ਸੂਰਬੀਰ ਫ਼ੌਜੀਆਂ ਦੀ ਸਿੰਗਾਪੁਰ ਬਗ਼ਾਵਤ

0
140

ਭਾਰਤ ਨੂੰ ਬਰਤਾਨਵੀ ਹਾਕਮਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਚੱਲੇ ਸੰਘਰਸ਼ ਵਿੱਚ ਗਦਰ ਲਹਿਰ ਦੌਰਾਨ ਹਿੰਦੋਸਤਾਨੀ ਫ਼ੌਜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਦੇਸ਼ਭਗਤ ਫ਼ੌਜੀਆਂ ਨੇ ਜੱਦੋਜਹਿਦ ਕਰਦਿਆਂ ਅਣਗਿਣਤ ਤਸੀਹੇ ਤੇ ਕਸ਼ਟ ਝੱਲੇ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ। ਸੈਂਕੜੇ ਫ਼ੌਜੀਆਂ ਨੂੰ ਕੋਰਟ ਮਾਰਸ਼ਲ ਕਰ ਕੇ ਗੋਲੀਆਂ ਨਾਲ ਉਡਾਇਆ ਗਿਆ, 70 ਤੋਂ ਵੱਧ ਨੂੂੰ ਫਾਂਸੀ ਦਿੱਤੀ ਗਈ ਤੇ 190 ਤੋਂ ਉਪਰ ਨੂੰ ਉਮਰ ਕੈਦ ਤੇ ਜਲਾਵਤਨੀ, ਜਾਇਦਾਦ ਜ਼ਬਤੀ ਦੀ ਸਜ਼ਾ ਭੁਗਤਣੀ ਪਈ। ਇਸੇ ਕੜੀ ਵਿੱਚ ਸਿੰਗਾਪੁਰ ਦੀ ਛਾਉਣੀ ਵਿਚਲੀ 5ਵੀਂ ਲਾਈਟ ਇਨਫੈਂਟਰੀ (ਪਲਟਨ) ਦੇ ਬਹਾਦਰ ਫ਼ੌਜੀ ਯੋਧਿਆਂ ਨੇ ਵਿਦੇਸ਼ੀ ਧਰਤੀ ’ਤੇ ਹੋਣ ਦੇ ਬਾਵਜੂਦ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ 15 ਫਰਵਰੀ 1915 ਨੂੰ ਬਗ਼ਾਵਤ ਕਰਕੇ ਬਰਤਾਨਵੀ ਹਕੂਮਤ ਨੂੰ ਭਾਜੜਾਂ ਪਾ ਦਿੱਤੀਆਂ ਸਨ।

ਆਜ਼ਾਦੀ ਲਈ ਸੰਘਰਸ਼ ਦੌਰਾਨ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵੱਖ ਵੱਖ ਸਮੇਂ ਕਈ ਲਹਿਰਾਂ ਚੱਲੀਆਂ। ਉਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਲਹਿਰ ਗਦਰ ਲਹਿਰ ਸੀ ਜਿਸ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਰੋਜ਼ੀ ਰੋਟੀ ਤੇ ਚੰਗੇ ਭਵਿੱਖ ਲਈ ਹਿੰਦੋਸਤਾਨ ਤੋਂ ਬਾਹਰ ਕੈਨੇਡਾ ਤੇ ਅਮਰੀਕਾ ਦੀ ਧਰਤੀ ’ਤੇ ਗਏ ਹਿੰਦੋਸਤਾਨੀਆਂ ਵੱਲੋਂ ਕੀਤੀ ਗਈ। ਇਨ੍ਹਾਂ ਦੇਸ਼ਭਗਤਾਂ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਸੀ। ਪਾਰਟੀ ਦਾ ਮੁੱਖ ਉਦੇਸ਼ ਦੇਸ਼ ਦੀ ਮੁਕੰਮਲ ਆਜ਼ਾਦੀ ਅਤੇ ਫ਼ਿਰਕੂ ਸਦਭਾਵਨਾ ਵਾਲੇ ਰਾਜ ਦੀ ਸਥਾਪਨਾ ਕਰਨਾ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਦੇਸ਼ ਦੇ ਆਮ ਲੋਕਾਂ ਅਤੇ ਫ਼ੌਜੀਆਂ ਦੀ ਮਦਦ ਨਾਲ ਹਥਿਆਰਬੰਦ ਸੰਘਰਸ਼ ਕਰਨ ਦੀ ਲੋੜ ਸੀ। ਇਸ ਕਾਰਜ ਲਈ ਲੋਕ ਜਾਗਰਿਤੀ ਜ਼ਰੂਰੀ ਸੀ। ਗਦਰ ਪਾਰਟੀ ਵੱਲੋਂ ਹਿੰਦੋਸਤਾਨ ਦੀ ਆਜ਼ਾਦੀ ਲਈ ਅੰਗਰੇਜ਼ਾਂ ਖਿਲਾਫ਼ ਹਥਿਆਰਬੰਦ ਯੁੱਧ ਦੀਆਂ ਤਿਆਰੀਆਂ ਅਜੇ ਪੂਰੀਆਂ ਵੀ ਨਹੀਂ ਹੋਈਆਂ ਸਨ ਕਿ ਜੁਲਾਈ 1914 ਵਿੱਚ ਪਹਿਲੀ ਆਲਮੀ ਜੰਗ ਛਿੜ ਗਈ। ਇਸ ਵਿੱਚ ਅੰਗਰੇਜ਼ ਬੁਰੀ ਤਰ੍ਹਾਂ ਫਸ ਗਏ। ਗਦਰੀ ਆਗੂਆਂ ਨੇ ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਇਹ ਮੌਕਾ ਢੁੱਕਵਾਂ ਜਾਣਿਆ। ਪਾਰਟੀ ਨੇ 5 ਅਗਸਤ 1914 ਨੂੰ ਐਲਾਨ-ਏ-ਜੰਗ ਕਰ ਦਿੱਤਾ। ਸੈਂਕੜੇ ਗਦਰੀ ਵੱਖ ਵੱਖ ਸਮੁੰਦਰੀ ਜਹਾਜ਼ਾਂ ਰਾਹੀਂ ਹਿੰਦੋਸਤਾਨ ਵੱਲ ਚੱਲ ਪਏ। ਅਜੋਕੇ ਸੰਚਾਰ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਇਨ੍ਹਾਂ ਆਜ਼ਾਦੀ ਪਰਵਾਨਿਆਂ ਨੇ ਪੂਰਾ ਨੈੱਟਵਰਕ ਕਾਇਮ ਕਰ ਲਿਆ। ਬਹੁਤ ਸਾਰੇ ਗਦਰੀ ਪਲਟਣਾਂ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਬਹੁਤ ਸਾਰੀਆਂ ਫ਼ੌਜੀ ਛਾਉਣੀਆਂ ਵਿੱਚ ਜਾ ਕੇ ਹਿੰਦੋਸਤਾਨੀ ਫ਼ੌਜੀਆਂ ਨੂੰ ਗਦਰ ਵਿੱਚ ਸਾਥ ਦੇਣ ਲਈ ਸਹਿਮਤ ਕਰ ਲਿਆ। ਦੇਸ਼ ਤੋਂ ਬਾਹਰ ਹਾਂਗਕਾਂਗ, ਸਿੰਗਾਪੁਰ, ਰੰਗੂਨ, ਪੀਨਾਂਗ ਆਦਿ ਵਿਚਲੀਆਂ ਹਿੰਦੋਸਤਾਨੀ ਫ਼ੌਜਾਂ ਵਿੱਚ ਵੀ ਗਦਰੀਆਂ ਦਾ ਚੰਗਾ ਪ੍ਰਭਾਵ ਬਣ ਚੁੱਕਾ ਸੀ। ਬਹੁਤ ਸਾਰੀਆਂ ਫ਼ੌਜੀ ਛਾਉਣੀਆਂ ਵਿੱਚ ਹੋਈਆਂ ਬਗ਼ਾਵਤਾਂ ’ਚੋਂ ਇੱਕ ਸੀ ਸਿੰਗਾਪੁਰ ਵਿਚਲੀ 5ਵੀਂ ਨੇਟਿਵ ਲਾਈਟ ਇਨਫੈਂਟਰੀ (ਪਲਟਨ) ਦੀ ਬਗ਼ਾਵਤ।

ਸਰਕਾਰੀ ਰਿਕਾਰਡ ਅਨੁਸਾਰ ਸਤੰਬਰ-ਅਕਤੂਬਰ 1914 ਦੌਰਾਨ ਵਿਦੇਸ਼ਾਂ ਤੋਂ ਆਏ ਗਦਰੀਆਂ ਹੀਰਾ ਸਿੰਘ ਚਰੜ, ਮੁਜਤਬਾ ਹੁਸੈਨ, ਜੀਵਨ ਸਿੰਘ ਫੇਲੋਕੇ ਤੇ ਗਿਆਨ ਚੰਦ ਮੋਰੀ ਮਰਲ ਆਦਿ ਨੇ ਸਿੰਗਾਪੁਰ ਦੀਆਂ ਪਲਟਨਾਂ ਵਿੱਚ ਗਦਰ ਦਾ ਪ੍ਰਚਾਰ ਕੀਤਾ। ਇਸ ਦੇ ਸਿੱਟੇ ਵਜੋਂ ਇੱਥੇ ਰਹਿੰਦੀ 5ਵੀਂ ਨੇਟਿਵ ਲਾਈਟ ਇਨਫੈਂਟਰੀ ਦੀ ਬਗ਼ਾਵਤ ਹੋਈ। ਇਸ ਪਲਟਨ ਦੇ ਬਹੁਤੇ ਜਵਾਨ ਪੰਜਾਬੀ ਮੁਸਲਮਾਨ ਸਨ। ਬਗ਼ਾਵਤ ਸਮੇਂ ਸਿੰਗਾਪੁਰ ਵਿੱਚ ਸਿਰਫ਼ ਇਹ ਹੀ ਇੱਕ ਸਿਖਲਾਈਯਾਫ਼ਤਾ ਪਲਟਨ ਸੀ।

ਅਸਲ ਵਿੱਚ ਬਹਾਦਰ ਫ਼ੌਜੀਆਂ ਨੇ 15 ਫਰਵਰੀ 1915 ਸ਼ਾਮ ਨੂੰ 8 ਵਜੇ, ਜਦੋਂ ਅਫ਼ਸਰਾਂ ਨੇ ਖਾਣੇ ਲਈ ਬੈਠ ਜਾਣਾ ਸੀ, ਗਦਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ। ਇਸ ਬਾਰੇ ਅਫ਼ਸਰਾਂ ਨੂੰ ਕੁਝ ਸ਼ੱਕ ਹੋ ਗਿਆ ਤੇ 15 ਫਰਵਰੀ ਦੀ ਸਵੇਰ ਨੂੰ ਹੀ ਪਲਟਨ ਨੂੰ ਹੁਕਮ ਸੁਣਾ ਦਿੱਤਾ ਕਿ ਉਨ੍ਹਾਂ ਨੂੰ ਕੱਲ੍ਹ ਹੀ ਹਾਂਗਕਾਗ ਰਵਾਨਾ ਕਰਨਾ ਹੈ, ਇਸ ਲਈ ਅੱਜ ਸ਼ਾਮ ਨੂੰ ਹੀ ਹਥਿਆਰ ਜਮ੍ਹਾਂ ਕਰਾ ਦੇਣ। ਇਸ ਹਾਲਤ ਨੂੰ ਦੇਖ ਕੇ ਫ਼ੌਜੀਆਂ ਨੇ ਨਿਯਤ ਸਮੇਂ ਤੋਂ ਪਹਿਲਾਂ ਹੀ ਗਦਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। 