ਜਮਹੂਰੀ ਪੱਖੀ ਕਈ ਲੀਡਰਾਂ ਨੂੰ ਜੇਲ ਦੀਆਂ ਸਜ਼ਾਵਾਂ

0
567

ਹਾਂਗਕਾਂਗ (ਏਜੰਸੀਆਂ) : ਹਾਂਗਕਾਂਗ ਦੇ ਮੀਡੀਆ ਦਿੱਗਜ ਜਿਮੀ ਲਾਈ ਨੂੰ ਅਦਾਲਤ ਨੇ 14 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕੁਲ 9 ਲੋਕਾਂ ਨੂੰ ਸਜ਼ਾ ਸੁਣਾਈ। 82 ਵਰਿ੍ਹਆਂ ਦੇ ਮਾਰਟਿਨ ਲੀ ਸਮੇਤ ਚਾਰ ਲੋਕਾਂ ਦੀ ਸਜ਼ਾ ਨੂੰ ਉਮਰ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ‘ਤੇ 2019 ਵਿਚ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਵਿਚ ਗ਼ੈਰ-ਕਾਨੂੰਨੀ ਰੂਪ ਨਾਲ ਸ਼ਾਮਲ ਹੋਣ ਦਾ ਦੋਸ਼ ਹੈ। ਹਾਂਗਕਾਂਗ ਦੀਆਂ ਸੜਕਾਂ ‘ਤੇ ਉਸ ਦਿਨ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਵਿਰੋਧ ਵਿਚ 17 ਲੱਖ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਇੱਥੇ ਕਈ ਮਹੀਨਿਆਂ ਤਕ ਜ਼ਬਰਦਸਤ ਪ੍ਰਦਰਸ਼ਨ ਚੱਲਦੇ ਰਹੇ। ਇਨ੍ਹਾਂ ਸਾਰਿਆਂ ਨੂੰ ਪਿਛਲੇ ਮਹੀਨੇ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਦਾ ਆਦੇਸ਼ ਦਿੱਤਾ ਜਾਣਾ ਬਾਕੀ ਸੀ।
ਜਿਮੀ ਲਾਈ ਹਾਂਗਕਾਂਗ ਦੇ ਐਪਲ ਡੇਲੀ ਦੇ ਸੰਸਥਾਪਕ ਹਨ। ਉਹ ਹੋਰਨਾਂ ਮਾਮਲਿਆਂ ਵਿਚ ਵੀ ਸਜ਼ਾ ਕੱਟ ਰਹੇ ਹਨ। ਸਜ਼ਾ ਪਾਉਣ ਵਾਲਿਆਂ ਵਿਚ ਲੋਕਤੰਤਰ ਸਮਰਥਕ ਲੀ ਚੁਕ ਯਾਨ ਵੀ ਹਨ। ਯਾਨ ਨੇ ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਦੇ ਕੈਂਡਲ ਲਾਈਟ ਜਲੂਸ ਵਿਚ ਵੀ ਮਦਦ ਕੀਤੀ ਸੀ। ਇਸ ਤੋਂ ਪਹਿਲਾਂ ਕਈ ਹੋਰਨਾਂ ਲੋਕਤੰਤਰ ਸਮਰਥਕਾਂ ਨੂੰ ਵੀ ਸਜ਼ਾ ਦਿੱਤੀ ਜਾ ਚੁੱਕੀ ਹੈ।