਼ਰਖ਼ੇਜ਼ ਜ਼ਮੀਨ ਵਿੱਚੋਂ ਪੈਦਾ ਹੋ ਕੇ ਪੰਜਾਬੀ ਸਭਿਆਚਾਰ ਦੇ ਆਵੇ ਵਿੱਚ ਪੱਕ ਕੇ ਹੀ ਪ੍ਰਵਾਨ ਚੜ੍ਹਿਆ ਹੈ। ਇਸੇ ਦ੍ਰਿਸ਼ਟੀ ਤੋਂ ਅਸੀਂ ‘ਘੜਾ’ ਸ਼ਬਦ ਦੇ ਵਿਭਿੰਨ ਰੂਪਾਂ ਨੂੰ ਨਿਹਾਰਦੇ ਹਾਂ। ਸਾਧਾਰਨ ਅਰਥਾਂ ਵਿੱਚ ਘੜਾ ਮਿੱਟੀ ਤੋਂ ਤਿਆਰ ਕੀਤਾ ਹੋਇਆ ਅਜਿਹਾ ਭਾਂਡਾ ਹੈ ਜਿਸਦੀ ਵਿਹਾਰਕ ਵਰਤੋਂ ਰਸੋਈ ਨਾਲ ਸਬੰਧਿਤ ਹੈ, ਪਰ ਕਲਾਤਮਿਕ ਤੇ ਦਾਰਸ਼ਨਿਕ ਪੱਖੋਂ ‘ਘੜਾ’ ਸ਼ਬਦ ਦੇ ਅਰਥ ਬਹੁਤ ਉਚੇਰੇ ਤੇ ਡੂੰਘੇਰੇ ਹਨ। ਕਲਾਤਮਿਕ ਪੱਖੋਂ ਇਹ ਕਿਸੇ ਕੁੰਭਕਾਰ ਦੀ ਸਿਰਜਣਾਤਮਿਕ ਤੇ ਸੁਹਜਾਤਮਿਕ ਸੂਝ ਦਾ ਕ੍ਰਿਸ਼ਮਾ ਹੈ। ਘੜੇ ਦੇ ਸ਼ਾਬਦਿਕ ਅਰਥ ‘ਘੜਿਆ ਹੋਇਆ’ ਹਨ। ਕੁੰਭਕਾਰ ਵਿਸ਼ੇਸ਼ ਕਿਸਮ ਦੀ ਚੀਕਣੀ ਮਿੱਟੀ ਨੂੰ ਗੁੰਨ੍ਹਦਾ ਹੈ, ਉਸ ਨੂੰ ਚੱਕ ’ਤੇ ਚਾੜ੍ਹ ਕੇ ਉਸ ਤੋਂ ਘੜੇ ਦਾ ਮੁੱਢਲਾ ਰੂਪ ਤਿਆਰ ਕਰਦਾ ਹੈ, ਫਿਰ ਉਸ ਨੂੰ ਚੱਕ ਤੋਂ ਉਤਾਰ ਕੇ ਖੱਬੇ ਹੱਥ ਵਿੱਚ ਥਥੂਆ (ਲੱਕੜ ਦੀ ਥਾਪੀ) ਫੜ ਕੇ ਉਸ ਨੂੰ ਮੁੱਢਲੇ ਰੂਪ ਦੇ ਅੰਦਰ ਰੱਖ ਕੇ ਅਤੇ ਸੱਜੇ ਹੱਥ ਵਿੱਚ ਮਠਾਰ (ਲੱਕੜ ਦੀ ਥਾਪੀ) ਨਾਲ ਉਸ ਨੂੰ ਹੌਲੀ-ਹੌਲੀ ਥਾਪ ਕੇ ਮਨਇੱਛਤ ਰੂਪ ਵਿੱਚ ਸਾਕਾਰ ਕਰਨ ਉਪਰੰਤ ਉਸ ਨੂੰ ਸੁਕਾ ਕੇ ਫਿਰ ਆਵੇ (ਅੱਗ) ਵਿੱਚ ਪਕਾਉਂਦਾ ਹੈ। ਇਹ ਸਾਰੀ ਪ੍ਰਕਿਰਿਆ ਨਿਸ਼ਚੇ ਹੀ ਕਲਾਤਮਿਕ ਹੈ। ਘੜਾ ਖ਼ੂਬਸੂਰਤ ਚਿੱਤਰਾਂ ਜਾਂ ਵੇਲ-ਬੂਟਿਆਂ ਨਾਲ ਵੀ ਸ਼ਿੰਗਾਰਿਆ ਹੁੰਦਾ ਹੈ। ਝਨਾਂ ਕਿਨਾਰੇ ਵਸੇ ਪਿੰਡ ਗੁਜਰਾਤ ਦੇ ਤੁੱਲੇ ਘੁਮਿਆਰ ਦੀ ਧੀ ਸੋਹਣੀ ਜਦੋਂ ਆਪਣੇ ਬਾਪ ਦੇ ਤਿਆਰ ਕੀਤੇ ਘੜਿਆਂ ਉੱਤੇ ਆਪਣੇ ਹੱਥਾਂ ਨਾਲ ਵੰਨ-ਸੁਵੰਨੇ ਚਿੱਤਰ ਵਾਹੁੰਦੀ ਤਾਂ ਉਹ ਅੱਗ ਵਿੱਚ ਪੱਕ ਕੇ ਹੋਰ ਵੀ ਲਿਸ਼ਕਣ ਲੱਗ ਪੈਂਦੇ ਜਿਸ ਨੂੰ ਵੇਖ ਕੇ ਬਲਖ-ਬੁਖਾਰੇ ਦੇ ਸੌਦਾਗਰ ਦਾ ਸ਼ਹਿਜ਼ਾਦਾ ਇੱਜ਼ਤਬੇਗ ਤੋਂ ਮਹੀਂਵਾਲ ਬਣ ਕੇ ਸੋਹਣੀ ਦਾ ਹੀ ਹੋ ਕੇ ਰਹਿ ਗਿਆ। ਇਉਂ ਘੜਾ ਕਲਾਤਮਿਕ ਦ੍ਰਿਸ਼ਟੀ ਤੋਂ ਸਿਖਰ ਛੋਹ ਲੈਂਦਾ ਹੈ।
ਦਾਰਸ਼ਨਿਕ ਪੱਖ ਤੋਂ ਘੜੇ ਨੂੰ ਮਨੁੱਖੀ ਜੀਵਨ ਨਾਲ ਉਪਮਾ ਦਿੱਤੀ ਗਈ ਹੈ। ਕੁੰਭਕਾਰ ਨੂੰ ਸਿਰਜਣਹਾਰ ਦੇ ਬਰਾਬਰ ਰੁਤਬਾ ਦਿੱਤਾ ਗਿਆ ਹੈ। ਜਿਵੇਂ ਘੜੇ ਦੀ ਵਿਹਾਰਕ ਵਰਤੋਂ ਦੇ ਕਈ ਰੂਪ ਹਨ, ਉਵੇਂ ਕਰਮ ਅਨੁਸਾਰ ਮਨੁੱਖੀ ਜੀਵਨ ਵੀ ਕਈ ਰੂਪਾਂ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ। ਜਿਵੇਂ ਆਵੇ ਵਿੱਚ ਪੱਕ ਕੇ ਹੀ ਘੜਾ ਆਪਣੇ ਸਹੀ ਰੂਪ ਵਿੱਚ ਸਾਕਾਰ ਹੁੰਦਾ ਹੈ ਉਵੇਂ ਮਨੁੱਖੀ ਜੀਵਨ ਵੀ ਅਮਲ ਦੀ ਭੱਠੀ ਵਿੱਚ ਪੈ ਕੇ ਪ੍ਰਵਾਨ ਚੜ੍ਹਦਾ ਹੈ। ਨੇਕ ਅਮਲ ਮਨੁੱਖ ਨੂੰ ਖ਼ੂਬਸੂਰਤੀ ਪ੍ਰਦਾਨ ਕਰਦੇ ਹਨ। ਅਜਿਹੇ ਨੇਕ ਪੁਰਸ਼ਾਂ ਨੂੰ ਦੁਨੀਆਂ ਸਤਿਕਾਰਦੀ ਤੇ ਪਿਆਰਦੀ ਹੈ।