15 ਫਰਵਰੀ 1915 ਸੋਮਵਾਰ ਦਾ ਦਿਨ ਸੀ ਤੇ ਚੀਨੀ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਾਰਨ ਸਿੰਗਾਪੁਰ ’ਚ ਜਨਤਕ ਛੁੱਟੀ ਸੀ। ਸ਼ਹਿਰ ਦੇ ਲੋਕ ਨਵੇਂ ਸਾਲ ਮੌਕੇ ਆਪਣੇ ਘਰਾਂ ਦੀਆਂ ਉਪਰਲੀ ਮੰਜ਼ਿਲਾਂ ਦੀਆਂ ਬਾਰੀਆਂ ’ਚੋਂ ਹੇਠਾਂ ਗਲੀਆਂ ਵਿੱਚ ਛੋਟੇ ਪਟਾਖਿਆਂ ਦੀਆਂ ਲੜੀਆਂ ਚਲਾ ਰਹੇ ਸਨ। ਯੂਰਪੀਅਨ ਲੋਕ ਜਿਨ੍ਹਾਂ ਵਿੱਚ ਬਰਤਾਨਵੀ, ਜਰਮਨ, ਫਰਾਂਸੀਸੀ ਆਦਿ ਸ਼ਾਮਿਲ ਸਨ, ਤੈਰਾਕੀ, ਟੈਨਿਸ ਜਾਂ ਪੋਲੋ ਆਦਿ ਦੇ ਮਨੋਰੰਜਨ ’ਚ ਲੱਗੇ ਹੋਏ ਸਨ। ਸ਼ਹਿਰ ਤੋਂ 5 ਕਿਲੋਮੀਟਰ ਦੂਰ ਅਲੈਗਜ਼ੈਂਡਰਾ ਬੈਰਕਾਂ ਵਿੱਚ 5ਵੀਂ ਲਾਈਟ ਇਨਫੈਂਟਰੀ ਦੇ ਜਵਾਨਾਂ ਦੀ ਵਿਦਾਇਗੀ ਦੀ ਯਾਦਗਾਰੀ ਪਰੇਡ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਉਸ ਨੂੰ ਹੁਣ ਹਾਂਗਕਾਂਗ ਭੇਜਿਆ ਜਾ ਰਿਹਾ ਸੀ। ਇਹ ਸਮਾਗਮ ਕਰਨਲ ਮਾਰਟਿਨ ਦੀ ਅਗਵਾਈ ਹੇਠ ਹੋ ਰਿਹਾ ਸੀ। ਬ੍ਰਿਗੇਡੀਅਰ ਜਨਰਲ ਰਿਡਾਊਟ ਸਲਾਮੀ ਲਈ ਪਹੁੰਚ ਚੁੱਕਾ ਸੀ। ਰਿਡਾਊਟ ਨੂੰ ਰੈਜੀਮੈਂਟ ’ਤੇ ਕੁਝ ਸ਼ੱਕ ਸੀ। ਪਰੇਡ ਸਮੇਂ ਉਸ ਨੇ ਨੋਟ ਕੀਤਾ ਕਿ ਸੱਜੇ ਵਿੰਗ ਨੇ ਵਧੀਆ ਤਰੀਕੇ ਨਾਲ ਮਾਰਚ ਨਹੀਂ ਕੀਤਾ ਸੀ। ਜਵਾਨ ਆਪਸ ’ਚ ਗੱਲਬਾਤ ਕਰ ਰਹੇ ਸਨ। ਇਹ ਇੰਸਪੈਕਸ਼ਨ ਇੱਕ ਘੰਟਾ ਚੱਲੀ। ਜਨਰਲ ਰਿਡਾਊਟ ਆਪਣੀ ਸਰਕਾਰੀ ਰਿਹਾਇਸ਼ ਟੈਂਗਲਿਨ ਚਲਾ ਗਿਆ ਤੇ ਇਨਫੈਂਟਰੀ ਜਵਾਨ ਆਪਣੀ ਰਵਾਨਗੀ ਦੀ ਤਿਆਰੀ ਕਰਨ ਚਲੇ ਗਏ।

ਹੁੰਮਸ ਭਰੀ ਸ਼ਾਮ ਨੂੰ 3 ਵਜੇ ਜਦੋਂ ਅਧਿਕਾਰੀ ਫ਼ੌਜੀਆਂ ਤੋਂ ਹਥਿਆਰ ਜਮ੍ਹਾਂ ਕਰਵਾਉਣ ਲੱਗੇ ਤਾਂ ਅਚਾਨਕ ਬਿਨਾਂ ਕਿਸੇ ਚਿਤਾਵਨੀ ਦੇ ਪੂਰੀ ਪਲਟਨ ਨੇ ਵਿਦਰੋਹ ਕਰ ਦਿੱਤਾ। ਸਭ ਤੋਂ ਪਹਿਲਾਂ ਨੌਜਵਾਨ ਸਿਪਾਹੀ ਇਸਮਾਈਲ ਖਾਂ ਨੇ ਸੰਤਰੀ ਦੀ ਪੋਸਟ ਛੱਡ ਦਿੱਤੀ ਤੇ ਇੱਕ ਗੋਲੀ ਚਲਾ ਕੇ ਬਗ਼ਾਵਤ ਦਾ ਸਿਗਨਲ ਦੇ ਦਿੱਤਾ। ਅਸਲਾ ਜਮ੍ਹਾਂ ਕਰਵਾਉਣ ਵਾਲੇ ਅੰਗਰੇਜ਼ ਨੂੰ ਗੋਲੀ ਮਾਰ ਦਿੱਤੀ। ਹੋਰ ਜਿਹੜੇ ਵੀ ਅੰਗਰੇਜ਼ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਬੈਰਕਾਂ ’ਤੇ ਕਬਜ਼ਾ ਕਰ ਕੇ ਫ਼ੌਜੀਆਂ ਨੇ ਆਪਣੇ ਆਪ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲਿਆ। ਇੱਕ ਹਿੱਸਾ ਜਰਮਨ ਕੈਦੀਆਂ ਨੂੰ ਕੈਂਪ ਤੋਂ ਛੁਡਵਾਉਣ ਗਿਆ ਤਾਂ ਕਿ ਉਨ੍ਹਾਂ ਨੂੰ ਵੀ ਨਾਲ ਰਲਾ ਲਿਆ ਜਾਵੇ। ਇੱਥੇ ਬਾਗ਼ੀਆਂ ਨੇ ਦੋ ਯੂਰਪੀਅਨ ਅਫ਼ਸਰ ਕੈਪਟਨ ਬਾਈਸ ਤੇ ਲੈਫਟੀਨੈਂਟ ਇਲੀਅਟ ਮਾਰ ਦਿੱਤੇ। ਜਰਮਨ ਕੈਦੀ ਜੇਲ੍ਹ ਤੋਂ ਬਾਹਰ ਕੱਢ ਲਏ, ਪਰ ਉਨ੍ਹਾਂ ਨੇ ਗਦਰੀ ਫ਼ੌਜੀਆਂ ਦਾ ਸਾਥ ਨਾ ਦਿੱਤਾ। ਦੂਸਰਾ ਹਿੱਸਾ ਪਲਟਨ ਦੇ ਹੈੱਡਕੁਆਰਟਰ ਉੱਤੇ ਕਬਜ਼ਾ ਕਰਨ ਜਾ ਰਿਹਾ ਸੀ ਜਿਸ ਵਿੱਚ ਉਹ ਕਾਮਯਾਬ ਨਾ ਹੋ ਸਕੇ। ਤੀਸਰਾ ਹਿੱਸਾ ਵਲੰਟੀਅਰ ਕੋਰ ਨੂੰ ਰੋਕਣ ਸ਼ਹਿਰ ਵੱਲ ਗਿਆ। ਜਿਹੜਾ ਵੀ ਅੰਗਰੇਜ਼ ਉਨ੍ਹਾਂ ਦੇ ਸਾਹਮਣੇ ਆਇਆ, ਮਾਰ ਦਿੱਤਾ ਗਿਆ। ਫਿਰ ਉਨ੍ਹਾਂ ਨੇ ਸ਼ਹਿਰ ਦੇ ਥਾਣੇ ’ਤੇ ਕਬਜ਼ਾ ਕਰ ਲਿਆ। ਇਨ੍ਹਾਂ ਝੜਪਾਂ ਵਿੱਚ 8 ਅੰਗਰੇਜ਼ ਅਫ਼ਸਰ, 19 ਸਿਪਾਹੀ ਅਤੇ 17 ਸਿਵਲੀਅਨ ਮਾਰੇ ਗਏ।

