1708 ਈ. ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਜਦ ਬਾਬਾ ਬੰਦਾ ਸਿੰਘ ਜੀ ਪੰਜਾਬ ਆਏ ਤਾਂ ਉਨ੍ਹਾਂ ਕੋਲ ਗੁਰੂ ਜੀ ਵਲੋਂ ਮਿਲੇ ਪੰਜ ਤੀਰ, ਖੰਡਾ ਤੇ ਨਗਾਰਾ ਸੀ। ਸਲਾਹ-ਮਸ਼ਵਰਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਨਾਲ ਭੇਜੇ। ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਹਨੇਰੀ ਦੀ ਤਰ੍ਹਾਂ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਸਿੱਖ ਸੰਗਤਾਂ ਹੁਕਮ ਦਾ ਪਾਲਣ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਵਾਗਤ ਲਈ ਅੱਗੇ ਆ ਗਈਆਂ। ਗਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹੀਦੀਆਂ ਦੇ ਜ਼ਖ਼ਮ ਸਿੱਖ ਸੰਗਤਾਂ ਵਿਚ ਅਜੇ ਤਾਜ਼ੇ ਸਨ। ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਝੰਡੇ ਥੱਲੇ ਇਕੱਠੇ ਹੋ ਗਏ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਨਾ ਤਾਂ ਕੋਈ ਫੌਜ ਸੀ ਅਤੇ ਨਾ ਹੀ ਸ਼ਸਤਰ, ਨਾ ਕੋਈ ਖਜ਼ਾਨਾ ਸੀ ਤੇ ਨਾ ਹੀ ਘੋੜੇ-ਹਾਥੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ, ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਇਰਾਕ, ਕਾਬੁਲ, ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਾਲ ਆ ਰਲੇ। ਉਦਾਸੀ ਸੰਤਾਂ ਤੇ ਮਸੰਦਾਂ ਦੇ ਪ੍ਰਚਾਰ ਸਦਕਾ ਇਹ ਲੋਕ ਕਾਫੀ ਚਿਰ ਤੋਂ ਸਿੱਖ ਧਰਮ ਵਿਚ ਪ੍ਰਵੇਸ਼ ਕਰ ਚੁੱਕੇ ਸਨ। ਪੰਜਾਬ ਵਿਚ ਆ ਕੇ ਇਹ ਅੰਮ੍ਰਿਤ ਛਕ ਕੇ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ।
ਇਨ੍ਹਾਂ ਤੋਂ ਇਲਾਵਾ ਬਾਬਾ ਜੀ ਨੇ ਅਖੌਤੀ ਪੱਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛਕਣ ਤੋਂ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰ ਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ। ਖਰਚਾ ਚਲਾਉਣ ਅਤੇ ਧਨ ਦੀ ਪੂਰਤੀ ਲਈ ਉਸ ਨੇ ਉੱਘੇ ਵਪਾਰੀਆਂ ਨੂੰ ਵੰਗਾਰਿਆ। ਸਭ ਨੇ ਖੁੱਲ੍ਹ ਕੇ ਮਦਦ ਕੀਤੀ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ ‘ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। 11 ਨਵੰਬਰ 1709 ਈ. ਨੂੰ ਸਮਾਣਾ ‘ਤੇ ਫਤਿਹ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਂਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦਾ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁੱਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ।
ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ‘ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਆਖਰ ਉਹ ਘੜੀ ਆ ਗਈ, ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜ-ਚਿੜੀ ਦਾ ਮੈਦਾਨ ਆ ਮੱਲਿਆ। (ਚੱਪੜ-ਚਿੜੀ, ਸਰਹਿੰਦ ਤੋਂ 12 ਕੋਹ ਦੀ ਵਿੱਥ ‘ਤੇ ਖਰੜ-ਲਾਂਡਰਾ ਸੜਕ ‘ਤੇ ਸਥਿਤ ਹੈ)। ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ ‘ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ।
12 ਮਈ, 1710 ਈ. ਨੂੰ ਚੱਪੜ-ਚਿੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ‘ਮਾਰ ਵਜੀਦੇ ਖਾਂ ਨੂੰ, ਧਰਤੋਂ ਭਾਰੀ ਪੰਡ ਉਤਾਰੀ’ (ਹਰਸਾ ਸਿੰਘ ਚਾਤਰ)। ਵਜ਼ੀਰ ਖਾਂ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ। ਦੋ ਦਿਨਾਂ ਬਾਅਦ ਸਿੱਖ ਫੌਜਾਂ 14 ਮਈ, 1710 ਈ. ਨੂੰ ਸਰਹਿੰਦ ਵਿਚ ਦਾਖਲ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਇੱਟਾਂ ਦੇ ਢੇਰ ਵਿਚ ਬਦਲ ਦਿੱਤਾ। ਵੱਸਦਾ-ਰਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ। ਵਜ਼ੀਰ ਖਾਂ ਦੇ ਮਹੱਲਾਂ ‘ਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਸਰਹਿੰਦ ਦੀ ਜਿੱਤ ਨੇ ਅਹਿਮਦ ਸ਼ਾਹ ਅਬਦਾਲੀ ਦੇ ਇਸ ਕਥਨ ਨੂੰ ਕਿ ‘ਸਿੱਖਾਂ ‘ਚੋਂ ਹਕੂਮਤ ਦੀ ਬੋ ਆਉਂਦੀ ਹੈ’ ਨੂੰ ਸਹੀ ਸਿੱਧ ਕਰ ਦਿਖਾਇਆ।
ਸਰਹਿੰਦ ‘ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਾਲੇਰਕੋਟਲੇ ਵੱਲ ਵਧਿਆ ਪਰ ਸਾਹਿਬਜ਼ਾਦਿਆਂ ਵਲੋਂ ਇਥੋਂ ਦੇ ਨਵਾਬ ਵਲੋਂ ਹਾਅ ਦਾ ਨਾਅਰਾ ਮਾਰਨ ਕਰਕੇ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਥਾਪਿਆ ਤੇ ਆਪਣੀਆਂ ਅਗਲੀਆਂ ਮੁਹਿੰਮਾਂ ਦਾ ਆਧਾਰ ਕੇਂਦਰ ਬਣਾਇਆ।
ਬਾਬਾ ਬੰਦਾ ਸਿੰਘ ਨੇ ਅੱਗੇ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। 1712 ਈ. ਨੂੰ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤ ਕੇ ਸ਼ਮਸ ਖਾਨ ਨੂੰ ਮਾਰ ਮੁਕਾਇਆ। ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ ਮੁਗਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ, ਭਾਵ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿਪਾਹੀ ਭੁੱਖ ਤੇ ਪਿਆਸ ਨਾਲ ਮਰਨ ਲੱਗੇ।
ਉਂਝ ਤਾਂ ਸਾਰਾ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂ-ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ 800 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ। 15 ਮਾਰਚ 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ। ਸਿੱਖ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜੇ ਚਿਹਰੇ ਨਾਲ ਜੱਲਾਦ ਨੂੰ ਸੀਸ ਭੇਟ ਕਰਦੇ। ਤਕਰੀਬਨ 3 ਮਹੀਨੇ ਬਾਅਦ 9 ਜੂਨ 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ-ਮੀਨਾਰ ਦੇ ਨੇੜੇ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ।
ਬਹੁਤ ਸਾਰੇ ਚਸ਼ਮਦੀਦ ਗਵਾਹਾਂ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਇਸ ਤਰ੍ਹਾਂ ਹੋਈ : ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਉਸ ਦੇ ਮੂੰਹ ਵਿਚ ਤੁੰਨਿਆ ਗਿਆ। ਫਿਰ ਜੱਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ-ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਜਿਥੇ ਉਹ ਸਿੱਖਾਂ ਦਾ ਮਹਾਨ ਹੁਕਮਰਾਨ ਸੀ, ਉਥੇ ਉਹ ਸਿੱਖਾਂ ਦਾ ‘ਸ਼੍ਰੋਮਣੀ ਸ਼ਹੀਦ’ ਵੀ ਹੋ ਨਿੱਬੜਿਆ।
—ਦਿਲਜੀਤ ਸਿੰਘ ਬੇਦੀ