ਤਾਏ ਜੈਲੇ ਗਿਆਨੀ ਦੀ ਫ਼ਿਕਰਮੰਦੀ

0
443

ਘਰਾਂ  ’ਚੋਂ ਤਾਇਆ ਲਗਦੇ ਜੈਲੇ ਗਿਆਨੀ ਨੇ ਸਾਝਰੇ ਹੀ ਮੇਰੇ ਘਰ ਦਾ ਗੇਟ ਆ ਖੜਕਾਇਆ। “ਭਤੀਜ ਸੁਣਿਆ ਸਰਸੇ ਆਲਾ ਫੜ ਕੇ ਜੇਲ੍ਹ ਭੇਜਤਾ, ਨਾਲੇ ਜਿਹੜੇ ਪਰੇਮੀ ਓਥੇ ਗਏ ਸੀ ਕਹਿੰਦੇ  ਪੁਲੀਸ ਨੇ ਬਹੁਤ ਝੰਬੇ ਨੇ।   ਅਪਣੇ ਪਿੰਡੋਂ ਵੀ ਬਥੇਰੇ ਗਏ ਹੋਏ ਨੇ ਉੱਥੇ , ਪਤਾ ਈ  ਕਰਲੋ ਕਿਤੇ ਕੋਈ ਜਾਹ ਜਾਂਦੀ ਈ ਨਾ ਹੋ ਜੇ।” ਉਸ ਨੇ ਇੱਕੋ ਸਾਹ ਆਪਣੀ ਚਿੰਤਾ ਪ੍ਰਗਟ ਕਰ  ਦਿੱਤੀ। “ਨਾਲੇ ਰਾਤ ਟੈਲੀਵੀਯਨ ‘ਤੇ  ਕਹਿੰਦੇ ਤੀ ਬਈ ਪਿੰਡਾਂ ‘ਚ ਗੁਰਦੁਆਰੇ ਇੱਕ ਕਰ  ਦੇਣੇ ਆਂ। ਖਿਆਲ ਰੱਖੀਂ ਕਿਤੇ ਅਪਣੇ ਆਲਾ ਗੁਰੂ ਘਰ ਈ ਬੰਦ ਨਾ ਕਰਵਾ ਦੇਣ, ਮਸਾਂ ਬਣਾਇਆ”। “ਤਾਇਆ ਤੂੰ ਫਿਕਰ ਨਾ ਕਰ ਕੁੱਛ ਨਹੀਂ ਹੁੰਦਾ”  ਕਹਿ ਕੇ ਮੈਂ ਉਸ ਨੂੰ ਚਾਹ ਦਾ ਗਲਾਸ  ਫੜਾ ਦਿੱਤਾ।
ਤਾਏ ਜੈਲੇ ਦੀਆਂ ਗੱਲਾਂ ਮੈਨੂੰ ਸੱਚਮੁੱਚ ਵਜ਼ਨਦਾਰ ਲੱਗੀਆਂ। ਤਾਏ ਜੈਲੇ ਨੂੰ ਜਿੱਥੇ ਸਿਰਸੇ ਅਤੇ ਪੰਚਕੂਲੇ ਗਏ ਵਿਹੜੇ ਵਾਲੇ ਪ੍ਰੇਮੀਆਂ ਦਾ  ਫ਼ਿਕਰ ਵੱਢ ਵੱਢ ਖਾ ਰਿਹਾ ਸੀ ਉੱਥੇ ਉਸ ਨੂੰ ਵਿਹੜੇ ਵਾਲਿਆਂ ਦੇ ਵੱਖਰੇ ਗੁਰਦੁਆਰੇ ਦੀ ਸਭ  ਤੋਂ ਵੱਡੀ ਚਿੰਤਾ ਲੱਗੀ ਹੋਈ ਸੀ। ਤਾਏ ਦੇ ਸਵਾਲਾਂ ਤੇ ਡੇਰਾ ਮੁਖੀ ਦੀ ਗ੍ਰਿਫ਼ਤਾਰੀ  ਤੋਂ ਬਾਅਦ ਪ੍ਰੇਮੀਆਂ ਦੀ ਸ਼ੁਰੂ ਹੋਈ ਫੜੋ ਫੜੀ ਨੇ ਇੱਕ ਵਾਰ ਫਿਰ 16 ਵਰ੍ਹੇ ਪਹਿਲਾਂ  ਅਕਤੂਬਰ 2001 ਵਿੱਚ ਭਨਿਆਰਾ ਵਾਲੇ ਦੀ ਗ੍ਰਿਫ਼ਤਾਰੀ ਵੇਲੇ ਬਣੇ ਮਾਹੌਲ ਦੀ ਯਾਦ ਤਾਜ਼ਾ ਕਰਵਾ ਦਿੱਤੀ। ਨੂਰਪੁਰ ਬੇਦੀ ਨੇੜੇ ਡੇਰੇ ਵਾਲੇ ਬਾਬੇ ਦੇ ਗ੍ਰੰਥ ਨੇ ਅਜਿਹਾ ਪੰਗਾ ਖੜ੍ਹਾ ਕੀਤਾ ਕਿ ਪੰਜਾਬ ਅੰਦਰ ਉਸ ਦੇ ਹਜ਼ਾਰਾਂ  ਭਗਤਾਂ, ਜਿਨ੍ਹਾਂ ਵਿੱਚ  ਬਹੁਤੇ ਦਲਿਤ ਸਮਾਜ ਦੇ ਲੋਕ ਸਨ, ਨੂੰ ਭਾਰੀ ਖਮਿਆਜ਼ਾ ਭੁਗਤਣਾ ਪਿਆ।
ਇਲਾਕੇ ਦੇ ਹੋਰ ਪਿੰਡਾਂ ਵਾਂਗ ਮੇਰੇ ਪਿੰਡ ਵਿੱਚ ਵੀ ਭਨਿਆਰੇ ਵਾਲੇ ਦੀ ਸੰਗਤ ਬਹੁਤ ਵੱਡੀ  ਸੀ। ਕੁੱਝ ਪੜ੍ਹੇ ਲਿਖੇ ਪਰਿਵਾਰਾਂ ਨੂੰ ਛੱਡ ਕੇ ਬਹੁਤੇ ਦਲਿਤ ਪਰਿਵਾਰ ਇੱਕ ਦੂਜੇ ਦੀ ਦੇਖਾ-ਦੇਖੀ ਭਨਿਆਰੇ ਵਾਲੇ ਡੇਰੇ ਨਾਲ ਜੁੜੇ ਹੋਏ ਸਨ। ਉਹ  ਹਰ ਹਫਤੇ ਕਿਸੇ ਇੱਕ ਘਰ ਸਤਿਸੰਗ ਕਰਦੇ। ‘ਸੰਗਤ’ ਨੇ ਆਪੇ ਪੈਸੇ ਇਕੱਠੇ ਕਰ ਕੇ  ਇੱਕ ਸਪੀਕਰ, ਟੈਂਟ, ਦਰੀਆਂ, ਤਰਪਾਲਾਂ ਤੇ ਲੰਗਰ ਲਈ ਭਾਂਡੇ ਆਦਿ ਖ਼ਰੀਦ ਲਏ। ਮੇਰੇ  ਗੁਆਂਢੀਆਂ ਦੇ ਘਰ ਲਗਦੇ ਸਤਿਸੰਗ ਵੇਲੇ ਉਹ ਸਪੀਕਰ ਮੇਰੇ ਚੁਬਾਰੇ ਉਪਰ ਰੱਖ ਦਿੰਦੇ ਅਤੇ  ਅੱਧੀ ਰਾਤ ਤੱਕ ਬਾਬੇ ਦਾ ਗੁਣਗਾਨ ਕਰਦੇ। ਮੈਂ ਜੁਆਕਾਂ ਦੀ ਪੜ੍ਹਾਈ ਦਾ ਵਾਸਤਾ ਪਾ ਕੇ  ਬਥੇਰਾ ਰੋਕਣ ਦੀ ਕੋਸਿਸ਼ ਕਰਦਾ ਪਰੰਤੂ ਮੇਰੀ ਪਤਨੀ ਆਂਢ ਗੁਆਂਢ ਦੇ ਗੁੱਸੇ ਦੀ ਗੱਲ ਕਰਕੇ ਮੈਨੂੰ  ਚੁੱਪ ਰਹਿਣ ਦੀ  ਸਲਾਹ ਦਿੰਦੀ। ਲੋਕ ਹਰ ਹਫਤੇ ਟੈਂਪੂ ਉਪਰ ਸਪੀਕਰ ਬੰਨ੍ਹ ਕੇ ਡੇਰੇ ਵੱਲ ਤੁਰੇ ਰਹਿੰਦੇ। ਫਿਰ ਇੱਕ ਦਿਨ ਖਬਰ ਆਈ ਕਿ ਬਾਬੇ ਨੇ ਇੱਕ ਵੱਖਰਾ ਗਰੰਥ ਲਾਂਚ ਕਰ ਦਿੱਤਾ ਹੈ। ਸਿੱਖ ਸਮਾਜ ਅੰਦਰ ਇਸ ਦਾ ਤਿੱਖ਼ਾ ਵਿਰੋਧ  ਹੋਇਆ। ਪਿੰਡਾਂ ਵਿੱਚ ਗਰਮ ਖਿਆਲੀ ਨੌਜਵਾਨ ਬਾਬੇ ਦੇ ਮੁਰੀਦਾਂ ਦੇ ਘਰਾਂ ਦੀਆਂ  ਤਲਾਸ਼ੀਆਂ ਲੈਣ ਲੱਗੇ।  ਮੇਰੇ ਗੁਆਂਢ ਦੇ ਘਰ ’ਚ ‘ਸੰਗਤ’ ਦਾ ਪਿਆ ਸਾਮਾਨ ਭਾਂਡੇ, ਸਪੀਕਰ, ਟੈਂਟ ਤੇ  ਤਰਪਾਲਾਂ ਆਦਿ ਭਗਤਾਂ ਨੇ ਡਰਦਿਆਂ ਮੇਰੇ ਚੁਬਾਰੇ ’ਚ ਲੁਕੋ ਦਿੱਤਾ। ਗੁਰਦੁਆਰਿਆਂ ’ਚੋਂ  ‘ਘਰ ਵਾਪਸੀ’ ਦੀ ਅਪੀਲ ਸੁਣਦਿਆਂ ਹੀ ਦੇਖਾ ਦੇਖੀ ਲੋਕ  ਗੁਰਦੁਆਰਾ ਕਮੇਟੀਆਂ ਦੇ ਆਗੂਆਂ ਕੋਲ ਜਾ ਕੇ ਸਫ਼ਾਈਆਂ ਦੇਣ ਲੱਗੇ। ਸਹਿਮੇ ਹੋਏ ਭਗਤਾਂ  ਵੱਲੋਂ ਗੁਰਦੁਆਰਿਆਂ ’ਚ ਜਾ ਕੇ ਭੁੱਲਾਂ ਬਖਸ਼ਾਉਣ ਅਤੇ ਪੰਥ ਵਿੱਚ ਵਾਪਸੀ ਲਈ ਅਰਦਾਸਾਂ  ਕਰਵਾਉਣ ਦਾ ਸਿਲਸਿਲਾ ਕਈ ਦਿਨ ਤੱਕ ਚਲਦਾ ਰਿਹਾ।
ਸਾਡੇ ਪਿੰਡ ਦੇ ਗੁਰਦੁਆਰੇ ਵਿੱਚ ਕਈ ‘ਸ਼ਰਧਾਲੂ ‘ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਿੱਖ ਪੰਥ ਵਿੱਚ ਸ਼ਾਮਿਲ ਕੀਤਾ ਗਿਆ।  ਇਸ ਵਰਤਾਰੇ ਨੂੰ ਹਾਲੇ ਸਾਲ ਕੁ ਹੀ ਲੰਘਿਆ ਸੀ ਕਿ ਵਿਹੜੇ ਦੀ ਇੱਕ ਔਰਤ ਸਾਝਰੇ ਹੀ ਮੇਰੇ ਘਰ ਆਈ। ਉਸ ਦਾ  ਪਤੀ ਬਾਬੇ ਦੀਆਂ ਮੱਝਾਂ ਸਾਂਭਣ ਲਈ ਡੇਰੇ ਉਪਰ ਤਿੰਨ ਹਜ਼ਾਰ ਰੁਪਏ ਮਹੀਨੇ ’ਤੇ ਪੱਕੀ ਮਜ਼ਦੂਰੀ ਕਰਦਾ ਸੀ। “ਅਸੀਂ ਬਾਬੇ ਦਾ ਖਹਿੜਾ ਛੱਡ ਕੇ ਗੁਰਦੁਆਰੇ ਸਿਰੋਪੇ ਤਾਂ  ਪੁਆ ਲਏ ਸੀ ਪਰ ਹੁਣ ਗੁਰਦੁਆਰੇ ਆਲੇ ਕਹਿੰਦੇ ਅਸੀ ਕੁੜੀ ਦੇ ‘ਨੰਦ ਨੀ ਕਰਨੇ। ਅਖੇ ਕੁੜੀ ਦਾ ਬਾਪ ਡੇਰੇ  ਰਹਿੰਦਾ।” ਉਹ  ਇਕੋ ਸਾਹ ਸਾਰੀ ਕਥਾ ਸੁਣਾ ਗਈ। ਮੈਂ ਪਿੰਡ ਦੇ ਇੱਕ ਦੋ  ਸਿਆਣੇ ਗੁਰਸਿੱਖ ਬੰਦਿਆਂ ਨਾਲ ਗੱਲ ਕੀਤੀ, ਪਰ ਸਾਰੇ ਹੱਥ ਖੜ੍ਹੇ ਕਰ ਗਏ। ਅਖੀਰ ਮੁੰਡੇ  ਵਾਲਿਆਂ ਨੂੰ ਮਨਾ ਕੇ ਅਨੰਦ ਕਾਰਜਾਂ ਦੀ ਬਜਾਏ ਕੁੜੀ ਤੇ ਮੁੰਡੇ ਵੱਲੋਂ ਹਾਰ ਪਾ ਕੇ  ਹੀ ਸਾਰ ਲਿਆ ਗਿਆ। ਵਿਆਹ ਦਾ ਕਾਰਜ ਸੰਪੂਰਨ ਹੋ ਗਿਆ। ਇਸੇ ਦੌਰਾਨ ਵਿਹੜੇ ਦੇ ਇੱਕ ਹੋਰ ਪਰਿਵਾਰ ਦਾ  ਗੁਰਦੁਆਰੇ ਵਾਲਿਆਂ ਅਖੰਡ ਪਾਠ ਕਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਸ ਪਰਿਵਾਰ  ਦਾ  ਮੁੰਡਾ ਸਿਰਸੇ ਵਾਲੇ ਡੇਰੇ ਖੇਤੀ ਲਈ ਸੀਰੀ ਰਲਿਆ ਹੋਇਆ ਸੀ।  ਇਨ੍ਹਾਂ ਘਟਨਾਵਾਂ ਪਿੱਛੋਂ ਗੁੱਸੇ ਵਿੱਚ ਆਏ  ਵਿਹੜੇ ਦੇ ਨੌਜਵਾਨਾਂ ਨੇ ਦਲਿਤ ਧਰਮਸ਼ਾਲਾ  ਨੂੰ ਸੰਵਾਰ ਕੇ ਵੱਖਰਾ ਗੁਰਦੁਆਰਾ ਬਣਾ ਲਿਆ ਅਤੇ ਕੁੱਝ ਦਿਨਾਂ ਬਾਅਦ ਹੀ ਵਿਹੜੇ ਦੇ ਵੱਡੀ  ਗਿਣਤੀ ਨੌਜਵਾਨ ਅੰਮ੍ਰਿਤ ਛਕ ਕੇ ਸਿੰਘ ਸਜ ਗਏ।
