ਮੈਂ ਅੱਜ ਵਿਰਸੇ ‘ਚੋਂ ਮਿਲੀ ਦਾਤ ਵਾਲੇ ਕਵੀ ਕਵੀਸ਼ਰ ਦੀ ਗੱਲ ਕਰਨ ਲੱਗਿਆ ਹਾਂ ਜੋ ਆਪਣੇ ਖੇਤਰ ‘ਚ ਕੌਮਾਂਤਰੀ ਪ੍ਰਸਿੱਧੀ ਖੱਟ ਕੇ ਸਭ ਦਾ ਹਰਮਨ ਪਿਆਰਾ ਬਣਿਆ। ਉਹ ਹੈ ਬਾਬੂ ਰਜਬ ਅਲੀ। ਉਸ ਦਾ ਜਨਮ 10 ਅਗਸਤ 1894 ਨੂੰ ਮਾਤਾ ਜਿਊਣੀ ਦੀ ਕੁੱਖੋਂ ਪਿਤਾ ਧਮਾਲੀ ਖ਼ਾਂ ਦੇ ਘਰ ਪਿੰਡ ਸਾਹੋ ਕੇ ਵਿਖੇ ਹੋਇਆ। ਉਸ ਦਾ ਪੜਦਾਦਾ ਸੈਫੁਲ ਖ਼ਾਂ ਰਾਮਪੁਰੇ ਕੋਲ ਫੂਲ ਰਹਿੰਦਾ ਸੀ। ਇਹ ਮੁਸਲਮਾਨ ਰਾਜਪੂਤ ਘਰਾਣੇ ਵਿਚ ‘ਵਰਿਆਮ’ ਗੋਤ ਨਾਲ ਸਬੰਧਤ ਹੈ। ਉਸ ਦੇ ਪਿਤਾ ਧਮਾਲੀ ਖ਼ਾਂ ਨੇ ਹੀਰ ਦਾ ਕਿੱਸਾ ਵੀ ਲਿਖਿਆ ਸੀ। ਬਾਬੂ ਰਜਬ ਅਲੀ ਦੀਆਂ ਭਾਗੀ, ਸਯਾਦੀ, ਲਾਲ ਦੀਦੀ ਅਤੇ ਰਜਾਦੀ ਚਾਰ ਭੈਣਾਂ ਸਨ ਅਤੇ ਚਾਰ ਹੀ ਉਨ੍ਹਾਂ ਦੀਆਂ ਸ਼ਾਦੀਆਂ ਹੋਈਆਂ ਸਨ। ਉਸ ਨੇ ਬਬੀਹੇ ਭਾਈ ਕੇ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ। ਪੰਜਵੀਂ ਜਮਾਤ ਵਿੱਚੋਂ ਵਜ਼ੀਫਾ ਪ੍ਰਾਪਤ ਕਰ ਕੇ ਸੰਨ 1912 ‘ਚ ਹਾਈ ਸਕੂਲ ਮੋਗੇ ਤੋਂ ਮੈਟ੍ਰਿਕ ਪਾਸ ਕੀਤੀ। ਉਹ ਚੋਟੀ ਦਾ ਖਿਡਾਰੀ ਸੀ ਤੇ ਕ੍ਰਿਕਟ ਦੀ ਟੀਮ ਦਾ ਕਪਤਾਨ ਰਿਹਾ। ਪੰਦਰਾਂ ਹੱਥ ਲੰਬੀ ਛਾਲ ਮਾਰ ਕੇ ਇਨਾਮ ਵੀ ਜਿੱਤਿਆ ਸੀ। ਉਹ ਹੋਰ ਕਈ ਖੇਡਾਂ ਵੀ ਖੇਡਦਾ ਰਹਿੰਦਾ। ਉਸ ਨੇ ਓਵਰਸੀਅਰ ਦਾ ਕੋਰਸ ਗੁਜਰਾਤ ਜਾ ਕੇ ਕੀਤਾ ਤੇ ਨਹਿਰੀ ਮਹਿਕਮੇ ਦਾ ਬਾਬੂ ਬਣ ਗਿਆ। ਬਾਬੂ ਰਜਬ ਅਲੀ ਨੇ ਪਿਸ਼ਾਵਰ ਵਿਚ ਰਹਿੰਦਿਆਂ ਆਪਣੀ ਕਾਵਿ ਕਵੀਸ਼ਰੀ ਦਾ ਸਫ਼ਰ ਆਰੰਭ ਕੀਤਾ। ਉਹ ਪੰਜਾਬੀ, ਉਰਦੂ, ਅੰਗਰੇਜ਼ੀ, ਫ਼ਾਰਸੀ ਪੜ੍ਹੇ ਸਨ ਤੇ ਪਿੰਗਲ ਦੇ ਜਾਣੂ ਸਨ। ਉਸ ਨੇ ਪੰਡਿਤ ਸ੍ਰੀ ਨਿਵਾਸ ਗੁੱਜਰਾਂਵਾਲੇ ਨੂੰ ਆਪਣਾ ਗੁਰੂ ਧਾਰਿਆ ਸੀ। ਤਿੱਖੀ ਬੁੱਧੀ ਦੇ ਮਾਲਕ ਕੋਲ ਗਿਆਨ ਦਾ ਭੰਡਾਰ ਸੀ। ਉਸ ਨੂੰ ਸੰਨ 1929 ਵਿਚ ਕਾਵਿ ਮੁਕਾਬਲੇ ਵਿਚ ਕਵੀ ਸ਼੍ਰੋਮਣੀ ਦਾ ਖ਼ਿਤਾਬ ਮਿਲਿਆ ਸੀ। ਤਿਰਵੰਜਾ ਤੋਂ ਵੱਧ ਚੇਲਿਆਂ ਦੇ ਉਸਤਾਦ ਬਾਬੂ ਰਜਬ ਅਲੀ ਨੇ ਅਨੇਕਾਂ ਵੰਨਗੀਆ ‘ਤੇ ਕਲਮ ਚਲਾਈ ਜਿਵੇਂ ਕਿ ਸਿੱਖੀ ਕਾਵਿ, ਚੋਣਵੀਂ ਕਵਿਤਾ, ਅਨੇਕਾਂ ਕਿੱਸੇ, ਫੁਟਕਾਲ ਛੰਦ ਲਿਖੇ। ਰਚਨਹਾਰੇ ਨੇ ਦੋਹਰਾ, ਦੋ ਭਾਗ, ਬਹੱਤਰ ਕਲਾ, ਮੁਕੰਦ, ਛੰਦ ਬਵੰਜਾ, ਮਨਹੋਰ ਭਵਾਨੀ, ਤਰਜ ਡੱਡੀ, ਆਦਿਕ ਛੰਦ, ਬੈਂਤ, ਝੋਂਕ, ਡੂਢ, ਕਬਿਤ ਛੰਦ ਢਾਈਆ, ਔੜਾ, ਡੂਢਾ ਕਬਿੰਤ, ਦੋ ਤਾਰਾ, ਸੋਲਾ, ਅੱਖਰ ਅਤੇ ਤਰਜ ਅਮੋਲਕ ਸਭ ਲਿਖੇ। ਬਾਬੂ ਰਜਬ ਅਲੀ ਆਪਣੇ ਸਮਿਆਂ ‘ਚ ਐਨਾ ਹਰਮਨ ਪਿਆਰਾ ਹੋ ਗਿਆ ਸੀ ਕਿ ਹਰ ਪਾਠਕ, ਸਰੋਤਾ ਬਲਿਹਾਰੇ ਜਾਂਦਾ ਸੀ। ਜਦ ਸੰਨ 1947 ਨੂੰ ਹਿੰਦੋਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਬਾਬੂ ਰਜਬ ਅਲੀ ਰੋਂਦਾ ਝੱਲਿਆ ਨਹੀਂ ਸੀ ਜਾਂਦਾ। ਉਸ ਨੂੰ ਮਜਬੂਰਨ ਆਪਣਾ ਨਗਰ ਖੇੜਾ ਛੱਡ ਕੇ ਪਾਕਿਸਤਾਨ ਜਾਣਾ ਪਿਆ। ਜਦ ਸੰਨ 1965 ਵਿਚ ਬਾਬੂ ਰਜਬ ਅਲੀ ਪਿੰਡ ਸਾਹੋ ਕੇ ਆਏ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਹੱਥਾਂ ‘ਤੇ ਚੁੱਕ ਲਿਆ। ਬਾਬੂ ਰਜਬ ਅਲੀ 6 ਜੂਨ 1979 ਨੂੰ 85 ਸਾਲ ਦੀ ਉਮਰ ਭੋਗ ਕੇ ਇਹ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ। ਭਾਵੇ ਇਹ ਮਾਂ-ਬੋਲੀ ਪੰਜਾਬੀ ਦਾ ਹੀਰਾ ਸਾਡੇ ਵਿਚਕਾਰ ਤਾਂ ਨਹੀਂ ਪਰ ਉਸ ਦੀਆਂ ਲਿਖਤਾਂ ਉਸ ਦੀ ਯਾਦ ਨੂੰ ਹਮੇਸ਼ਾ ਤਰੋ-ਤਾਜ਼ਾ ਰੱਖ ਰਹੀਆਂ ਹਨ। ਉਹ ਆਪਣੀਆਂ ਲਿਖਤਾਂ ਸਦਕਾ ਅਮਰ ਰਹੇਗਾ।
-ਦਰਸ਼ਨ ਸਿੰਘ ਪ੍ਰੀਤੀਮਾਨ, ਬਠਿੰਡਾ। ਮੋ: 98786-06963