ਚੀਨ ਦੇ ਇੰਟਰਨੈੱਟ ‘ਤੇ ਅੱਜ ਕੱਲ੍ਹ ਇੱਕ ਦਿਲਚਸਪ ਬਹਿਸ ਛਿੜੀ ਹੋਈ ਹੈ ਅਤੇ ਬਹਿਸ ਦਾ ਮੁੱਦਾ ਹੈ ਕਿ ਭਾਰਤੀ ਕੁੜੀਆਂ ਚੀਨੀ ਮੁੰਡਿਆਂ ਨਾਲ ਵਿਆਹ ਕਿਉਂ ਨਹੀਂ ਕਰਦੀਆਂ ਹਨ।
ਸਭ ਤੋਂ ਪਹਿਲਾਂ ਇਹ ਸਵਾਲ ਚੀਨੀ ‘ਤੇ ਇੱਕ ਸਾਲ ਪਹਿਲਾਂ ਉਠਾਇਆ ਗਿਆ ਸੀ। ਇਸ ਵੈਬਸਾਈਟ ‘ਤੇ ਲੋਕ ਸਵਾਲ ਪੁੱਛਦੇ ਹਨ ਅਤੇ ਯੂਜ਼ਰਜ਼ ਉਸ ਦਾ ਆਪਣੇ ਹਿਸਾਬ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਇਸ ਸਵਾਲ ‘ਤੇ ਮੁੜ ਬਹਿਸ ਸ਼ੁਰੂ ਹੋ ਗਈ ਹੈ। ਹੁਣ ਤੱਕ 12 ਲੱਖ ਲੋਕ ਇਸ ਸਵਾਲ ‘ਤੇ ਆਪਣੀ ਝਾਤ ਪਾ ਚੁੱਕੇ ਹਨ।
ਦੋਵਾਂ ਦੇਸਾਂ ਵਿੱਚ ਵਿਆਹ ਇੱਕ ਅਹਿਮ ਮੁੱਦਾ ਹੈ। ਲਿੰਗ ਅਨੁਪਾਤ ਵਿੱਚ ਫਰਕ ਕਾਰਨ ਇਹ ਮਾਮਲਾ ਹੋਰ ਪੇਚੀਦਾ ਹੋ ਜਾਂਦਾ ਹੈ।
ਚੀਨ ਵਿੱਚ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਗਿਣਤੀ 34 ਲੱਖ ਵੱਧ ਹੈ। ਇਸਦਾ ਕਾਰਨ ਚੀਨ ਦੀ ‘ਇੱਕ ਬੱਚਾ’ ਨੀਤੀ ਹੈ ਜਿਸ ਨੂੰ ਸਾਲ 2015 ਵਿੱਚ ਬੰਦ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ ਭਾਰਤ ਵਿੱਚ ਔਰਤਾਂ ਦੀ ਕੁੱਲ ਗਿਣਤੀ ਤੋਂ 37 ਲੱਖ ਮਰਦ ਵੱਧ ਹਨ।
ਕਾਰਨ ਜਾਣਨ ਦੀ ਉਤਸੁਕਤਾ
ਭਾਰਤ ਵਿੱਚ ਦਾਜ ‘ਤੇ ਪਾਬੰਦੀ ਦੇ ਬਾਵਜੂਦ ਕੁੜੀ ਦੇ ਮਾਪੇ ਨਕਦੀ ਤੋਂ ਇਲਾਵਾ ਗਹਿਣੇ ਅਤੇ ਬਾਕੀ ਸਾਮਾਨ ਮੁੰਡੇ ਦੇ ਪਰਿਵਾਰ ਨੂੰ ਦਿੰਦੇ ਹਨ।
ਪਰ ਚੀਨ ਵਿੱਚ ਇਸ ਤੋਂ ਉਲਟ ਲਾੜੀ ਨੂੰ ਕੀਮਤੀ ਤੋਹਫੇ ਦੇਣ ਦਾ ਰਿਵਾਜ਼ ਹੈ।
ਝਿਹੂ ਨਾਂ ਦੀ ਇਸ ਵੈੱਬਸਾਈਟ ‘ਤੇ ਕਿਸੇ ਨੇ ਲਿਖਿਆ ਹੈ ਕਿ ਚੀਨ ਵਿੱਚ ਆਮ ਤੌਰ ‘ਤੇ ਸਗਾਈ ਲਈ ਇੱਕ ਲੱਖ ਯੂਆਨ ਯਾਨੀ ਕਰੀਬ ਦਸ ਲੱਖ ਰੁਪਏ ਤੋਹਫੇ ਵਜੋਂ ਦਿੱਤੇ ਜਾਂਦੇ ਹਨ।
ਵੈੱਬਸਾਈਟ ‘ਤੇ ਕਿਸੇ ਨੇ ਇੱਕ ਲੰਬਾ ਪੋਸਟ ਕਰਦੇ ਹੋਏ ਲਿਖਿਆ ਹੈ, “ਇਹ ਕਿਸੇ ਵੀ ਭਾਰਤੀ ਕਿਸਾਨ ਦੀ 10 ਸਾਲ ਦੀ ਕਮਾਈ ਹੈ। ਆਪਣੀਆਂ ਧੀਆਂ ਦੇ ਵਿਆਹ ਲਈ ਭਾਰੀ ਖਰਚ ਦੀ ਬਜਾਏ ਭਾਰਤੀ ਪਰਿਵਾਰ ਚੀਨ ਵਿੱਚ ਉਨ੍ਹਾਂ ਦੇ ਵਿਆਹ ਤੋਂ ਮੋਟੀ ਕਮਾਈ ਕਰ ਸਕਦਾ ਹੈ।”
ਪੋਸਟ ਵਿੱਚ ਅੱਗੇ ਲਿਖਿਆ ਹੈ, “ਚੀਨ ਦੇ ਪਿੰਡ ਭਾਰਤ ਤੋਂ ਬਿਹਤਰ ਹਨ ਅਤੇ ਜੇ ਕਿਸੇ ਕੁੜੀ ਦਾ ਵਿਆਹ ਸ਼ਹਿਰੀ ਚੀਨੀ ਮੁੰਡੇ ਨਾਲ ਹੋਇਆ ਤਾਂ ਇਹ ਫ਼ਰਕ ਹੋਰ ਕਈ ਗੁਣਾ ਵਧ ਜਾਂਦਾ ਹੈ।”
“ਇਹੀ ਕਾਰਨ ਹੈ ਕਿ ਮੇਰੀ ਉਤਸੁਕਤਾ ਵਧਦੀ ਜਾ ਰਹੀ ਹੈ। ਚੀਨੀ ਮਰਦ ਵੀਅਤਨਾਮ, ਬਰਮਾ ਅਤੇ ਇੱਥੋਂ ਤੱਕ ਯੂਕਰੇਨ ਦੀਆਂ ਕੁੜੀਆਂ ਨਾਲ ਵਿਆਹ ਕਰ ਰਹੇ ਹਨ ਪਰ ਭਾਰਤੀ ਕੁੜੀਆਂ ਨਾਲ ਨਹੀਂ।”
ਦੋਹਾਂ ਦੇਸਾਂ ਵਿਚਾਲੇ ਸੱਭਿਆਚਾਰਕ ਰਿਸ਼ਤੇ ਬਿਹਤਰ ਹੋ ਰਹੇ ਹਨ ਪਰ ਭਾਰਤੀ ਕੁੜੀ ਅਤੇ ਚੀਨੀ ਮੁੰਡੇ ਦੀ ਜੋੜੀ ਹੁਣ ਵੀ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਅਨੁਸਾਰ ਚੀਨ ਦੇ ਮੈਸੇਜਿੰਗ ਐਪ ਵੀਚੈਟ ਦੇ 200 ਭਾਰਤੀ-ਚੀਨੀ ਜੋੜਿਆਂ ਵਿੱਚ ਸਿਰਫ਼ ਇੱਕ ਹੀ ਅਜਿਹਾ ਜੋੜਾ ਸੀ ਜਿਸ ਵਿੱਚ ਕੁੜੀ ਭਾਰਤੀ ਸੀ ਅਤੇ ਮੁੰਡਾ ਚੀਨੀ।
ਵਿਆਹ ਦਾ ਪੈਸਿਆਂ ਨਾਲ ਕੀ ਰਿਸ਼ਤਾ?