ਇਸੇ ਦੌਰਾਨ ਇਕ ਬਾਬੇ ਤੋਂ ਮੋਹ-ਭੰਗ ਹੋਇਆ ਤੇ ਦੂਜੇ ਨਾਲ ਮੋਹ ਸ਼ੁਰੂ ਹੋ ਗਿਆ। ਲੋਕਾਂ ਦਾ ਝੁਕਾਅ ਦੇਖਾ-ਦੇਖੀ ਸਿਰਸੇ ਵਾਲੇ ਡੇਰੇ ਵੱਲ ਹੋ ਗਿਆ। ਜਵਾਨੀ ਵੇਲੇ ਕਾਮਰੇਡਾਂ ਦੇ ਡਰਾਮਿਆਂ ਤੋਂ  ਪ੍ਰਭਾਵਤ ਹੋ ਕੇ ਕਾਮਰੇਡ ਰਹੇ ਜੈਲੇ  ਤਾਏ ਨੇ ਗੁਰਦੁਆਰੇ ਦਾ ਪੱਲਾ ਨਾ ਛੱਡਿਆ। ਪਰ ਹੁਣ ਟੈਲੀਵਿਜ਼ਨ ‘ਤੇ ਡੇਰਾਵਾਦ ਉਪਰ  ਹੁੰਦੀ ਬਹਿਸ ‘ਚ  ਵੱਡੇ ਵੱਡੇ ਬੁੱਧੀਜੀਵੀਆਂ ਵੱਲੋਂ ਪਿੰਡਾਂ ਵਿੱਚ ਜਾਤ ਅਧਾਰਿਤ ਗੁਰਦੁਆਰੇ  ਬੰਦ ਕਰ ਦੇਣ ਦੀਆਂ ਦਲੀਲਾਂ ਨੇ ਉਸ ਨੂੰ ਨਵੀਂ ਚਿੰਤਾ ਲਾ ਦਿੱਤੀ। “ਲੈ ਸੁਣ ਲਾ,  ਆਪਾਂ ਅਪਣੇ ਆਲਾ ਗੁਰੂ ਘਰ ਕਿਸੇ ਵੀ ਕੀਮਤ ’ਤੇ ਬੰਦ ਨੀ ਹੋਣ ਦੇਣਾ। ਮਸਾਂ ਸ਼ਾਤੀ ਨਾਲ ਰੱਬ ਦਾ ਨਾਓਂ ਲੈਣ ਲੱਗੇ ਆਂ। ਜੇ ਪਿੰਡਾਂ ‘ਚ ਗੁਰਦੁਆਰੇ ਇੱਕ ਕਰਨ ਲੱਗ ਪਏ ਤਾਂ ਵਿਹੜੇ  ਆਲਿਆਂ ਦਾ ਕੋਈ ਗੁਰਦੁਆਰਾ ਰਹਿਣਾ ਈ ਨਹੀਂ।” ਤਾਏ ਜੈਲੇ ਦੀ ਫ਼ਿਕਰਮੰਦੀ ਵਿੱਚੋਂ  ਮੈਨੂੰ ਉਨ੍ਹਾਂ ਬੁੱਧੀਜੀਵੀਆਂ ਦੇ ਸਵਾਲਾਂ ਦਾ ਸਟੀਕ ਜਵਾਬ ਦਿਖਾਈ ਦੇਣ ਲੱਗਿਆ ਜਿਹੜੇ  ਡੇਰਾਵਾਦੀ ਉਭਾਰ ਦਾ ਹਕੀਕੀ ਕਾਰਨ ਲੱਭਣ ਦੀ ਬਜਾਏ ਇਸ ਬਹਿਸ ਨੂੰ ਜਾਤ ਅਧਾਰਿਤ  ਗੁਰਦੁਆਰਿਆਂ ਦੁਆਲੇ ਸਮੇਟ ਕੇ ਸੁਰਖ਼ਰੂ ਹੋ ਜਾਂਦੇ ਹਨ।
ਪਰਮਜੀਤ ਕੁਠਾਲਾ    ਸੰਪਰਕ: 98153-47904