ਅੰਗਰੇਜ਼ਾਂ ਨੇ ਵਾਇਰਲੈੱਸਾਂ ਰਾਹੀਂ ਨਾਲ ਲੱਗਦੇ ਸਮੁੰਦਰੀ ਘਾਟਾਂ ਤੋਂ ਜੰਗੀ ਜਹਾਜ਼ਾਂ ਨੂੰ ਆਪਣੇ ਬਚਾਅ ਲਈ ਸੱਦ ਲਿਆ। 16 ਤੇ 17 ਫਰਵਰੀ ਨੂੰ ਦੋ ਜੰਗੀ ਬੇੜੇ ਵੱਡੀ ਗਿਣਤੀ ਵਿੱਚ ਗੋਰੇ ਫ਼ੌਜੀਆਂ ਨੂੰ ਲੈ ਕੇ ਸਿੰਗਾਪੁਰ ਪੁੱਜ ਗਏ। ਗਦਰੀ ਫ਼ੌਜੀ ਭੁੱਖੇ ਪਿਆਸੇ ਕਿੰਨਾ ਕੁ ਚਿਰ ਟਾਕਰਾ ਕਰ ਸਕਦੇ ਸਨ? ਕਿਸੇ ਵੀ ਪਾਸਿਉਂ ਮਦਦ ਦੀ ਆਸ ਨਹੀਂ ਸੀ। ਉਨ੍ਹਾਂ ਨੇ 16 ਫਰਵਰੀ ਰਾਤ ਤੱਕ ਡੱਟ ਕੇ ਮੁਕਾਬਲਾ ਕੀਤਾ। ਅੰਗਰੇਜਾਂ ਨੇ ਬਾਗ਼ੀ ਫ਼ੌਜੀਆਂ ਨੂੰ ਮਾਰਨ ਜਾਂ ਫੜਾਉਣ ਬਦਲੇ 200 ਡਾਲਰ ਦਾ ਇਨਾਮ ਐਲਾਨ ਦਿੱਤਾ। 19 ਫਰਵਰੀ ਤੱਕ ਕਾਫ਼ੀ ਬਾਗ਼ੀਆਂ ਨੇ ਆਤਮ-ਸਮਰਪਣ ਕਰ ਦਿੱਤਾ ਜਾਂ ਫੜ ਲਏ ਗਏ। ਫੜੇ ਗਏ ਬਹਾਦਰ ਬਾਗ਼ੀ ਫ਼ੌਜੀਆਂ ਦਾ ਕੋਰਟ ਮਾਰਸ਼ਲ ਕਰ ਕੇ ਇਨ੍ਹਾਂ ਵਿੱਚੋਂ 44 ਨੂੰ ਲੋਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੇ ਤਿੰਨ ਨੂੰ ਫਾਂਸੀ ਦਿੱਤੀ ਗਈ। ਸ਼ਹੀਦ ਹੋਣ ਵਾਲਿਆਂ ’ਚ 2 ਅਫ਼ਸਰ, 6 ਹੌਲਦਾਰ ਤੇ 39 ਸਿਪਾਹੀ ਰੈਂਕ ਦੇ ਸੂਰਬੀਰ ਸਨ। 162 ਨੂੰ ਉਮਰ ਕੈਦ ਤੇ ਹੋਰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਵੇਰਵਾ ਇਉਂ ਹੈ:

ਵਿਦਰੋਹੀਆਂ ਤੋਂ ਗ਼ਲਤੀ ਇਹ ਹੋਈ ਕਿ ਕੋਤਵਾਲੀ ਦੇ ਕਬਜ਼ੇ ਨੂੰ ਸਿੰਗਾਪੁਰ ’ਤੇ ਕਬਜ਼ਾ ਸਮਝ ਲਿਆ ਅਤੇ ਸਮੁੰਦਰੀ ਘਾਟ ’ਤੇ ਸਮੇਂ ਸਿਰ ਨਾ ਪੁੱਜ ਸਕੇ। ਜਰਮਨ ਸਿਪਾਹੀਆਂ ਨੇ ਵੀ ਸਾਥ ਨਾ ਦਿੱਤਾ। ਇਸ ਕਾਰਨ ਉਨ੍ਹਾਂ ਸੂਰਬੀਰਾਂ ਦੀ ਯੋਜਨਾ ਸਫਲ ਨਾ ਹੋ ਸਕੀ।

SOURCE: ਸੂਰਬੀਰ ਫ਼ੌਜੀਆਂ ਦੀ ਸਿੰਗਾਪੁਰ ਬਗ਼ਾਵਤ