ਘੜੇ ਦਾ ਦੂਜਾ ਮਹੱਤਵਪੂਰਨ ਰੂਪ ‘ਕੁੰਭ’ ਹੈ। ਕੁੰਭ ਸ਼ਬਦ ਕੁੰਡ ਦਾ ਹੀ ਉਚਾਰਨੀ ਰੂਪ ਹੈ ਜਿਸਦਾ ਅਰਥ ਹੈ ਗੋਲਾਈਦਾਰ ਤੇ ਡੂੰਘਾ ਭਾਂਡਾ। ਸਿੱਧੇ ਅਰਥਾਂ ਵਿੱਚ ਜਲ ਨਾਲ ਭਰੇ ਹੋਏ ਘੜੇ ਨੂੰ ਕੁੰਭ ਆਖਦੇ ਹਨ। ਪਾਣੀ ਨੂੰ ਸ਼੍ਰੇਸ਼ਟਤਾ ਪ੍ਰਦਾਨ ਹੋਣ ਕਰਕੇ ਕੁੰਭ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਪਾਣੀ ਤੋਂ ਸੱਖਣੇ ਘੜੇ ਤੇ ਨਿਕੰਮੇ ਮਨੁੱਖੀ ਜੀਵਨ ਨੂੰ ਧਿਰਕਾਰਿਆ ਜਾਂਦਾ ਹੈ। ਇਉਂ ਕੁੰਭ ਸ਼੍ਰੇਸ਼ਟ ਗੁਣ ਸੰਪੰਨ ਵਿਅਕਤੀ ਦਾ ਪ੍ਰਤੀਕ ਬਣ ਜਾਂਦਾ ਹੈ।
ਘੜੇ ਦਾ ਤੀਜਾ ਰੂਪ ‘ਤੌੜਾ’ ਹੈ। ਦਰਅਸਲ, ਜਦੋਂ ਕੱਚੇ ਘੜੇ ਨੂੰ ਅੱਗ (ਤਾਅ) ਵਿੱਚ ਪਕਾਇਆ ਜਾਂਦਾ ਹੈ ਤਾਂ ਉਹ ਤੌੜਾ ਅਥਵਾ ਤਾਅ ਨਾਲ ‘ਰੜ੍ਹਿਆ ਹੋਇਆ’ ਬਣ ਜਾਂਦਾ ਹੈ। ਪਕਰੋੜ ਵਿਅਕਤੀ ਨੂੰ ਤੌੜੇ ਨਾਲ ਤੁਲਨਾਇਆ ਜਾਂਦਾ ਹੈ।
ਰਸੋਈ ਦੀ ਵਸਤੂ ਬਣਿਆ ਘੜਾ ਆਪਣੇ ਵਿਭਿੰਨ ਰੂਪਾਂ ਰਾਹੀਂ ਸਾਕਾਰ ਹੁੰਦਾ ਹੈ। ਜਦੋਂ ਘੜੇ ਵਿੱਚ ਦੁੱਧ ਪਾ ਕੇ ਉਸ ਨੂੰ ਹਾਰੇ ਵਿੱਚ ਦੁੱਧ ਕੜ੍ਹਨ ਲਈ ਰੱਖਿਆ ਜਾਂਦਾ ਹੈ ਤਾਂ ਉਹ ਕਾੜ੍ਹਨੀ ਬਣ ਜਾਂਦਾ ਹੈ ਜਿਸਨੂੰ ਹਾਂਡੀ ਵੀ ਕਿਹਾ ਜਾਂਦਾ ਹੈ। ਕੜ੍ਹੇ ਹੋਏ ਦੁੱਧ ਨੂੰ ਠਾਰ ਕੇ ਜਮਾਉਣ ਲਈ ਜਾਗ ਲਾ ਕੇ ਜਿਸ ਘੜੇ ਵਿੱਚ ਉਲੱਦਿਆ ਜਾਂਦਾ ਹੈ, ਉਸ ਨੂੰ ਚਾਟੀ ਜਾਂ ਚਟੂਰਾ ਕਿਹਾ ਜਾਂਦਾ ਹੈ। ਦਰਅਸਲ, ਦੁੱਧ ਜਮਾਉਣ ਵਾਲੇ ਘੜੇ ਨੂੰ ਲੱਕੜੀ ਦੇ ਬਣੇ ਚੌਰਸ ਆਕਾਰ ਦੇ ਇੱਕ ਢਾਂਚੇ ਉਪਰ ਰੱਖਿਆ ਜਾਂਦਾ ਹੈ ਤਾਂ ਜੋ ਉਹ ਰੁੜ੍ਹ ਕੇ ਟੇਢਾ ਨਾ ਹੋ ਜਾਵੇ। ਚੌਰਸ ਆਕਾਰ ਦੇ ਇਸ ਢਾਂਚੇ ਨੂੰ ਚੌਹਟਾ ਕਹਿੰਦੇ ਹਨ ਜਿਸ ਉੱਤੇ ਰੱਖਿਆ ਘੜਾ ਚਟੂਰਾ ਅਖਵਾਉਂਦਾ ਹੈ। ਚਾਟੀ, ਚਟੂਰੇ ਦਾ ਹੀ ਛੋਟਾ ਰੂਪ ਹੈ। ਸੁਬ੍ਹਾ ਉੱਠ ਕੇ ਕੋਈ ਸੁਆਣੀ ਚਾਟੀ ਵਿੱਚ ਜੰਮਾਏ ਦੁੱਧ ਨੂੰ ਮਧਾਣੀ ਪਾ ਕੇ ਰਿੜਕਣ ਲਈ ਜਿਸ ਖੁੱਲ੍ਹੇ ਮੂੰਹ ਵਾਲੇ ਘੜੇ ਵਿੱਚ ਉਲੱਦਦੀ ਹੈ, ਉਸ ਨੂੰ ਰਿੜਕਣਾ ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਚਾਟੀ ਵਿੱਚ ਜਮਾਇਆ ਦੁੱਧ ਥੋੜ੍ਹਾ ਹੈ ਤਾਂ ਉਹ ਰਿੜਕਣੇ ਵਿੱਚ ਉਲੱਦਣ ਦੀ ਬਜਾਏ ਚਾਟੀ ਵਿੱਚ ਹੀ ਰਿੜਕ ਲਿਆ ਜਾਂਦਾ ਹੈ। ਇਸ ਲਈ ਚਾਟੀ-ਮਧਾਣੀ ਦਾ ਸਮਾਸ ਬਣਿਆ ਹੈ।
ਜਿਸ ਘੜੇ ਨੂੰ ਚੌਲ, ਬੱਕਲੀਆਂ, ਖਲ੍ਹ, ਵੜੇਵੇਂ ਆਦਿ ਰਿੰਨ੍ਹਣ ਲਈ ਵਰਤਿਆ ਜਾਂਦਾ ਹੈ, ਉਸਨੂੰ ਤੌੜੀ ਕਿਹਾ ਜਾਂਦਾ ਹੈ। ਦੁੱਧ ਵਾਲੇ ਘੜੇ ਅਤੇ ਤੌੜੀ ਨੂੰ ਵੀ ਮਨੁੱਖੀ ਜੀਵਨ ਦੇ ਦੋ ਪਹਿਲੂਆਂ ਚੰਗਾ ਤੇ ਮਾੜਾ ਨਾਲ ਤੁਲਨਾਇਆ ਗਿਆ ਹੈ। ਉਹ ਘੜੇ (ਮਨੁੱਖ) ਭਾਗਸ਼ਾਲੀ ਹਨ ਜੋ ਦੁੱਧ (ਚੰਗੇ ਗੁਣ) ਨਾਲ ਭਰੇ ਰਹਿੰਦੇ ਹਨ, ਪਰ ਉਹ ਬਦਕਿਸਮਤ ਹਨ ਜਿਹੜੇ ਅੱਗ (ਦੁੱਖਾਂ) ਨਾਲ ਸੜਦੇ ਰਹਿੰਦੇ ਹਨ। ਇਸ ਤੋਂ ਅੱਗੇ ਸਭ ਤੋਂ ਵੱਧ ਭਾਗਸ਼ਾਲੀ ਉਹ ਹਨ ਜੋ ਘਿਉ (ਨਾਮ) ਨਾਲ ਭਰੇ ਰਹਿੰਦੇ ਹਨ। ਵਿਹਾਰਕ ਰੂਪ ਵਿੱਚ ਘਿਉ ਵਾਲੇ ਘੜੇ ਨੂੰ ਮੱਘਾ ਕਹਿੰਦੇ ਹਨ। ਬੁਨਿਆਦੀ ਤੌਰ ’ਤੇ ਮੱਘਾ, ਕੋਹਲੂ ਦਾ ਇੱਕ ਅਜਿਹਾ ਹਿੱਸਾ ਹੈ ਜਿਸ ਵਿੱਚ ਬੀਜਾਂ ਵਿੱਚੋਂ ਨਿਕਲਿਆ ਤੇਲ ਇਕੱਤਰ ਹੁੰਦਾ ਹੈ। ਇਹ ਹਿੱਸਾ ਖੁੱਲ੍ਹੇ ਮੂੰਹ ਵਾਲਾ ਗੋਲਾਈਦਾਰ ਕੁੰਡ ਹੁੰਦਾ ਹੈ। ਇਸ ਲਈ ਮੱਘੇ ਦੇ ਰੂਪ ਵਿੱਚ ਵਰਤਿਆ ਜਾਂਦਾ ਘੜਾ ਵੀ ਆਮ ਘੜੇ ਨਾਲੋਂ ਵਧੇਰੇ ਖੁੱਲ੍ਹੇ ਮੂੰਹ ਵਾਲਾ ਹੁੰਦਾ ਹੈ। ਮੱਘੀ ਉਸ ਦਾ ਹੀ ਛੋਟਾ ਰੂਪ ਹੈ। ਮੱਘੇ ਨੂੰ ਥਿੰਦਾ ਘੜਾ ਵੀ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਥਿੰਦੇ ਘੜੇ ਉੱਤੇ ਪਾਣੀ ਕੋਈ ਅਸਰ ਨਹੀਂ ਕਰਦਾ ਉਸੇ ਤਰ੍ਹਾਂ ਪ੍ਰਭੂ ਪ੍ਰੇਮ ਜਾਂ ਨਾਮ ਨਾਲ ਭਰੇ ਹੋਏ ਮਨੁੱਖੀ ਮਨ ਉੱਤੇ ਬੁਰਿਆਈਆਂ ਜਾਂ ਕਾਲ ਦਾ ਕੋਈ ਅਸਰ ਨਹੀਂ ਹੁੰਦਾ। ਈਰਖਾਲੂ ਜਾਂ ਗੁੱਸੇਖੋਰ ਵਿਅਕਤੀਆਂ ਦੀ ਕਾੜ੍ਹਨੀ ਨਾਲ ਤੁਲਨਾ ਕੀਤੀ ਜਾਂਦੀ ਹੈ।
ਸਮੁੱਚੀ ਚਰਚਾ ਦਾ ਸਾਰਅੰਸ਼ ਇਹ ਹੈ ਕਿ ਦਾਰਸ਼ਨਿਕ ਪੱਖ ਤੋਂ ਮਨੁੱਖੀ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਵਸਤੂਗਤ ਸੰਸਾਰ ਦੀਆਂ ਵਿਭਿੰਨ ਹੋਂਦਾਂ ਅਨੁਸਾਰ ਸਮਝਿਆ ਤੇ ਸਮਝਾਇਆ ਗਿਆ ਹੈ। ਬੁਨਿਆਦੀ ਤੌਰ ’ਤੇ ਇਹ ਸਮਝ ਸੱਭਿਆਚਾਰਕ ਹੁੰਦੀ ਹੈ। ਵਸਤੂਆਂ ਦੇ ਨਾਂ ਤੇ ਰੂਪ ਮਨੁੱਖੀ ਜੀਵਨ ਨਾਲ ਸਮਰੂਪ ਹੋ ਜਾਂਦੇ ਹਨ।
ਜਲੌਰ ਸਿੰਘ ਖੀਵਾ , ਸੰਪਰਕ: 98723-83236