ਵਿਰਸਾ: ਭੁੱਲੇ ਵਿਸਰੇ ਲੋਕ ਕਾਵਿ- ਸੇਹਰਾ ਅਤੇ ਸਿੱਖਿਆ

0
456

ਪੰਜਾਬ ਵਿਚ ਪੰਜਾਹ ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਅਨੇਕਾਂ ਜੋੜੇ ਹੋਣਗੇ ਜਿਨ੍ਹਾਂ ਦੇ ਵਿਆਹ ਸਮੇਂ ਸੇਹਰਾ ਪੜ੍ਹਿਆ ਗਿਆ ਹੋਵੇਗਾ ਜਾਂ ਸਿੱਖਿਆ ਗਾਈ ਗਈ ਹੋਵੇਗੀ। ਉਂਜ ਸੇਹਰਾ ਗੁੰਦਿਆ ਜਾਂਦਾ ਹੈ ਅਤੇ ਸਿੱਖਿਆ ਦਿੱਤੀ ਜਾਂਦੀ ਹੈ, ਪਰ ਉਸ ਸਮੇਂ ਇਹੀ ਕਿਹਾ ਜਾਂਦਾ ਸੀ ਕਿ ਹੁਣ ਸੇਹਰਾ ਪੜ੍ਹਿਆ ਜਾਵੇਗਾ ਜਾਂ ਸਿੱਖਿਆ ਗਾਈ ਜਾਵੇਗੀ। ਬਰਾਤੀ ਆਪਣੇ ਨਾਲ ਉਦੋਂ ਸੇਹਰਾ ਛਪਵਾ ਕੇ ਲਿਆਉਂਦੇ ਸਨ ਅਤੇ ਇਕ ਸੇਹਰਾ ਪੜ੍ਹਨ ਵਾਲਾ ਵੀ ਉਨ੍ਹਾਂ ਦੇ ਨਾਲ ਹੁੰਦਾ ਸੀ। ਸੇਹਰੇ ਦੀਆਂ ਕੁਝ ਕਾਪੀਆਂ ਕੁੜੀ ਵਾਲਿਆਂ ਨੂੰ ਦੇ ਦਿੱਤੀਆਂ ਜਾਂਦੀਆਂ ਸਨ ਜੋ ਉਹ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿਚ ਵੰਡ ਦਿੰਦੇ ਸਨ। ਜੋ ਸੇਹਰਾ ਪੜ੍ਹਿਆ ਜਾਂਦਾ ਸੀ ਉਹ ਫਰੇਮ ਵਿਚ ਜੜਿਆ ਹੁੰਦਾ ਸੀ ਜਿਸ ਨੂੰ ਕੁੜੀ ਵਾਲੇ ਆਪਣੇ ਘਰ ਦੀ ਬੈਠਕ ਵਿਚ ਸਜਾ ਦਿੰਦੇ ਸਨ, ਜਿੱਥੇ ਉਹ ਵਰ੍ਹਿਆਂ ਬੱਧੀ ਆਪਣੀ ਟੌਹਰ ਦਿਖਾਉਂਦਾ ਰਹਿੰਦਾ ਸੀ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਸੇਹਰਾ ਪੜ੍ਹਿਆ ਜਾਂਦਾ ਸੀ। ਪੜ੍ਹਨ ਵਾਲਾ ਬੜੇ ਚਾਅ ਨਾਲ ਅਤੇ ਕਈ ਵਾਰ ਗਾ ਕੇ ਆਪਣੀ ਕਲਾ ਦਾ ਇਜ਼ਹਾਰ ਕਰਦਾ ਸੀ। ਸੇਹਰੇ ਦੇ ਬੋਲ ਬੜੇ ਰੋਚਕ ਅਤੇ ਉਤਸ਼ਾਹ ਵਰਧਕ ਹੁੰਦੇ ਸਨ।

ਸੇਹਰੇ ਦੀਆਂ ਘੋੜੀਆਂ ਨੂੰ ਗਾਉਣ ਮਾਸੀਆਂ
ਖੰਭ ਲਾ ਕੇ ਅੱਜ ਉਡੀਆਂ ਉਦਾਸੀਆਂ
ਖ਼ੁਸ਼ੀਆਂ ਨੇ ਘਰ ਵਿਚ ਡੇਰਾ ਲਾ ਲਿਆ
ਜੁਗ ਜੁਗ ਜੀਵੇਂ ਵੀਰਾ ਸੇਹਰੇ ਵਾਲਿਆ

ਵਿਆਹ ਵਾਲੇ ਜੋੜੇ ਦੇ ਨੇੜਲੇ ਰਿਸ਼ਤੇਦਾਰ ਸੇਹਰਾ ਪੜ੍ਹਨ ਵਾਲੇ ਦੀ ਹੌਸਲਾ ਅਫ਼ਜਾਈ ਕਰਦੇ, ਉਸ ਨੂੰ ਪੰਜ ਜਾਂ ਦਸ ਰੁਪਏ ਦੇ ਨੋਟ ਵੀ ਦਿੰਦੇ ਸਨ। ਉਸ ਜ਼ਮਾਨੇ ਵਿਚ ਇਨ੍ਹਾਂ ਛੋਟੇ ਨੋਟਾਂ ਦੀ ਕਦਰ ਹੁੰਦੀ ਸੀ। ਵਿਆਹੁਤਾ ਨੂੰ ਦਸ ਰੁਪਏ ਦਾ ਸ਼ਗਨ ਵੀ ਹੁੱਬ ਕੇ ਪਾਇਆ ਜਾਂਦਾ ਸੀ। ਹੁਣ ਬੰਦਾ ਹਜ਼ਾਰ ਰੁਪਏ ਦਾ ਸ਼ਗਨ ਵੀ ਲਿਫਾਫੇ ਵਿਚ ਬੰਦ ਕਰਕੇ ਚੁੱਪ ਚਾਪ ਫੜਾ ਆਉਂਦਾ ਹੈ।

ਸੇਹਰਾ ਲਿਖਣ ਲਈ ਲੇਖਕ ਦੀ ਲੋੜ ਹੁੰਦੀ ਸੀ। ਉਸ ਨੂੰ ਮਿਲ ਕੇ ਘਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਮ ਨੋਟ ਕਰਵਾ ਦਿੱਤੇ ਜਾਂਦੇ ਸਨ। ਲੇਖਕ ਇਨ੍ਹਾਂ ਨਾਵਾਂ ਨੂੰ ਸੇਹਰੇ ਵਿਚ ਉਨ੍ਹਾਂ ਦੇ ਰੁਤਬੇ ਮੁਤਾਬਕ ਫਿੱਟ ਕਰ ਦਿੰਦਾ ਸੀ। ਸੇਹਰਿਆਂ ਦੀ ਭਾਸ਼ਾ ਆਮ ਤੌਰ ’ਤੇ ਰੁਮਾਂਚਕ ਹੁੰਦੀ ਸੀ।

ਸੁਣ ਸੋਹਣੇ ਸੇਹਰੇ ਵਾਲਿਆ ਰਤਾ ਇੱਧਰ ਕਰੀਂ ਖਿਆਲ
ਤੇਰੇ ਦਿਲ ਦੀ ਧੜਕਣ ਮਿਲ ਗਈ…ਸਜਦੀ ਐ ਤੇਰੇ ਨਾਲ।

ਲੜਕੇ ਦੇ ਪਿਤਾ ਲਈ ਇਹ ਬੜਾ ਮਾਣ ਮੱਤਾ ਪਲ ਹੁੰਦਾ। ਆਪਣੇ ਪੁੱਤਰ ਅਤੇ ਖ਼ਾਨਦਾਨ ਦੀ ਵਡਿਆਈ ਸੁਣ ਕੇ ਉਹ ਖ਼ੁਸ਼ੀ ਨਾਲ ਖੀਵਾ ਹੋ ਜਾਂਦਾ। ਲੜਕੀ ਵਾਲੇ ਵੀ ਪ੍ਰਭਾਵਿਤ ਹੁੰਦੇ।

ਸੇਹਰਾ ਪੜ੍ਹਨ ਤੋਂ ਬਾਅਦ ਕੁੜੀ ਦੀਆਂ ਸਹੇਲੀਆਂ ਸਿੱਖਿਆ ਗਾਉਣ ਲਈ ਆ ਜਾਂਦੀਆਂ। ਕਈ ਵਿਆਹਾਂ ਵਿਚ ਸੇਹਰਾ ਅਤੇ ਸਿੱਖਿਆ ਦੋਵੇਂ ਪੜ੍ਹੇ ਜਾਂਦੇ ਸਨ ਅਤੇ ਕਈਆਂ ਵਿਚ ਇਕੱਲਾ ਸੇਹਰਾ ਜਾਂ ਸਿੱਖਿਆ ਹੀ ਹੁੰਦੀ ਸੀ। ਸੇਹਰੇ ਵਿਚ ਹੌਸਲੇ ਬੁਲੰਦ ਕਰਨ ਵਾਲੀਆਂ ਅਤੇ ਮਸਤੀ ਭਰਪੂਰ ਕਾਵਿ ਲਾਈਨਾਂ ਹੁੰਦੀਆਂ ਸਨ ਅਤੇ ਸਿੱਖਿਆ ਵਿਚ ਵਿਆਹ ਵਾਲੀ ਲੜਕੀ ਲਈ ਮੋਹ ਪਿਆਰ, ਕੁਝ ਨਸੀਹਤਾਂ ਅਤੇ ਜ਼ਿਆਦਾ ਵੈਰਾਗ ਹੀ ਹੁੰਦਾ ਸੀ।

ਜਾਣ ਵਾਲੀਏ ਭੈਣੇ ਪਿਆਰੀਏ ਨੀਂ ਸਾਥੋਂ ਮਾਣ, ਸਤਿਕਾਰ ਤੇ ਪਿਆਰ ਲੈ ਜਾ,
ਹੋਰ ਅਸੀਂ ਕੁਝ ਨਹੀਂ ਦੇਣ ਜੋਗੇ ਸ਼ਬਦ ਸਿੱਖਿਆ ਦੇ ਦੋ ਚਾਰ ਲੈ ਜਾ।

ਸਹੁਰੇ ਘਰ ਦੇ ਮੈਂਬਰਾਂ ਨਾਲ ਨਿਮਰਤਾ ਨਾਲ ਅਤੇ ਸਚੁੱਜੇ ਢੰਗ ਨਾਲ ਪੇਸ਼ ਆਉਣ ਦੀ ਨਸੀਹਤ ਵੀ ਉਸ ਨੂੰ ਦਿੱਤੀ ਜਾਂਦੀ।

ਸੱਸ ਸਹੁਰੇ ਨੂੰ ਮਾਤਾ ਪਿਤਾ ਸਮਾਨ ਸਮਝੀਂ ਜੇਠ ਦਿਉਰ ਨੂੰ ਵੀਰ ਬਣਾਈਂ ਬੀਬਾ,
ਦੋ ਦੋ ਹੱਥ ਦੇ ਕੇ ਦਿੱਤੀ ਜੀਭ ਇਕੋ ਬਹੁਤਾ ਕਰੀਂ ਤੇ ਥੋੜ੍ਹਾ ਸੁਣਾਈਂ ਬੀਬਾ।

ਵਿਆਹੁਲੀ ਲੜਕੀ ਨੂੰ ਆਪਣੇ ਘਰ, ਮਾਤਾ ਪਿਤਾ, ਸਹੇਲੀਆਂ ਅਤੇ ਰਿਸ਼ਤੇਦਾਰਾਂ ਨੂੰ ਛੱਡਣ ਦਾ ਗ਼ਮ ਹੁੰਦਾ ਸੀ, ਜਿਸ ਨੂੰ ਮੁੱਖ ਰੱਖ ਕੇ ਕੁਝ ਦਿਲ ਟੁੰਬਣ ਵਾਲੀਆਂ ਸਤਰਾਂ ਸਿੱਖਿਆ ਦਾ ਸ਼ਿੰਗਾਰ ਬਣਦੀਆਂ ਜਿਨ੍ਹਾਂ ਨੂੰ ਸੁਣ ਕੇ ਲੜਕੀ ਪੱਖ ਦੇ ਲੋਕ ਭਾਵੁਕ ਹੋ ਜਾਂਦੇ।

ਧੀਆਂ ਤੋਰੀਆਂ ਰਾਜਿਆਂ ਰਾਣਿਆਂ ਨੇ ਅਸੀਂ ਕਿਹਦੇ ਹਾਂ ਪਾਣੀਹਾਰ ਬੀਬੀ,
ਵਿੱਛੜ ਚੱਲੀਂ ਏ ਖਿੜੇ ਗੁਲਜ਼ਾਰ ਵਿਚੋਂ ਜਿਵੇਂ ਕੂੰਜ ਵਿਛੜੀ ਵਿਚੋਂ ਡਾਰ ਬੀਬੀ।

ਸਾਡੇ ਪਿੰਡ ਵਿਚ ਇਕ ਬਚਨਾ ਨਾਂ ਦਾ ਬੰਦਾ ਸੀ। ਉਹ ਲਗਭਗ ਪਿੰਡ ਦੀ ਹਰੇਕ ਕੁੜੀ ਦੇ ਵਿਆਹ ਵੇਲੇ ਆਪਣੀ ਰਟੀ ਰਟਾਈ ਸਿੱਖਿਆ ਬੋਲਦਾ ਸੀ। ਆਵਾਜ਼ ਉਸ ਦੀ ਚੰਗੀ ਸੀ। ਮੈਨੂੰ ਅੱਜ ਤਕ ਵੀ ਯਾਦ ਹੈ ਕਿ ਜੇਕਰ ਦੋ ਘਰਾਂ ਦੀਆਂ ਕੁੜੀਆਂ ਦੇ ਵਿਆਹ ਵੀ ਇਕ ਦਿਨ ਹੁੰਦੇ ਤਾਂ ਉਹ ਇਕ ਕੁੜੀ ਦੇ ਘਰ ਪਿਉ ਵਾਲੇ ਰੋਲ ਦੀ ਸਿੱਖਿਆ ਪੜ੍ਹਦਾ।

ਲਾਡਾਂ ਨਾਲ ਪਾਲੀ ਬੱਚੀਏ, ਪੁੱਤਾਂ ਵਾਂਗ ਪਿਆਰੀਏ,
ਸਈਆਂ ਵਿਚ ਭੰਡਾਰ ਕੱਤੇ ਤੂੰ ਸੁਘੜ ਸਚਿਆਰੀਏ,
ਸੱਸ ਸਹੁਰੇ ਨੂੰ ਮਾਂ ਪਿਉ ਵਾਂਗੂੰ ਸਤਿਕਾਰੀਏ,
ਬਾਬਲ ਦੀ ਸਿੱਖਿਆ ਸੁਣ ਲੈ ਧੀਏ ਪਿਆਰੀਏ।

