ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਤਿਆਰ- ਨਵਜੋਤ ਸਿੰਘ ਸਿੱਧੂ

0
512

ਚੰਡੀਗੜ੍ਹ : ਪਾਕਿਸਤਾਨ ਵਲੋਂ ਕਰਤਾਰਪੁਰ ਦਾ ਲਾਂਘਾ ਖੋਲ੍ਹੇ ਜਾਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਸਿੱਖਾਂ ਲਈ ਬਹੁਤ ਵੱਡਾ ਤੋਹਫਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਹਮੇਸ਼ਾ ਅਰਦਾਸ ਕਰਦੇ ਸਨ ਕਿ ਇਹ ਲਾਂਘਾ ਖੋਲ੍ਹਿਆ ਜਾਵੇ ਅਤੇ ਹੁਣ ਮੇਰਾ ਜੀਵਨ ਸਫਲ ਹੋ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਮੁਹੱਬਤ ਦਾ ਪੈਗਾਮ ਲੈ ਕੇ ਪਾਕਿਸਤਾਨ ਗਏ ਸਨ ਅਤੇ ਅੱਜ ਉਨ੍ਹਾਂ ਨੂੰ ਇਸ ਦਾ ਫਲ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਸਰਕਾਰ ਨੂੰ ਇਸ ਮਸਲੇ ਬਾਰੇ ਚਿੱਠੀ ਲਿਖਣ ‘ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਨਵਜੋਤ ਸਿੱਧੂ ਨੇ ਭਾਰਤ-ਪਾਕਿ ਸਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਹੁਣ ਭਾਰਤ ਨੂੰ ਵੀ ਦੋ ਕਦਮ ਚੱਲਣਾ ਚਾਹੀਦਾ ਹੈ ਅਤੇ ਨਫਰਤ ਦੀ ਗੱਲ ਖਤਮ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਹੋਛੀ ਰਾਜਨੀਤੀ ਕਰਦੇ ਸਨ, ਮੈਂ ਉਨ੍ਹਾਂ ਨੂੰ ਵੀ ਮੁਆਫ ਕਰਦਾ ਹੈ। ਸਿੱਧੂ ਨੇ ਕਿਹਾ ਕਿ ਧਰਮ ਸਭ ਨੂੰ ਜੋੜ ਸਕਦਾ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਕੁਝ ਲੋਕ ਵੋਟਾਂ ਦੀ ਰਾਜਨੀਤੀ ਨੂੰ ਧਰਮ ਨਾਲ ਜੋੜਦੇ ਹਨ ਅਤੇ ਮੈਂ ਉਨ੍ਹਾਂ ਨੂੰ ਇਹੀ ਕਹਿੰਦਾ ਹਾਂ ਕਿ ਅਜਿਹਾ ਨਾ ਕਰੋ। ਉਨ੍ਹਾਂ ਕਿਹਾ ਕਿ ਧਰਮ ਤੋਂ ਰਾਜਨੀਤੀ ਨੂੰ ਦੁਰ ਰੱਖਣਾ ਚਾਹੀਦਾ ਹੈ। ਨਵਜੋਤ ਸਿੱਧੂ ਨੇ ਕਿਹਾ ਉਨ੍ਹਾਂ ਦੀ ਬਹੁਤ ਵੱਡੀ ਖੁਆਇਸ਼ ਪੂਰੀ ਹੋਈ ਹੈ ਕਿਉਂਕਿ ਇਹ ਹਰ ਪੰਜਾਬੀ ਲਈ ਤੋਹਫਾ ਹੈ। ਨਵਜੋਤ ਸਿੱੱਧੂ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਸਿਰ ਝੁਕਾ ਕੇ ਬੇਨਤੀ ਕਰਦੇ ਹਨ ਕਿ ਹੁਣ ਉਹ ਵੀ ਇਕ ਕਦਮ ਚੱਲਣ। ਇਸ ਤੋਂ ਵੱਡੀ ਸ਼ੁਰੂਆਤ ਪਾਕਿਸਤਾਨ ਨਹੀਂ ਕਰ ਸਕਦਾ ਕਿ ਬਿਨਾ ਵੀਜ਼ਾ ਲੋਕ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰ ਸਕਣ।