ਪੇਂਡੂ ਜੀਵਨ ਦਾ ਥੰਮ੍ਹ ਸਮਝੇ ਜਾਂਦੇ ਕਿਰਤੀ ਲੋਕਾਂ ਵਿਚ ਕਦੇ ‘ਬੋਣੇ’ ਅਹਿਮ ਸਥਾਨ ਰੱਖਦੇ ਸਨ। ਇਨ੍ਹਾਂ ਨੂੰ ਭਗਤ ਕਬੀਰ ਜੀ ਦੀ ਵੰਸ਼ ਜੁਲਾਹਾ ਜਾਤੀ ਵਿਚੋਂ ਹੋਣ ਦਾ ਮਾਣ ਹਾਸਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1368 ਉੱਤੇ ਭਗਤ ਕਬੀਰ ਜੀ ਦਾ ਉਚਾਰਿਆ ਸਲੋਕ ਹੈ:
ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥
ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ॥ 82 ॥
ਇਨ੍ਹਾਂ ਲੋਕਾਂ ਨੂੰ ਕਿੱਤਾ ਵੰਡ ਨੇ ‘ਬੋਣੇ’ ਅਰਥਾਤ ‘ਬੁਣਨ ਵਾਲੇ’ ਨਾਂ ਦਿੱਤਾ। ਇਨ੍ਹਾਂ ਲੋਕਾਂ ਦਾ ਮੁੱਖ ਕਿੱਤਾ ਖੱਡੀਆਂ ਤੇ ਕੁੰਭਲਾਂ ’ਤੇ ਘਰੇਲੂ ਲੋੜ ਦਾ ਸੂਤੀ ਕੱਪੜਾ ਬੁਣਨਾ ਹੁੰਦਾ ਸੀ। ਇਨ੍ਹਾਂ ਨੇ ਆਪਣੇ ਘਰਾਂ ਵਿਚ ਹੀ ਖੱਡੀਆਂ ਅਤੇ ਕੁੰਭਲਾਂ ਬਣਾਈਆਂ ਹੁੰਦੀਆਂ। ਪੇਂਡੂ ਸੁਆਣੀਆਂ ਆਪਣਾ ਹੱਥੀਂ ਕੱਤਿਆ ਸੂਤ ਉਨ੍ਹਾਂ ਨੂੰ ਦੇ ਦਿੰਦੀਆਂ ਤੇ ਨਿੱਤ-ਵਰਤੋਂ ਦੇ ਕੱਪੜੇ ਲਈ ਖੱਦਰ ਅਤੇ ਪਤਲੀਆਂ ਚਾਦਰਾਂ ਵੀ ਬਣਵਾ ਲੈਂਦੀਆਂ। ਬੋਣੇ ਵੱਡੇ-ਭਾਰੇ ਕੱਪੜੇ ਵੀ ਬੁਣਦੇ ਜਿਨ੍ਹਾਂ ਵਿਚ ਖੇਸ, ਖੇਸੀਆਂ, ਚੁਤਾਹੀਆਂ, ਦੋੜੇ (ਦੋਲੇ) ਅਤੇ ਖੱਦਰ ਦੇ ‘ਕੋਰੇ’ ਵੀ ਬਣਾਏ ਜਾਂਦੇ। ਕੋਰੇ ਬਾਰਾਂ ਕੁ ਗਿਰੇ ਚੌੜੇ ਅਤੇ ਅੰਦਾਜ਼ਨ ਪੱਚੀ-ਤੀਹ ਗਜ਼ ਲੰਮੇ ਹੁੰਦੇ। ਪੁਰਾਣੇ ਸਮੇਂ ਪਿੰਡਾਂ ਵਿਚ ਕੋਰਿਆਂ ਦੀ ਬੜੀ ਵਰਤੋਂ ਹੁੰਦੀ ਕਿਉਂਕਿ ਕੁੜੀ ਦੀ ਆਈ ਬਰਾਤ ਨੂੰ ਇਨ੍ਹਾਂ ਦੁੱਧ ਚਿੱਟੇ ਕੋਰਿਆਂ ’ਤੇ ਬਿਠਾ ਕੇ ਰੋਟੀ ਖੁਆਈ ਜਾਂਦੀ। ਇਹ ਕੋਰੇ, ਤੱਪੜ (ਟਾਟ) ਵਾਂਗ ਵਿਛਾਏ-ਵਰਤੇ ਜਾਂਦੇ। ਕੋਰੇ ਨੂੰ ‘ਵਰਕ’ ਵੀ ਕਿਹਾ ਜਾਂਦਾ ਸੀ।
ਖੱਡੀ ਉੱਤੇ ਬੁਣਿਆ ਖੱਦਰ, ਪੋਣਿਆਂ-ਪਰਨਿਆਂ ਤੋਂ ਇਲਾਵਾ ਔਰਤਾਂ-ਮਰਦਾਂ ਦੇ ਸੂਟਾਂ ਲਈ ਵੀ ਵਰਤਿਆ ਜਾਂਦਾ। ਖੇਸ ਤੇ ਖੇਸੀਆਂ ਚਿੱਟੇ ਵੀ ਹੁੰਦੇ ਤੇ ਸੂਤ ਨੂੰ ਰੰਗ ਕੇ ਇਹ ਦੋ ਰੰਗੇ ਡੱਬੀਦਾਰ ਵੀ ਬਣਾਏ ਜਾਂਦੇ। ਚਿੱਟੀਆਂ ਚੁਤਹੀਆਂ ਦੇ ਚਾਰੇ ਪਾਸੇ ਲਾਲ-ਹਰੀ ਕਿਨਾਰੀ ਪਾਈ ਜਾਂਦੀ ਜੋ ਬਹੁਤ ਖ਼ੂਬਸੂਰਤ ਲੱਗਦੀ। ਖੱਦਰ ਨੂੰ ਰੰਗ ਕੇ ਰਜਾਈਆਂ ਦੇ ਅੰਦਰੋੜ (ਅੰਦਰਲੇ ਪਾਸੇ ਲਾਉਣ ਵਾਲਾ ਕੱਪੜਾ) ਅਤੇ ਚੰਦੇ (ਉੱਪਰ ਵਾਲਾ ਕੱਪੜਾ) ਵੀ ਬਣਾਏ ਜਾਂਦੇ। ਉੱਪਰ ਵਾਲੇ ਚੰਦੇ ਨੂੰ ਪਿੰਡ ਨਾਲ ਦੇ ਕਸਬੇ ਜਾਂ ਸ਼ਹਿਰ ਤੋਂ ਛਪਵਾ ਲਿਆ ਜਾਂਦਾ। ਛਾਪੇ ਵਾਲਾ ਨਮੂਨਾ ਪਸੰਦ ਕਰਵਾ ਕੇ ਠੱਪੇ ਨਾਲ ਰੰਗ-ਬਰੰਗੇ ਛਾਪੇ ਲਾ ਦਿੰਦਾ। ਇਸ ਤਰ੍ਹਾਂ ਘਰ ਦੀਆਂ ਆਮ ਲੋੜਾਂ ਘੱਟ ਖਰਚੇ ਨਾਲ ਪੂਰੀਆਂ ਹੋ ਜਾਂਦੀਆਂ। ਇਹ ਕਾਮੇ ਆਪਣੀ ਰੋਜ਼ੀ ਵੀ ਚਲਾਉਂਦੇ ਤੇ ਘੱਟ ਖ਼ਰਚੇ ਨਾਲ ਘਰਾਂ ਦੀਆਂ ਅਜਿਹੀਆਂ ਗਰਜ਼ਾਂ ਵੀ ਪੂਰਦੇ। ਇਹ ਲੋਕ ਵੀ ਬੜੀ ਮਿਹਨਤ ਕਰਦੇ ਤੇ ਜ਼ਿਆਦਾ ਕੰਮ ਵੇਲੇ ਰਾਤ ਨੂੰ ਦੀਵੇ-ਲਾਲਟੈਣਾਂ ਦੇ ਚਾਨਣ ਵਿਚ ਵੀ ਕੰਮ ਲੱਗੇ ਰਹਿੰਦੇ। ਇਸ ਕੰਮ ਨੂੰ ਵੀ ਸਾਰਾ ਪਰਿਵਾਰ ਰਲ-ਮਿਲ ਕੇ ਕਰਦਾ। ਔਰਤਾਂ ਵੀ ਖੱਡੀ ਦੇ ਕੰਮ ਵਿਚ ਮਾਹਰ ਹੁੰਦੀਆਂ।
ਪੁਰਾਣੇ ਸਮੇਂ ਵਿਚ ਤਕਰੀਬਨ ਸਾਰੇ ਜੁਲਾਹਿਆਂ ਦੇ ਘਰਾਂ ਵਿਚ ਖੱਡੀਆਂ ਹੁੰਦੀਆਂ। ਖੱਡੀ ਲੱਕੜ ਦੇ ਚੌਖਟੇ ਵਿਚ ਫੱਟੀਆਂ ਆਦਿ ਨਾਲ ਬਣੀ ਹੁੰਦੀ। ਇਸ ਵਿਚ ਵਰਤਿਆ ਜਾਂਦਾ ਮੁੱਖ ਸਾਮਾਨ ‘ਸ਼ਟਲ’ ਹੱਥਾ, ਰੱਛ, ਪੈੜੇ, ਨਲੀਆਂ ਅਤੇ ਬੋਕੀ ਆਦਿ ਹੁੰਦਾ। ਸ਼ਟਲ ਤੋਂ ਬਿਨਾਂ ਬਾਕੀ ਸਾਰਾ ਸਾਮਾਨ ਬੰਨ੍ਹਿਆ ਜਾਂ ਜੜਿਆ-ਠੋਕਿਆ ਹੁੰਦਾ। ਖੱਡੀ ’ਤੇ ਕੰਮ ਕਰਨ ਲਈ ਇਕ ਫੱਟੀ ਫਿੱਟ ਕੀਤੀ ਹੁੰਦੀ ਉਸ ਉੱਤੇ ਬੈਠ ਕੇ ਬੋਣਾ ਕੱਪੜਾ ਬੁਣਦਾ। ਤਾਣਾ ਲੋਹੇ ਦੀਆਂ ਬਾਰੀਕ ਕੁੰਡੀਦਾਰ ਤਾਰਾਂ ਵਿਚੋਂ ਲੰਘਾਇਆ ਹੁੰਦਾ। ਸਾਹਮਣੇ ਪਾਸੇ ਟਿਕਾਏ ਰੂਲ ਤੋਂ ਇਹ ਤਾਣਾ ਚੜ੍ਹਾਇਆ ਜਾਂਦਾ। ਕਾਰੀਗਰ ਦੇ ਬੈਠਣ ਵਾਲੇ ਪਾਸੇ ਫਿੱਟ ਕੀਤੀ ਮੋਟੀ ਬਾਹੀ ਤੋਂ ਤਾਣਾ ਘੁੰਮਾਇਆ ਜਾਂਦਾ। ਖੱਡੀ ਦੇ ਚੌਖਟੇ ਦੀ ਉੱਪਰਲੀ ਫੱਟੀ ਨਾਲ ‘ਰੱਛ’ ਬੰਨ੍ਹੇ ਹੁੰਦੇ। ਜੇ ਮੋਟਾ ਖੱਦਰ ਬੁਣਨਾ ਹੁੰਦਾ ਤਾਂ ਦੋ ਰੱਛ ਪਾਏ ਜਾਂਦੇ ਅਤੇ ਜਿਉਂ-ਜਿਉਂ ਕੱਪੜਾ ਬਾਰੀਕੀ ਨਾਲ ਬੁਣਨਾ ਹੁੰਦਾ ਤਾਂ ਰੱਛਾਂ ਦੀ ਗਿਣਤੀ ਵਧਦੀ ਜਾਂਦੀ। ਤਾਣੇ ਦੇ ਥੱਲਵੇਂ ਪਾਸੇ ਬੋਣੇ ਦੇ ਬੈਠਣ ਵਾਲੀ ਫੱਟੀ ਕੋਲ ਲੱਕੜ ਦੀਆਂ ਫੱਟੀਆਂ ਦੇ ਲੰਮੇ ਦਾਅ ਵਾਲੇ ‘ਪੈੜੇ’ ਹੁੰਦੇ। ਬੁਣਨ ਲਈ ਇਹ ਪੈੜੇ ਪੈਰਾਂ ਨਾਲ ਦੱਬੇ-ਛੱਡੇ ਜਾਂਦੇ। ਜਦੋਂ ਪੈੜਾ ਦੱਬਿਆ ਜਾਂਦਾ ਤਾਂ ਤਾਣਾ ਥੱਲੇ ਡਿੱਗਦਾ, ਦੋ ਪੈੜੇ ਛੱਡੇ ਜਾਂਦੇ ਉਹ ਤਾਣਾ ਉੱਪਰ ਉੱਠਦਾ।
ਤਾਣੇ ਵਿਚ ਬਾਣਾ (ਪੇਟਾ) ਪਾਉਣ ਲਈ ਵਿਸ਼ੇਸ਼ ‘ਸ਼ਟਲ’ ਹੁੰਦਾ ਹੈ ਜਿਸ ਦਾ ਆਕਾਰ ਨਿੱਕੀ ਜਿਹੀ ਕਿਸ਼ਤੀ ਵਰਗਾ ਹੁੰਦਾ ਹੈ। ਸ਼ਟਲ ਲੱਕੜ ਦਾ ਹੁੰਦਾ ਹੈ ਤੇ ਇਸ ਦੇ ਹੇਠਲੇ ਪਾਸੇ ਦੋਵੇਂ ਸਿਰਿਆਂ ਉੱਤੇ ਛੋਟੇ-ਛੋਟੇ ਰੇੜ੍ਹੂ ਲੱਗੇ ਹੁੰਦੇ ਹਨ ਜੋ ਉਸ ਦੇ ਚੱਲਣ ਵਿਚ ਸੌਖ ਪੈਦਾ ਕਰਦੇ ਹਨ। ਇਸ ਦੇ ਇਕ ਪਾਸੇ ਨਿੱਕਾ ਜਿਹਾ ਛੇਕ ਹੁੰਦਾ ਹੈ। ਅੰਦਰਲੇ ਪਾਸੇ ਇਕ ਪਾਸੇ ਵੱਲ ਇਹ ਲੋਹੇ ਜਾਂ ਲੱਕੜ ਦੀ ਨਲੀ ਜੜੀ ਹੁੰਦੀ ਹੈ। ਇਕ ਨਲੀ ਹੋਰ ਹੁੰਦੀ ਹੈ ਜੋ ਪਹਿਲਾਂ ਲੱਕੜ ਦੀ ਹੁੰਦੀ ਸੀ ਫਿਰ ਸਖ਼ਤ ਰਬੜ ਦੀ ਬਣਾਈ ਜਾਣ ਲੱਗੀ। ਬੁਣਨ ਲਈ ਧਾਗਾ, ਸੂਤ ਜਾਂ ਅਜੋਕੇ ਸਮੇਂ ਬਾਰੀਕ ਉੱਨ ਵੀ ਵਰਤੀ ਜਾਂਦੀ ਹੈ। ਸ਼ਟਲ ਨਾਲ ਧਾਗਾ ਆਪਣੇ ਆਪ ਤਾਣੇ ਵਿਚ ਘੁੰਮਦਾ ਹੈ ਤੇ ਕੱਪੜਾ ਬੁਣਿਆ ਜਾਂਦਾ ਹੈ।
ਤਾਣੇ ਦੇ ਆਡਾ-ਟੇਢਾ ਹੋਣ ਤੋਂ ਸਾਵਧਾਨੀ ਲਈ ਪਹਿਲਾਂ ‘ਪਣਖ’ ਵਰਤੀ ਜਾਂਦੀ ਸੀ। ਇਹ ਤਿੰਨ-ਚਾਰ ਇੰਚ ਚੌੜੀ ਫੱਟੀ ਦੋਵੇਂ ਸਿਰਿਆਂ ਵਿਚ ਫਸਾ ਕੇ ਰੱਖੀ ਜਾਂਦੀ ਸੀ ਤੇ ਤਾਣਾ ਠੀਕ ਟਿਕਾਣੇ ਰਹਿੰਦਾ ਅਤੇ ਕੱਪੜਾ ਕੰਨੀਆਂ ਤੋਂ ਬਰਾਬਰ ਬਣੀ ਜਾਂਦਾ, ਪਰ ਹੁਣ ਦੋਵੇਂ ਸਿਰਿਆਂ ਨੂੰ ਲੋਹੇ ਦੀ ਤਾਰ ਨਾਲ ਕੁੰਡੀਆਂ ਪਾ ਕੇ ਕੱਸਿਆ ਜਾਂਦਾ ਤੇ ਇਹ ਬਣ ਰਹੇ ਕੱਪੜੇ ਨੂੰ ਪਣਖ ਵਾਂਗ ਕਸਾਅ ਪਾਈ ਰੱਖਦੀਆਂ। ਇਸ ਲਈ ਕੱਪੜੇ ਵਿਚ ਕਾਣ ਨਹੀਂ ਸੀ ਪੈਂਦੀ।
ਅੱਜ ਖੱਡੀਆਂ ਉੱਤੇ ਖੱਦਰ ਬੁਣਨ ਦਾ ਜ਼ਮਾਨਾ ਨਹੀਂ ਬਲਕਿ ਵੱਡੀਆਂ-ਵੱਡੀਆਂ ਮਿੱਲਾਂ ਵਿਚ ਅੰਬਰ ਛੂੰਹਦੀਆਂ ਚਿਮਨੀਆਂ ਵਾਲੀਆਂ ਇਮਾਰਤਾਂ ਤੀਹ ਗਜ਼ ਦਾ ਕੋਰਾ ਨਹੀਂ ਬਲਕਿ ਹਜ਼ਾਰਾਂ ਗਜ਼ ਕੱਪੜਾ ਰੋਜ਼ ਤਿਆਰ ਕਰਨ ਵਾਲਾ ਆਧੁਨਿਕ ਯੁੱਗ ਹੈ। ਇਹ ਮਿੱਲਾਂ ਉਨ੍ਹਾਂ ਖੱਡੀਆਂ ਦੀ ਕੁੱਖੋਂ ਹੀ ਜਨਮੀਆਂ ਹਨ, ਸੋ ਉਨ੍ਹਾਂ ਨੂੰ ਚੇਤੇ ਕਰਨਾ ਬਣਦਾ ਹੈ। ਅੱਜ ਇਹ ਕਿਰਤੀ ਲੋਕ ਪੜ੍ਹ-ਲਿਖ ਕੇ ਉੱਚ ਅਹੁਦਿਆਂ ’ਤੇ ਵਿਰਾਜਮਾਨ ਹਨ। ਕਈਆਂ ਦੀਆਂ ਆਪਣੀਆਂ ਕੱਪੜੇ ਦੀਆਂ ਮਿੱਲਾਂ ਹਨ ਜਾਂ ਹੋਰ ਵੱਡੇ ਕਾਰੋਬਾਰ ਹਨ। ਸਲਾਮ ਕਰਨਾ ਬਣਦਾ ਹੈ ਉਨ੍ਹਾਂ ਸੁਚੱਜੇ ਹੱਥਾਂ ਨੂੰ ਜਿਨ੍ਹਾਂ ਦੀ ਕਿਰਤ ਪੇਂਡੂ ਜੀਵਨ ਦਾ ਆਧਾਰ ਸੀ। ਅੱਜ ਭਾਵੇਂ ਨਾ ਖੱਦਰ ਨਾ ਖੱਡੀਆਂ ਲੱਭਦੀਆਂ ਹਨ, ਪਰ ਇਹ ਸਾਡੀ ਵਿਰਾਸਤ ਦਾ ਅਨਮੋਲ ਹਿੱਸਾ ਹਨ।
#ਪਰਮਜੀਤ ਕੌਰ ਸਰਹਿੰਦ ਸੰਪਰਕ: 98728-98599