ਸਾਡੇ ਘਰਾਂ ‘ਚ ਡਰ, ਚੁੱਪ ਅਤੇ ਸੰਨਾਟਾ ਹੈ ਜਿਵੇਂ ਘੁੱਪ ਰਾਤ ਵਿਚ ਜੰਗਲ ‘ਚ ਪਹੁੰਚ ਗਏ ਹੋਈਏ। ਜਦੋਂ ਦੇ ਅਸੀਂ ਅੰਦਰ ਬੰਦ ਹੋਏ ਹਾਂ, ਬਾਹਰ ਪਾਰਕਾਂ ਵਿਚ ਚਿੜੀਆਂ ਦੀ ਚੀਂ-ਚੀਂ ਤੇ ਪੰਛੀਆਂ ਦੀ ਚਹਿਚਾਹਟ ਵਾਪਸ ਆ ਗਈ ਹੈ। ਅਸਮਾਨ ਪਹਿਲਾਂ ਨਾਲੋਂ ਜ਼ਿਆਦਾ ਨੀਲਾ ਦਿਸ ਰਿਹਾ ਹੈ ਜਿਵੇਂ ਉਸ ਨੂੰ ਵੀ ਕੁਝ ਸਮੇਂ ਲਈ ਗੱਡੀਆਂ,ਫੈਕਟਰੀਆਂ ਦੇ ਧੂੰਏ ਤੋਂ ਨਿਜ਼ਾਤ ਮਿਲ ਗਈ ਹੋਵੇ। ਹੁਣ ਪਹਾੜ ਪੰਜਾਬ ਦੇ ਸ਼ਹਿਰਾਂ ਤੋਂ ਦੇਖੇ ਜਾ ਸਕਦੇ ਹਨ। ਰੁੱਖਾਂ ਨੇ ਆਪਣੇ ਪੀਲੇ ਪੱਤੇ ਝਾੜ ਕੇ ਧਰਤੀ ਦੀ ਹਿੱਕ ‘ਤੇ ਵਿਛਾ ਦਿਤੇ ਹਨ ਜਿਵੇਂ ਮਨੁੱਖ ਦੁਆਰਾ ਹੋਈ ਧਰਤੀ ਦੀ ਬੇਪਤੀ ਨੂੰ ਢੱਕ ਲੈਣਾ ਚਾਹੁੰਦੇ ਹੋਣ ਪਰ ਅਸੀਂ ਇਕ ਭਿਆਨਕ ਬਿਮਾਰੀ ਦੇ ਡਰ ਤੋਂ ਬਾਹਰਲੀ ਦੁਨੀਆ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੋਂ ਟੁੱਟ ਕੇ ਆਪਣੇ ਅੰਦਰ ਚਾਰਦੀਵਾਰੀ ਵਿਚ ਸਿਮਟੇ ਬੈਠੇ ਹਾਂ।
ਮਨੁੱਖ ਦੀ ਲੰਮੇ ਸਮੇਂ ਲਈ ਇਕੱਲਤਾ ,ਇਕਾਂਤਵਾਸ ਮਾਨਸਿਕ ਸਿਹਤ ਲਈ ਚੰਗੀ ਨਹੀਂ ਹੈ ਕਿਉਂਕਿ ਮਨੁੱਖ ਇਕ ਸਮਾਜਿਕ ਜੀਵ ਹੈ। ਮਾਮੂਲੀ ਖੰਘ ਹੋਣ ‘ਤੇ ਹੀ ਕਈ ਵਿਅਕਤੀਆਂ ਦੇ ਕੋਰੋਨਾ ਦੇ ਡਰ ਕਰਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ ਜਦਕਿ ਉਨ੍ਹਾਂ ਨੂੰ ਕੋਰੋਨਾ ਅਜੇ ਸਾਬਤ ਨਹੀਂ ਹੋਇਆ ਸੀ ।
ਲੋਕ ਇਸ ਬਿਮਾਰੀ ਨਾਲ ਮਰੇ ਆਪਣੇ ਮਾਂ-ਪਿਓ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਰਹੇ ਹਨ । ਡਰ ਨੇ ਮਾਨਵਤਾ ਨੂੰ ਗਹਿਰੀ ਸੱਟ ਮਾਰੀ ਹੈ। ਇਹ ਹਾਲਤ ਬਜ਼ੁਰਗਾਂ ਤੇ ਬੱਚਿਆਂ ਲਈ ਬਹੁਤ ਖ਼ਤਰਨਾਕ ਹੈ। ਇਹ ਸਭ ਲੋਕਾਂ ਦੇ ਜ਼ਿਹਨ ਵਿਚ ਬੈਠੇ ਡਰ ਕਾਰਨ ਹੋ ਰਿਹਾ ਹੈ। ਉਹ ਸੋਚਣ ਲੱਗ ਪਏ ਹਨ –ਆਪ ਮੋਏ ਜਗ ਪਰਲੋ।
