ਲੰਡਨ -ਬਰਤਾਨੀਆ ਸਰਕਾਰ ਵਲੋਂ ਹਰ ਸਾਲ 2500 ਕਿਸਾਨਾਂ ਨੂੰ ਬਾਹਰੋਂ ਮੰਗਵਾਉਣ ਲਈ ਨਵਾਂ ਕਿਸਾਨ ਵੀਜ਼ਾ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਕਿਸਾਨ ਫਲ ਅਤੇ ਸਬਜ਼ੀਆਂ ਦੇ ਖੇਤਾਂ ‘ਚ 6 ਮਹੀਨੇ ਰਹਿ ਕੇ ਕੰਮ ਕਰ ਸਕਣਗੇ | ਬ੍ਰੈਗਜ਼ੈਟ ਤੋਂ ਬਾਅਦ ਬਰਤਾਨੀਆ ਸਰਕਾਰ ਦੀ ਨਵੀਂ ਰਣਨੀਤੀ ਅਨੁਸਾਰ 2500 ਗੈਰ-ਯੂਰਪੀਅਨ ਕਾਮਿਆਂ ਨੂੰ ਮੰਗਵਾਉਣ ਲਈ ਬਰਤਾਨੀਆ ਦੇ ਕਿਸਾਨਾਂ ਨੂੰ ਆਗਿਆ ਦਿੱਤੀ ਗਈ ਹੈ ਤਾਂ ਕਿ ਖੇਤਾਂ ‘ਚ ਕੰਮ ਕਰਨ ਵਾਲੇ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ | ਰਾਸ਼ਟਰੀ ਕਿਸਾਨ ਯੂਨੀਅਨ ਨੇ ਖੇਤਾਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਘਾਟ ਹੋਣ ਕਾਰਨ ਥੋੜੇ ਸਮੇਂ ਲਈ ਬਾਹਰੋਂ ਕਾਮੇ ਮੰਗਵਾਉਣ ਦੀ ਮੰਗ ਕੀਤੀ ਸੀ | ਨਵੀਂ ਸਕੀਮ ਜੋ ਅਗਲੀਆਂ ਗਰਮੀਆਂ ਤੋਂ ਦੋ ਸਾਲ ਲਈ ਹੋਵੇਗੀ, ਜਿਸ ‘ਚ ਗੈਰ-ਯੂਰਪੀਅਨ ਲੋਕ ