ਹਾਂਗਕਾਂਗ (ਜੰਗ ਬਹਾਦਰ ਸਿੰਘ) : -ਹਾਂਗਕਾਂਗ ਦੇ ਵਸਨੀਕਾਂ ਅਤੇ ਹਾਂਗਕਾਂਗ ਸਰਕਾਰ ਦੀ ਸੂਝ-ਬੂਝ ਅਤੇ ਅਹਿਤਿਆਤ ਸਦਕਾ ਹਾਂਗਕਾਂਗ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿਚ ਜਿੱਤ ਦੇ ਮੁਕਾਮ ਨੂੰ ਹਾਸਲ ਕਰਨ ਦੇ ਬਹੁਤ ਨਜ਼ਦੀਕ ਆ ਚੁੱਕਾ ਹੈ। ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਹਫ਼ਤਾਵਾਰੀ ਕਾਰਜਕਾਰੀ ਸਭਾ ਦੀ ਬੈਠਕ ਤੋਂ ਪਹਿਲਾਂ ਬੋਲਦਿਆਂ ਕਾਰਾਓਕੇ, ਪਾਰਲਰ, ਨਾਈਟ ਕਲੱਬ, ਬਾਥ ਹਾਊਸ ਅਤੇ ਪਾਰਟੀ ਕਮਰਿਆਂ ਤੇ ਲੱਗੀਆਂ ਪਾਬੰਦੀਆਂ ਨੂੰ 28 ਮਈ ਦੀ ਅੱਧੀ ਰਾਤ ਤੋਂ ਖ਼ਤਮ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਹਾਂਗਕਾਂਗ ਮੁਖੀ ਵਲੋਂ ਅਪ੍ਰੈਲ ਦੇ ਸ਼ੁਰੂ ਤੋਂ ਮੁਅੱਤਲ ਕੀਤੀਆਂ ਹਵਾਈ ਸੇਵਾਵਾਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਹਾਂਗਕਾਂਗ ਦਾ ਹਵਾਈ ਅੱਡਾ 1 ਜੂਨ ਤੋਂ ਖੋਲ੍ਹਣ ਦੀ ਪੁਸ਼ਟੀ ਕੀਤੀ। ਜਨਤਕ ਥਾਵਾਂ ‘ਤੇ 8 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ 4 ਜੂਨ ਤੱਕ ਰਹੇਗੀ। ਹਾਂਗਕਾਂਗ ਹਸਪਤਾਲ ਅਥਾਰਟੀ ਮੁਤਾਬਿਕ ਇਸ ਹਫ਼ਤੇ ਹੁਣ ਤੱਕ ਕੋਈ ਨਵਾਂ ਮਰੀਜ਼ ਨਹੀਂ ਆਇਆ ਹੈ ਅਤੇ ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 1065 ਤੱਕ ਸੀਮਿਤ ਹੈ ਜਿਨ੍ਹਾਂ ‘ਚ ਸਿਰਫ਼ 32 ਮਰੀਜ਼ ਹਸਪਤਾਲਾਂ ‘ਚ ਇਲਾਜ ਅਧੀਨ ਹਨ ਅਤੇ 1 ਦੀ ਹਾਲਤ ਨਾਜ਼ੁਕ ਸਥਿਤੀ ਵਿਚ ਨਿਯੰਤਰਣ ਅਧੀਨ ਹੈ। ਜਦਕਿ ਬਾਕੀ ਸਾਰੇ ਸਿਹਤਮੰਦ ਦੱਸੇ ਜਾ ਰਹੇ ਹਨ। ਹਾਂਗਕਾਂਗ ਵਿਚ ਮੰਨੋਰੰਜਨ ਸਥਾਨ, ਬਾਰਾਂ, ਸਿਨੇਮਾ ਘਰਾਂ, ਲਾਇਬ੍ਰੇਰੀਆਂ ਅਤੇ ਹੋਰ ਜਨਤਕ ਸੇਵਾਵਾਂ ਪਹਿਲਾਂ ਹੀ ਬਹਾਲ ਕੀਤੀਆਂ ਜਾ ਚੁੱਕੀਆਂ ਹਨ।