ਪੰਜਾਬ ‘ਚ ਖ਼ਾਸ ਕਰਕੇ ਦੁਆਬੇ ਵਿਚ ਬਾਹਰਲੇ ਦੇਸ਼ਾਂ ‘ਚ ਜਾਣ ਦਾ ਰੁਝਾਨ ਅੰਗਰੇਜ਼ਾਂ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਵੇਲੇ 60-70 ਫ਼ੀਸਦੀ ਘਰਾਂ ‘ਚ ਬਜ਼ੁਰਗ ਮੀਆਂ- ਬੀਬੀ ਹੀ ਹਨ ਜਾਂ ਕਈ ਥਾਵਾਂ ‘ਤੇ ਇਕੱਲੇ-ਇਕੱਲੇ ਹੀ ਬੈਠੇ ਹਨ । ਹੁਣ ਉਹ ਬਾਹਰਲੇ ਸਮਾਜ ਨਾਲੋਂ ਬਿਲਕੁਲ ਟੁੱਟੇ ਬੈਠੇ ਹਨ। ਆਪਣੇ ਬਾਹਰਲੇ ਦੇਸ਼ਾਂ ‘ਚ ਬੈਠੇ ਬੱਚਿਆਂ ਦੀ ਕੁਸ਼ਲਤਾ ਬਾਰੇ ਸੋਚ ਸੋਚ ਕੇ ਉਹ ਨਿਰਾਸਤਾ ਵੱਲ ਜਾ ਰਹੇ ਹਨ । ਉਨ੍ਹਾਂ ਦੇ ਸੁਪਨੇ ਮਰ ਰਹੇ ਹਨ।
‘ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ।’ ਫਿਰ ਉਨ੍ਹਾਂ ਨੂੰ ਨਾਂਹ-ਪੱਖੀ ਵਿਚਾਰ ਘੇਰਨ ਲੱਗਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਵਾਇਰਸ ਕੁਝ ਦੇਰ ਬਾਅਦ ਖ਼ਤਮ ਹੋ ਜਾਵੇਗਾ ਪਰ ਇਹ ਸਮਾਜ ਦੀ ਆਤਮਾ ‘ਤੇ ਆਪਣੇ ਦਾਗ਼ ਛੱਡ ਜਾਵੇ ਜੋ ਕਿ ਲੰਮਾ ਸਮਾਂ ਇਸ ਨੂੰ ਕੁਰੇਦਦੇ ਰਹਿਣਗੇ।
ਉਹ ਲੋਕ ਜਿਹੜੇ ਇਸ ਬਿਮਾਰੀ ਤੋਂ ਪੀੜਤ ਰਹੇ ਹਨ ਤੇ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ ਜਾਂ ਉਹ ਲੋਕ ਜਿਹੜੇ ਸ਼ੱਕ ਦੇ ਕਾਰਨ ਇਕਾਂਤਵਾਸ ਵਿਚ ਰਹਿ ਕੇ ਆਏ ਹਨ,ਉਹ ਮਾਨਸਿਕ ਤੌਰ ‘ਤੇ ਥੋੜਾ ਉਖੜ ਜਾਂਦੇ ਹਨ। ਉਨ੍ਹਾਂ ਦੇ ਮਨਾਂ ਵਿਚ ਡਰ, ਉਦਾਸੀ ਤੇ ਗੁੱਸੇ ਦੇ ਭਾਵ ਉਤਪੰਨ ਹੋ ਜਾਂਦੇ ਹਨ।
