ਹਾਂਗਕਾਂਗ (ਰਾਇਟਰ) : ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਨੂੰ ਹਾਂਗਕਾਂਗ ਵਿਚ ਆਪਣੀ ਟੀਮ ਛੋਟੀ ਕਰਨੀ ਪੈ ਰਹੀ ਹੈ। ਉਹ ਅਗਲੇ ਸਾਲ ਤਕ ਹਾਂਗਕਾਂਗ ਦੇ ਦਫ਼ਤਰ ਤੋਂ ਆਪਣੀ ਡਿਜੀਟਲ ਮੀਡੀਆ ਟੀਮ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਸ਼ਿਫਟ ਕਰ ਦੇਵੇਗਾ। ਦਰਅਸਲ, ਉਸ ਦੇ ਕੁਝ ਪੱਤਰਕਾਰਾਂ ਨੂੰ ਹਾਂਗਕਾਂਗ ਵਿਚ ਕਵਰੇਜ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਚੀਨੀ ਸਰਕਾਰ ਨਿਊਯਾਰਕ ਟਾਈਮਜ਼ ਦੇ ਕਈ ਪੱਤਰਕਾਰਾਂ ਨੂੰ ਪਹਿਲਾਂ ਹੀ ਚੀਨ ਵਿਚ ਕੰਮ ਕਰਨ ਤੋਂ ਮਨ੍ਹਾ ਕਰ ਚੁੱਕੀ ਹੈ। ਹਾਂਗਕਾਂਗ ਵਿਚ ਵਿਵਾਦਤ ਰਾਸ਼ਟਰੀ ਸੁਰੱਖਿਆ ਕਾਨੂੰਨ ਥੋਪੇ ਜਾਣ ਤੋਂ ਬਾਅਦ ਇਨ੍ਹਾਂ ਪੱਤਰਕਾਰਾਂ ਨੂੰ ਹੁਣ ਹਾਂਗਕਾਂਗ ਤੋਂ ਵੀ ਜਾਣ ਲਈ ਕਹਿ ਦਿੱਤਾ ਗਿਆ ਹੈ।
ਹਾਂਗਕਾਂਗ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਖੇਤਰੀ ਮੀਡੀਆ ਦਾ ਮੁੱਖ ਕੇਂਦਰ ਹੈ। ਵਾਲ ਸਟਰੀਟ ਜਨਰਲ, ਫਾਈਨੈਂਸ਼ੀਅਲ ਟਾਈਮਜ਼, ਫਰਾਂਸ ਪ੍ਰਰੈੱਸ ਆਦਿ ਨੇ ਏਸ਼ੀਆ ਵਿਚ ਆਪਣਾ ਹੈੱਡਕੁਆਰਟਰ ਹਾਂਗਕਾਂਗ ਵਿਚ ਹੀ ਬਣਾ ਰੱਖਿਆ ਹੈ। ਇਨ੍ਹਾਂ ਤੋਂ ਇਲਾਵਾ ਕਈ ਹੋਰ ਮੀਡੀਆ ਸੰਸਥਾਵਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਦਾ ਹਾਂਗਕਾਂਗ ਛੱਡਣ ਦਾ ਕੋਈ ਇਰਾਦਾ ਨਹੀਂ ਹੈ। ਉਹ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਆਪਣਾ ਅਗਲਾ ਕਦਮ ਤੈਅ ਕਰਨਗੇ।