ਝਿਹੂ ਦੇ ਕਮੈਂਟ ਸੈਕਸ਼ਨ ਵਿੱਚ ਦਾਜ ‘ਤੇ ਤਿੱਖੀ ਬਹਿਸ ਹੋ ਰਹੀ ਹੈ। ਲੋਕ ਆਪਣੀਆਂ ਟਿੱਪਣੀਆਂ ਵਿੱਚ ਦੇ ਰਹੇ ਹਨ ਕਿ ਦਾਜ ਦੀ ਮੋਟੀ ਰਕਮ ਕਾਰਨ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ।
ਬੀਜਿੰਗ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹੇ ਵੇਈ ਨੇ ਝਿਹੂ ‘ਤੇ ਚੱਲ ਰਹੀ ਬਹਿਸ ਦੀ ਭਾਸ਼ਾ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ।
ਹੇ ਵੇਈ ਨੇ ਮੰਗਲਵਾਰ ਨੂੰ ਲਿਖਿਆ ਕਿ ਭਾਰਤ ਵਿੱਚ ਵਿਆਹ ਸਿਰਫ ਪੈਸਿਆਂ ਲਈ ਨਹੀਂ ਹੁੰਦੇ ਹਨ।
ਆਮਿਰ ਖ਼ਾਨ ਦੀ ਫਿਲਮ ‘ਦੰਗਲ’ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, “ਭਾਰਤ ਅਤੇ ਚੀਨ ਦੇ ਸ਼ਹਿਰੀ ਮੱਧਵਰਗੀ ਲੋਕਾਂ ਵਿੱਚ ਕੋਈ ਖ਼ਾਸ ਫਰਕ ਨਹੀਂ ਹੈ। ਇਹ ਵਰਗ ਦੋਵਾਂ ਦੇਸਾਂ ਵਿੱਚ ਮਸਤ ਹੈ ਅਤੇ ਇਸ ਵਰਗ ਵਿੱਚੋਂ ਕੋਈ ਵੀ ਕਿਸੇ ਵਿਦੇਸ਼ੀ ਵਿਅਕਤੀ ਨਾਲ ਵਿਆਹ ਕਰਨ ਨੂੰ ਤਿਆਰ ਹੋ ਜਾਵੇਗਾ।”
ਪਰਿਵਾਰ ਦੀਆਂ ਕਦਰਾਂ ਕੀਮਤਾਂ
ਕੁਝ ਲੋਕ ਇਹ ਵੀ ਚਰਚਾ ਕਰ ਰਹੇ ਸਨ ਕਿ ਭਾਰਤ ਵਿੱਚ ਲਿੰਗ ਅਨੁਪਾਤ ਦੇ ਹਾਲਾਤ ਚੀਨ ਤੋਂ ਵੀ ਬੁਰੇ ਹਨ।
ਇੱਕ ਯੂਜ਼ਰ ਨੇ ਕਿਹਾ ਕਿ ਭਾਰਤੀ ਕੁੜੀਆਂ ਦਾ ਚੀਨ ਦੇ ਮੁੰਡਿਆਂ ਨਾਲ ਵਿਆਹ ਨਾ ਕਰਨ ਦਾ ਇੱਕ ਕਾਰਨ ਇਹ ਹੈ ਕਿ ਅਸਲ ਜ਼ਿੰਦਗੀ ਵਿੱਚ ਇਨ੍ਹਾਂ ਦੋਹਾਂ ਦੀ ਮੁਲਾਕਾਤ ਹੀ ਨਹੀਂ ਹੁੰਦੀ ਹੈ।
ਉਨ੍ਹਾਂ ਲਿਖਿਆ ਹੈ, “ਕਈ ਭਾਰਤੀ ਮਰਦ ਚੀਨ ਅਤੇ ਹਾਂਗਕਾਂਗ ਵਿੱਚ ਕੰਮ ਕਰਦੇ ਹਨ ਪਰ ਉੱਥੇ ਭਾਰਤੀ ਔਰਤਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ।”
“ਇਸ ਦੇ ਉਲਟ ਅਫਰੀਕਾ ਵਿੱਚ ਕਈ ਚੀਨੀ ਮਰਦ ਕੰਮ ਕਰਦੇ ਹਨ ਜਿਸ ਕਾਰਨ ਇਨ੍ਹਾਂ ਵਿੱਚੋਂ ਕਈ ਮਰਦ ਅਫਰੀਕੀ ਕੁੜੀਆਂ ਨਾਲ ਵਿਆਹ ਕਰ ਰਹੇ ਹਨ।”
ਫੇਂਗ ਨਾਂ ਦੇ ਯੂਜ਼ਰ ਨੇ ਲਿਖਿਆ ਹੈ, “ਭਾਰਤੀ ਔਰਤਾਂ ‘ਤੇ ਪਰਿਵਾਰਕ ਕਦਰਾਂ ਕੀਮਤਾਂ ਦਾ ਬੋਝ ਵੀ ਹੁੰਦਾ ਹੈ। ਇਸ ਦੇ ਨਾਲ ਹੀ ਭਾਰਤੀ ਮਰਦ ਵੀ ਕਾਫ਼ੀ ਸਮਾਰਟ ਹੁੰਦੇ ਹਨ। ਉਨ੍ਹਾਂ ਦੇ ਸਾਹਮਣੇ ਚੀਨੀ ਮਰਦਾਂ ਦੀ ਇੱਕ ਨਹੀਂ ਚੱਲ ਸਕਦੀ।
ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਭਾਰਤੀ ਆਪਣੀਆਂ ਧੀਆਂ ਦਾ ਵਿਆਹ ਚੀਨੀ ਮਰਦਾਂ ਦੇ ਮੁਕਾਬਲੇ ਵਿੱਚ ਗੋਰੇ ਲੋਕਾਂ ਨਾਲ ਕਰਵਾਉਣਾ ਪਸੰਦ ਕਰਨਗੇ। ਸਰੋਤ: ਬੀਬੀਸੀ