ਬਰਮਿੰਗਮ ਯੁੰਗ ਯੁਨੀਵਰਸਿਟੀ ਦੇ ਸਾਈਕਾਲੋਜੀ ਅਤੇ ਨੀਰੋ-ਸਾਇੰਸ ਦੇ ਪ੍ਰੋਫੈਸਰ ਜੁਲੀਆਨ ਹੋਲਟ ਅਤੇ ਲੰਸਟਿਡ ਨੇ ਲਿਖਿਆ ਕਿ ਸਮਾਜ ਤੋਂ ਕੱਟੇ ਰਹਿਣਾ ਓਨਾ ਹੀ ਖ਼ਤਰਨਾਕ ਹੈ ਜਿੰਨਾ ਕਿ ਹਰ ਰੋਜ਼ ਪੰਦਰਾਂ ਸਿਗਾਰ ਪੀਣ ਜਾਂ ਅਲਕੋਹਲ ਪੀ- ਪੀ ਕੇ ਅਲਕੋਹਲਿਕ ਹੋ ਜਾਣ ਵਿਚ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਮਾਨਸਿਕ ਸਿਹਤ ਲਈ ਘਾਤਕ ਹੈ। ਇਹ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਾਉਂਦਾ ਹੈ ਅਤੇ ਜ਼ਿੰਦਗ਼ੀ ਨੂੰ ਛੋਟਾ ਕਰਦੀ ਹੈ। ਸਮਾਜਿਕ ਮੇਲ-ਜੋਲ ਮਨੁੱਖ ਦੇ ਜਿਉਂਦਾ ਰਹਿਣ ਲਈ ਜ਼ਰੂਰੀ ਹੈ। ਇਸੇ ਤਰ੍ਹਾਂ ਯਾਰਕ ਯੂਨੀਵਰਸਿਟੀ ਕੈਨੇਡਾ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਅਮੀ ਰੋਕਸ ਨੇ ਆਖਿਆ ਹੈ ਕਿ ਸਮਾਜਿਕ ਇਕੱਲਤਾ ਜੇ ਲੰਮੇ ਸਮੇਂ ਲਈ ਹੋਵੇ ਤਾਂ ਇਹ ਮਨ ਨੂੰ ਅੰਦਰੋਂ ਢਾਹ ਲਾਉਂਦੀ ਹੈ ਤੇ ਮਨ ਨੂੰ ਟਾਰਚਰ ਕਰਦੀ ਹੈ। ਇਹ ਹੋਰ ਵੀ ਦੁਖਦਾਈ ਹੋ ਜਾਦੀ ਹੈ ਜੇ ਮਨੁੱਖ ਕੋਲ ਜਜ਼ਬਾਤੀ ਸਾਥ, ਮਾਨਸਿਕ ਸਥਿਰਤਾ,ਸਮਾਜਿਕ ਸਰਕਲ ਅਤੇ ਆਰਥਿਕ ਸਾਧਨਾਂ ਦੀ ਘਾਟ ਹੋਵੇ।
ਸ਼ਿਕਾਗੋ ਯੂਨੀਵਰਸਿਟੀ ਦੇ ਮਨੋਵਿਗਿਆਨੀ ਲੁਈਸ ਹਾਕਲੇ ਨੇ ਕਿਹਾ ਕਿ ਲੰਮੇ ਸਮੇ ਇਕਾਂਤ ‘ਚ ਲੋਕ ਅੰਦਰੋਂ ਖਾਂਲੀ ਮਹਿਸੂਸ ਕਰਨ ਲੱਗ ਪੈਦੇ ਹਨ। ਬਾਅਦ ਵਿਚ ਉਹ ਲੋਕਾਂ ਨੂੰ ਮਿਲਣ ‘ਤੇ ਜਾਂ ਇਕੱਠ ਵਿੱਚ ਵੀ ਇਕੱਲਤਾ ਮਹਿਸੂਸ ਕਰਨ ਲੱਗਦੇ ਹਨ ਤੇ ਉਹ ਉਦਾਸੀ ਰੋਗ ਵੱਲ ਵਧਦੇ ਹਨ। ਉਨ੍ਹਾਂ ਨੂੰ ਅਨੀਂਦਰਾ ਤੇ ਡਿਪਰੈਸ਼ਨ ਘੇਰ ਲੈਂਦੇ ਹਨ। ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ,ਪੜ੍ਹਨ-ਲਿਖਣ ਦੀ ਸ਼ਕਤੀ ਤੇ ਦਿਲ ਦੀ ਫੰਕਸ਼ਨ ਕਰਨ ਦੀ ਸ਼ਕਤੀ ਵੀ ਘਟ ਜਾਦੀ ਹੈ।
