ਸਾਇੰਸ ਦਾ ਇਤਿਹਾਸ

0
279

ਵਿਗਿਆਨ/ਸਾਇੰਸ ਦਾ ਇਤਿਹਾਸ ਵਿਗਿਆਨ ਅਤੇ ਵਿਗਿਆਨਿਕ ਗਿਆਨ, ਕੁਦਰਤੀ ਅਤੇ ਸਮਾਜਕ ਵਿਗਿਆਨ ਦੋਵਾਂ ਸਮੇਤ, ਦੇ ਵਿਕਾਸ ਦਾ ਅਧਿਐਨ ਹੈ। (ਕਲਾਵਾਂ ਅਤੇ ਹਿਊਮੈਨਟੀਜ਼ ਦੇ ਇਤਿਹਾਸ ਨੂੰ ਸਕਾਲਰਸ਼ਿਪ ਦਾ ਇਤਿਹਾਸ ਕਿਹਾ ਜਾਂਦਾ ਹੈ।) ਸਾਇੰਸ ਕੁਦਰਤੀ ਸੰਸਾਰ ਬਾਰੇ ਅਨੁਭਵੀ, ਸਿਧਾਂਤਕ ਅਤੇ ਵਿਵਹਾਰਕ ਗਿਆਨ ਦੀ ਇੱਕ ਸੰਸਥਾ ਹੈ, ਜੋ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ ਜੋ ਅਸਲ ਸੰਸਾਰ ਵਰਤਾਰਿਆਂ ਦੇ ਨਿਰੀਖਣ, ਸਪਸ਼ਟੀਕਰਨ ਅਤੇ ਪੂਰਵਕਥਨ ਤੇ ਜ਼ੋਰ ਦਿੰਦੇ ਹਨ। ਵਿਗਿਆਨ ਦੀ ਹਿਸਟੋਰੀਓਗ੍ਰਾਫੀ, ਇਸ ਦੇ ਟਾਕਰੇ ਤੇ, ਵਿਗਿਆਨ ਦੇ ਇਤਿਹਾਸਕਾਰਾਂ ਵਲੋਂ ਵਰਤੇ ਅਧਿਐਨ ਦੇ ਤਰੀਕਿਆਂ ਦਾ ਅਧਿਅਨ ਕਰਦੀ ਹੈ।

ਅੰਗਰੇਜ਼ੀ ਸ਼ਬਦ ਸਾਇੰਟਿਸਟ, 19 ਵੀਂ ਸਦੀ ਵਿਚ ਵਿਲੀਅਮ ਵਹਵੇਲ ਦੁਆਰਾ ਪਹਿਲੀ ਵਾਰ ਘੜਿਆ ਗਿਆ ਸ਼ਬਦ ਹੈ। ਪਹਿਲਾਂ, ਕੁਦਰਤ ਦੇ ਖੋਜਕਾਰ ਆਪਣੇ ਆਪ ਨੂੰ “ਨੈਚਰਲ ਫ਼ਿਲਾਸਫ਼ਰ” ( “natural philosophers”) ਕਿਹਾ ਕਰਦੇ ਸਨ। ਹਾਲਾਂਕਿ ਕੁਦਰਤੀ ਸੰਸਾਰ ਦੀਆਂ ਅਨੁਭਵੀ ਜਾਂਚ ਪੜਤਾਲਾਂ ਕਲਾਸੀਕਲ ਪੁਰਾਤਨਤਾ ਤੋਂ (ਜਿਵੇਂ ਕਿ ਥੈਲਸ ਅਤੇ ਅਰਸਤੂ ਦੁਆਰਾ) ਵਰਣਨ ਕੀਤੀਆਂ ਮਿਲਦੀਆਂ ਹਨ, ਅਤੇ ਮੱਧ ਯੁੱਗ ਤੋਂ ਵਿਗਿਆਨਕ ਵਿਧੀ ਦੀ ਵਰਤੋਂ (ਜਿਵੇਂ ਕਿ ਇਬਨ ਅਲ-ਹੈਥਮ ਅਤੇ ਰੋਜਰ ਬੇਕਨ ਦੁਆਰਾ) ਹੁੰਦੀ ਆ ਰਹੀ ਹੈ, ਆਧੁਨਿਕ ਵਿਗਿਆਨ ਦੇ ਵਿਕਾਸ ਦੀ ਸ਼ੁਰੂਆਤ ਮੁਢਲੇ ਆਧੁਨਿਕ ਸਮੇਂ ਵਿੱਚ ਅਤੇ ਖਾਸ ਤੌਰ ਤੇ 16 ਵੇਂ ਅਤੇ 17 ਵੀਂ ਸਦੀ ਦੇ ਯੂਰਪ ਦੇ ਵਿਗਿਆਨਕ ਇਨਕਲਾਬ ਨਾਲ ਸ਼ੁਰੂ ਹੋਈ। ਰਵਾਇਤੀ ਤੌਰ ਤੇ, ਵਿਗਿਆਨ ਦੇ ਇਤਿਹਾਸਕਾਰਾਂ ਨੇ ਵਿਗਿਆਨ ਦੀ ਪਰਿਭਾਸ਼ਾ ਬੜੇ ਮੋਕਲੇ ਜਿਹੇ ਢੰਗ ਨਾਲ ਕੀਤੀ ਸੀ ਜਿਸ ਵਿੱਚ ਉਹ ਬਹੁਤ ਪਹਿਲਾਂ ਵਾਲੀਆਂ ਜਾਂਚ ਪੜਤਾਲਾਂ ਵੀ ਸਮਾ ਜਾਂਦੀਆਂ।

ਅਠਾਰਵੀਂ ਸਦੀ ਤੋਂ ਲੈ ਕੇ 20 ਵੀਂ ਸਦੀ ਦੇ ਅਖੀਰ ਤੱਕ, ਵਿਗਿਆਨ ਦੇ ਇਤਿਹਾਸ, ਖਾਸ ਤੌਰ ਤੇ ਭੌਤਿਕ ਅਤੇ ਜੈਵਿਕ ਵਿਗਿਆਨ ਦੇ ਇਤਿਹਾਸ ਨੂੰ ਅਕਸਰ ਗਿਆਨ ਦੇ ਇੱਕ ਵੱਧ ਰਹੇ ਭੰਡਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ, ਜਿਸ ਵਿੱਚ ਸੱਚੇ ਸਿਧਾਂਤ ਝੂਠੇ ਵਿਸ਼ਵਾਸਾਂ ਦੀ ਥਾਂ ਲੈ ਲੈਂਦੇ ਸੀ। ਥੌਮਸ ਕੂਹਨ ਵਰਗਿਆਂ ਦੀਆਂ ਕੁਝ ਹੋਰ ਹਾਲੀਆ ਵਿਆਖਿਆਵਾਂ, ਬੌਧਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਰੁਝਾਨਾਂ ਦੇ ਵਿਆਪਕ ਮੈਟਰਿਕਸ ਵਿੱਚ ਭਿੜ ਰਹੇ ਪੈਰਾਡਾਈਮਾਂ ਜਾਂ ਸੰਕਲਪ ਪ੍ਰਣਾਲੀਆਂ ਦੇ ਰੂਪ ਵਿਚ ਵਿਗਿਆਨ ਦੇ ਇਤਿਹਾਸ ਨੂੰ ਦਰਸਾਉਂਦੀਆਂ ਹਨ। ਲੇਕਿਨ ਇਨ੍ਹਾਂ ਵਿਆਖਿਆਵਾਂ ਦਾ ਵਿਰੋਧ ਹੋਇਆ ਹੈ, ਕਿਉਂਕਿ ਉਹ ਵਿਗਿਆਨ ਦੇ ਇਤਿਹਾਸ ਨੂੰ ਬੇਮੇਲ ਪੈਰਾਡਾਈਮਾਂ ਦੀ ਇਕ ਬੇਸੁਰੀ ਪ੍ਰਣਾਲੀ ਦੇ ਰੂਪ ਵਿੱਚ ਦਰਸਾਉਂਦੇ ਹਨ, ਜੋ ਕਿਸੇ ਵਿਗਿਆਨਕ ਪ੍ਰਗਤੀ ਵੱਲ ਨਹੀਂ, ਸਗੋਂ ਪ੍ਰਗਤੀ ਦੇ ਭਰਮ ਤੱਕ ਲੈ ਜਾਂਦੀ ਹੈ।

ਆਰੰਭਿਕ ਸਭਿਆਚਾਰ
ਪੂਰਵ ਇਤਿਹਾਸਕ ਸਮੇਂ ਵਿੱਚ, ਇੱਕ ਮੌਖਿਕ ਪਰੰਪਰਾ ਰਾਹੀਂ ਤਕਨੀਕ ਅਤੇ ਗਿਆਨ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਸੀ। ਉਦਾਹਰਣ ਵਜੋਂ, ਖੇਤੀਬਾੜੀ ਲਈ ਮੱਕੀ ਦਾ ਪਾਲਤੂ ਹੋਣਾ, ਲਗਭਗ 9,000 ਸਾਲ ਪਹਿਲਾਂ ਦੱਖਣੀ ਮੈਕਸੀਕੋ ਵਿੱਚ, ਲਿਖਣ ਪ੍ਰਣਾਲੀਆਂ ਦੇ ਵਿਕਾਸ ਤੋਂ ਪਹਿਲਾਂ ਵਾਪਰਿਆ ਸੀ। ਇਸੇ ਤਰ੍ਹਾਂ, ਪੁਰਾਤੱਤਵ-ਵਿਗਿਆਨੀ ਸਬੂਤ ਦਰਸਾਉਂਦੇ ਹਨ ਕਿ ਨਿਰਾਖਰ ਸਮਾਜਾਂ ਵਿਚ ਖਗੋਲ-ਵਿਗਿਆਨ ਦਾ ਵਿਕਾਸ ਹੋਇਆ ਸੀ। ਲਿਖਣ ਦੇ ਵਿਕਾਸ ਨੇ ਗਿਆਨ ਦਾ ਭੰਡਾਰ ਕਰਨਾ ਅਤੇ ਅਗਲੀਆਂ ਪੀੜ੍ਹੀਆਂ ਲਈ ਕਿਤੇ ਜ਼ਿਆਦਾ ਬਾਹਰਮੁਖੀ ਤੌਰ ਤੇ ਸੰਚਾਰ ਕਰਨਾ ਸੰਭਵ ਬਣਾ ਦਿੱਤਾ।