ਇਸੇ ਤਰ੍ਹਾਂ ਉਹ ਦੂਜੀ ਕੁੜੀ ਦੇ ਭਰਾ ਦੇ ਰੋਲ ਨਿਭਾਉਂਦੀ ਸਿੱਖਿਆ ਸੁਣਾ ਦਿੰਦਾ।

ਮਾਤਾ ਦੀਏ ਜਾਈਏ ਭੈਣੇ ਆਖਾਂ ਹੱਥ ਜੋੜ ਕੁੜੇ,
ਧੀਆਂ ਨੂੰ ਹੁੰਦੀ ਬਹੁਤੀ ਮਾਪਿਆਂ ਦੀ ਲੋੜ ਕੁੜੇ,
ਜ਼ਿੰਦਗੀ ਵਿਚ ਦੁੱਖ ਸੁੱਖ ਦੋਵੇਂ ਐਵੇਂ ਘਬਰਾਈਂ ਨਾ,
ਵੀਰਨ ਦੀ ਸਿੱਖਿਆ ਭੈਣੇ ਦੇਖੀਂ ਭੁੱਲ ਜਾਈਂ ਨਾ।’

ਵਿਚਾਰਾ ਗ਼ਰੀਬ ਆਦਮੀ ਸੀ। ਜੋ ਚਾਰ ਛਿੱਲੜ ਬਣਦੇ, ਫੜ ਲੈਂਦਾ ਅਤੇ ਅਸੀਸਾਂ ਦਿੰਦਾ ਆਪਣੇ ਘਰ ਨੂੰ ਚਾਲੇ ਪਾ ਦਿੰਦਾ। ਉਦੋਂ ਇਨ੍ਹਾਂ ਸੇਹਰੇ ਸਿੱਖਿਆ ਦੀਆਂ ਵਿਅੰਗਾਤਮਤਕ ਹਾਸ ਭਰਪੂਰ ਵੰਨਗੀਆਂ ਵੀ ਪ੍ਰਚੱਲਿਤ ਸਨ। ਮਹਿੰਗਾਈ ਨੂੰ ਮੁੱਦਾ ਬਣਾ ਕੇ ਪੜ੍ਹਿਆ ਇਕ ਸੇਹਰਾ ਬੜਾ ਮਸ਼ਹੂਰ ਹੋਇਆ ਸੀ।

ਕਦੇ ਖੰਡ ਮੁੱਕਸੀ, ਕਦੇ ਤੇਲ ਮੁੱਕਸੀ, ਕਦੇ ਮੁੱਕਸੀ ਡੱਬੇ ਦਾ ਘਿਉ ਚੰਨਾ,
ਖ਼ਰਚ ਉਸ ਦੇ ਨਾਲੋਂ ਵੀ ਵਧ ਜਾਸੀ ਜਦੋਂ ਆਖਣਾ ਬੱਚੇ ਨੇ ਪਿਉ ਚੰਨਾ।

ਅੱਜਕੱਲ੍ਹ ਇਹ ਰਸਮਾਂ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ। ਸਭ ਪੜ੍ਹੇ ਪੜ੍ਹਾਏ ਅਤੇ ਸਿਆਣੇ ਹਨ। ਉਦੋਂ ਮਾਪੇ ਕਦੇ ਕਦਾਈਂ ਹੀ ਧੀਆਂ ਨੂੰ ਮਿਲਣ ਜਾਂਦੇ ਸਨ। ਧੀਆਂ ਵੀ ਕਦੇ ਵਰ੍ਹੇ ਛਿਮਾਹੀ ਪੇਕੇ ਆਉਂਦੀਆਂ ਸਨ। ਇਸ ਲਈ ਉਨ੍ਹਾਂ ਨੂੰ ਅਗਾਊਂ ਹੀ ਸਮਝਾ ਬੁਝਾ ਕੇ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾ ਕੇ ਹੀ ਇਸ ਔਝੜ ਰਾਹ ’ਤੇ ਤੁਰਨ ਲਈ ਤਿਆਰ ਕੀਤਾ ਜਾਂਦਾ ਸੀ। ਅੱਜਕੱਲ੍ਹ ਵਾਂਗ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸਨ ਜਿਸ ਨਾਲ ਪਲ ਪਲ ਦੀ ਖ਼ਬਰ ਮੰਮੀ ਨੂੰ ਮਿਲਦੀ ਰਹੇ।

ਗੁਰਸ਼ਰਨ ਕੌਰ ਮੋਗਾ ਸੰਪਰਕ: 98766-35262