ਨਿਊ-ਕੇਸਲ ਯੂਨੀਵਰਸਿਟੀ ਦੇ ਮਨੋਵਿਗਿਆਨੀ ਨਿਕੋਲ ਵਲਤੇਰਾ ਨੇ ਦੱਸਿਆ ਕਿ ਘੋਰ ਇਕੱਲਤਾ ‘ਚ ਮੈਂਟਲ ਸਟਰੋਕ ਤੇ ਦਿਲ ਦੀਆਂ ਬਿਮਾਰੀਆਂ ਦੇ 30 ਫ਼ੀਸਦੀ ਵੱਧ ਜਾਂਦੇ ਹਨ। ਇਸ ਨਾਲ ਸਾਡੇ ਸਰੀਰਕ ਅਤੇ ਮਾਨਸਿਕ ਵਿਵਹਾਰ ਵਿਚ ਤਬਦੀਲੀਆਂ ਆਉਂਦੀਆਂ ਹਨ, ਜਿਨ੍ਹਾਂ ਨਾਲ ਸਟਰੈੱਸ ਵੱਧਦਾ ਹੈ ਤੇ ਨੀਂਦਰ ਘੱਟ ਜਾਂਦੀ ਹੈ। ਜਦੋਂ ਅਸੀਂ ਘੋਰ ਚਿੰਤਾ ਤੇ ਉਦਾਸੀ ਵਿਚ ਹੁੰਦੇ ਹਾਂ ਤਾਂ ਜੇ ਕਰ ਕੋਈ ਕੰਮ ਡਰ ਵਿਚ ਵਾਰ- ਵਾਰ ਦੁਹਰਾਉਂਦੇ ਹਾਂ ਤਾਂ ਉਹ ਸਾਡੇ ਅਰਧਚੇਤਨ ਮਨ ਦਾ ਹਿੱਸਾ ਬਣ ਜਾਦਾ ਹੈ। ਜਿਵੇਂ ਅਸੀਂ ਕੋਰੋਨਾ ਵਾਇਰਸ ਤੋਂ ਡਰਦੇ ਵਾਰ-ਵਾਰ ਹੱਥ ਸਾਫ਼ ਕਰਦੇ ਹਾਂ ਤਾਂ ਕਈ ਵਾਰੀ ਇਹ ਕਮਜ਼ੋਰ ਮਨ ਵਾਲਿਆਂ ਲਈ ਮਾਨਸਿਕ ਦੁਹਰਾਓ ਰੋਗ ਵਿਚ ਬਦਲ ਸਕਦਾ ਹੈ ਪਰ ਇਹ ਗੱਲ ਬਹੁਤ ਹੀ ਘੱਟ ਲੋਕਾਂ ‘ਚ ਵਾਪਰਦੀ ਹੈ।
ਇਸੇ ਸਬੰਧ ਵਿਚ ਰੂਸ ਦੇ ਮਹਾਨ ਲੇਖਕ ਟਾਲਸਟਾਏ ਦੀ ਕਹਾਣੀ ‘ਸ਼ਰਤ”’ ਦਾ ਪ੍ਰਸੰਗ ਵੀ ਦੇਖਿਆ ਜਾ ਸਕਦਾ ਹੈ। ਇਸ ਕਹਾਣੀ ‘ਚ ਦੋ ਦੋਸਤ ਸ਼ਰਤ ਲਾਉਂਦੇ ਹਨ ਕਿ ਜੇ ਉਨ੍ਹਾਂ ਵਿੱਚੋਂ ਇਕ ਪੂਰੇ ਮਹੀਨੇ ਲਈ ਇਕਾਂਤ ‘ਚ ਦੂਰ-ਦੁਰਾਡੇ ਵੱਖਰੇ ਘਰ ਵਿਚ ਰਹੇਗਾ ਤਾਂ ਉਸ ਨੂੰ ਭਾਰੀ ਰਕਮ ਇਨਾਮ ਵਜੋਂ ਦੂਸਰਾ ਦੋਸਤ ਦੇਵੇਗਾ। ਉਨ੍ਹਾਂ ‘ਚੋਂ ਇਕ ਦੋਸਤ ਸ਼ਰਤ ਸਵੀਕਾਰ ਕਰ ਕੇ ਇਕਾਂਤ ਘਰ ਵਿਚ ਚਲਿਆ ਗਿਆ। ਉਸ ਨੂੰ ਖਾਣ-ਪੀਣ ਦਾ ਪੂਰਾ ਸਾਮਾਨ ਦੇ ਦਿੱਤਾ ਗਿਆ।
ਉਸ ਨੂੰ ਆਖਿਆ ਗਿਆ ਕਿ ਜਦੋਂ ਉਹ ਠੀਕ ਮਹਿਸੂਸ ਨਾ ਕਰੇ ਤਾਂ ਘੰਟੀ ਵਜਾ ਦੇਵੇ ਤਾਂ ਉਸ ਨੂੰ ਉੱਥੋਂ ਕੱਢ ਲਿਆ ਜਾਵੇਗਾ। ਕੁਝ ਦਿਨ ਉਹ ਕਿਤਾਬਾਂ ਪੜ੍ਹਨ ਵਿਚ ਖ਼ੁਸ਼ ਰਿਹਾ ਪਰ ਫਿਰ ਉਸ ਦਾ ਦਿਲ ਉਚਾਟ ਹੋਣ ਲੱਗਾ। ਕੁਝ ਹੋਰ ਦਿਨ ਬੀਤਣ ‘ਤੇ ਇਕੱਲਤਾ ਉਸ ਨੂੰ ਖਾਣ ਲੱਗੀ। ਉਹ ਚੀਕਣ ਲੱਗਿਆ, ਆਪਣੇ ਵਾਲ ਪੁੱਟਣ ਲੱਗਾ,ਹਵਾ ਨੂੰ ਗਾਲ੍ਹਾਂ ਕੱਢਣ ਲੱਗਾ ਪਰ ਕੁਝ ਦਿਨਾਂ ਬਾਅਦ ਉਹ ਸ਼ਾਂਤ ਹੋਣ ਲੱਗਾ ਤੇ ਆਪਣੇ ਆਪ ਨੂੰ ਉਨ੍ਹਾਂ ਹਾਲਾਤਾਂ ਮੁਤਾਬਕ ਢਾਲਣ ਲੱਗਾ।
ਸਮਾਂ ਪੂਰਾ ਹੋਣ ਤੋਂ ਦੋ ਦਿਨ ਪਹਿਲਾਂ ਹੀ ਉਹ ਉੱਥੋਂ ਆਪਣੇ ਦੋਸਤ ਲਈ ਇਕ ਪੱਤਰ ਲਿਖ ਕੇ ਭੱਜ ਗਿਆ। ਉਸ ਨੇ ਲਿਖਿਆ ਸੀ ਕਿ ਮਨੁੱਖ ਦੀਆਂ ਜ਼ਰੂਰਤਾਂ ਜਿੰਨੀਆਂ ਘੱਟਦੀਆਂ ਜਾਂਦੀਆਂ ਹਨ, ਉਸ ਨੂੰ ਓਨੀ ਜ਼ਿਆਦਾ ਸ਼ਾਂਤੀ ਅਤੇ ਖ਼ੁਸ਼ੀ ਪ੍ਰਾਪਤ ਹੁੰਦੀ ਹੈ । ਉਹ ਆਪਣੇ ਦੋਸਤ ਨੂੰ ਸ਼ਰਤ ਤੋਂ ਵੀ ਬਰੀ ਕਰ ਜਾਂਦਾ ਹੈ। ਹੁਣ ਅਸੀ ਸ਼ਾਇਦ ਇਸੇ ਹਾਲਤ ਵਿੱਚੋਂ ਗੁਜ਼ਰ ਰਹੇ ਹਾਂ।
ਵਿਗਿਆਨਕ ਨਜ਼ਰੀਆ ਅਪਣਾਉਣ ਦੀ ਲੋੜ
ਸਾਨੂੰ ਸੋਸ਼ਲ ਮੀਡੀਆ ‘ਤੇ ਆ ਰਹੀਆਂ ਕੋਰੋਨਾ ਬਾਰੇ ਗ਼ਲਤ ਅਤੇ ਡਰਾਉਣੀਆਂ ਪੋਸਟਾਂ ਨਹੀ ਪੜ੍ਹਨੀਆਂ ਚਾਹੀਦੀਆਂ। ਪੌਸ਼ਟਿਕ ਖੁਰਾਕ ਲੈਣੀ ,ਲਗਾਤਾਰ ਕਸਰਤ ਕਰਨੀ ਤੇ ਪੂਰੀ ਨੀਂਦ ਲੈਣ ਨਾਲ ਅਸੀਂ ਬਿਮਾਰੀ ਨੂੰ ਕੁਝ ਹੱਦ ਤਕ ਦੂਰ ਰੱਖ ਸਕਦੇ ਹਾਂ। ਇਸ ਸਮੇਂ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ ਕਿਉਂਕਿ ਇਹ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਘਟਾਉਂਦੇ ਹਨ। ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਲੋੜ ਹੈ। ਅਸੀਂ ਵੀ ਇਕਾਂਤ ਦੇ ਨਾਲ ਇਕਮਿਕ ਹੁੰਦੇ ਜਾ ਰਹੇ ਹਾਂ ਪਰ ਇਸ ਨਾਲ ਇਹ ਵੀ ਸ਼ਰਤ ਹੈ ਕਿ ਹਰ ਪ੍ਰਾਣੀ ਦੀਆਂ ਖਾਣ- ਪੀਣ ਦੀਆਂ ਅਤੇ ਹੋਰ ਜ਼ਰੂਰੀ ਲੋੜਾਂ ਪੂਰੀਆਂ ਹੁੰਦੀਆਂ ਰਹਿਣ, ਫਿਰ ਇਹ ਸੰਕਟ ਦੀਆਂ ਘੜੀਆਂ ਸੌਖੀਆਂ ਕੱਟੀਆਂ ਜਾਣਗੀਆਂ ਕਿਉਂਕਿ ਲੋਕ ਆਪਣੀਆਂ ਜ਼ਰੂਰੀ ਲੋੜਾਂ ਲਈ ਇਕੱਠੇ ਨਹੀਂ ਹੋਣਗੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰਾ ਪਾਲਣ ਕਰਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹੈ ਆਮ ਲੋਕਾਂ ਵਿਚ ਉਤਪੰਨ ਹੋ ਰਹੇ ਮਾਨਸਿਕ ਵਿਕਾਰਾਂ ਵੱਲ ਵੀ ਧਿਆਨ ਦੇਵੇ, ਇਹ ਵੀ ਆਫ਼ਤ ਬਣ ਸਕਦੇ ਹਨ।
ਸਾਰੇ ਲੋਕ ਹੋ ਰਹੇ ਨੇ ਖ਼ੌਫ਼ਜ਼ਦਾ
ਇਕਾਂਤਵਾਸ ਵਿਚ ਵੀ ਸਾਰੇ ਲੋਕ ਕੋਰੋਨਾ ਵਾਇਰਸ ਦੇ ਫੈਲਾਓ ਬਾਰੇ ਸੋਚ ਕੇ ਖ਼ੌਫ਼ਜ਼ਦਾ ਹਨ। ਗ਼ਰੀਬ ਲੋਕਾਂ ਵਿਚ ਰੋਟੀ ਤੇ ਖਾਧ ਪਦਾਰਥਾਂ ਦੀ ਕਮੀ ਹੋਣ ਦਾ ਡਰ ਅਤੇ ਚਿੰਤਾ ਹੋ ਰਹੀ ਹੈ ਭਾਵੇਂ ਸਰਕਾਰਾਂ ਤੇ ਐੱਨਜੀਓਜ਼ ਇਸ ਕਮੀ ਨੂੰ ਪੂਰਾ ਕਰਨ ਲਈ ਬਣਦਾ ਜ਼ੋਰ ਲਾ ਰਹੀਆਂ ਹਨ ਪਰ ਫਿਰ ਵੀ ਅਦਿੱਖ ਸਹਿਮ ਪਰਵਾਸੀਆਂ ਨੂੰ ਆਪਣੇ ਆਲ੍ਹਣੇ ਛੱਡ ਕੇ ਸੜਕਾਂ ‘ਤੇ ਆਉਣ ਲਈ ਮਜਬੂਰ ਕਰ ਰਿਹਾ ਹੈ। ਇਸ ਬਿਮਾਰੀ ਦਾ ਡਰ ਬਿਮਾਰੀ ਨਾਲੋਂ ਵੀ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਇਸ ਬੀਮਾਰੀ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਤੇ ਪੈਰਾ-ਮੈਡੀਕਲ ਸਟਾਫ ਜਿਹੜੇ ਘਰਾਂ ਵਿਚ ਰਹਿ ਰਹੇ ਹਨ, ਉੱਥੋ ਦੇ ਲੋਕ ਡਰ ਕਾਰਨ ਬੇਵਜ੍ਹਾ ਉਨ੍ਹਾਂ ਨਾਲ ਦੁਰ ਵਿਵਹਾਰ ਕਰ ਰਹੇ ਹਨ। ਹਵਾਈ ਜਹਾਜ਼ਾਂ ਵਿਚ ਕੰਮ ਕਰ ਰਹੇ ਅਮਲੇ ਨਾਲ ਵੀ ਇੰਜ ਹੀ ਵਾਪਰ ਰਿਹਾ ਹੈ। ਉਨ੍ਹਾਂ ਨੂੰ ਘਰੋਂ ਕੱਢਣ ਦੀਆਂ ਧਮਕੀਆ ਮਿਲ ਰਹੀਆਂ ਹਨ।
ਲੋਕ ਮਾਨਸਿਕ ਦਬਾਅ ਦਾ ਹੋਏ ਸ਼ਿਕਾਰ
ਲੋਕ ਬਾਹਰਲੇ ਦੇਸ਼ਾਂ ਤੋਂ ਆਏ ਆਪਣੇ ਰਿਸ਼ਤੇਦਾਰਾਂ ਜਿਨ੍ਹਾਂ ਦੀ ਪਹਿਲੇ ਸਮਿਆਂ ਵਿਚ ਤੀਬਰਤਾ ਨਾਲ ਉਡੀਕ ਕੀਤੀ ਜਾਦੀ ਸੀ, ਨੂੰ ਵੀ ਭਰੇ ਮਨਾ ਨਾਲ ਹੀ ਘਰਾਂ ਵਿਚ ਰੱਖ ਰਹੇ ਹਨ। ਪੱਛਮੀ ਬੰਗਾਲ ‘ਚ ਪਿੰਡ ਦੇ ਲੋਕਾਂ ਨੇ ਹੋਰ ਰਾਜਾਂ ਤੋਂ ਮੁੜ ਕੇ ਗਏ ਮਜ਼ਦੂਰਾਂ ਨੂੰ ਰੁੱਖਾਂ ‘ਤੇ ਘਰ ਬਣਾ ਕੇ 14 ਦਿਨ ਕੱਟਣ ਲਈ ਮਜਬੂਰ ਕੀਤਾ ਹੈ। ਇਹ ਗੱਲ ਇਸੇ ਤਰ੍ਹਾਂ ਵਧਦੀ ਗਈ ਤਾਂ ਸਮੁੱਚਾ ਸਮਾਜ ਸੋਸ਼ਲ- ਸਾਇਕੀ ਜ਼ਖ਼ਮੀ ਹੋਣ ਦਾ ਡਰ ਹੈ। ਸਮਾਜਿਕ ਡਰ ਜਾਂ ਚਿੰਤਾ ਆਪਣੇ ਆਪ ਵਿਚ ਗੰਭੀਰ ਰੋਗ ਹਨ। ਕੋਰੋਨਾ ਨੇ ਇੱਥੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜਦੋਂ ਬੰਦਾ ਚਿੰਤਾ ਰੋਗ ਦਾ ਸ਼ਿਕਾਰ ਹੁੰਦਾ ਹੈ ਤਾਂ ਕਈ ਵਾਰੀ ਵਗੈਰ ਕਾਰਨ ਹੀ ਘੋਰ ਨਿਰਾਸ਼ਾ ਵਿਚ ਚਲਿਆ ਜਾਂਦਾ ਹੈ। ਚਿੰਤਾ ਚਿਤਾ ਸਮਾਨ ਹੈ। ਬੱਚਿਆਂ ਵਿਚ ਇਸ ਦਾ ਡਰ ਜ਼ਿਆਦਾ ਹੁੰਦਾ ਹੈ। ਬਜ਼ੁਰਗਾਂ ਲਈ ਇਹ ਮਾਨਸਿਕ-ਦਬਾਅ ਦਾ ਸਮਾਂ ਹੁੰਦਾ ਹੈ। ਉਹ ਸਰੀਰਕ ਤੌਰ ‘ਤੇ ਵੀ ਠੀਕ ਨਹੀ ਰਹਿੰਦੇ। ਉਨ੍ਹਾਂ ਦਾ ਇਮਿਊਨ ਸਿਸਟਮ ਪਹਿਲਾਂ ਹੀ ਕਮਜ਼ੋਰ ਹੁੰਦਾ ਹੈ।
ਰਵਿੰਦਰ ਚੋਟ 98726-73703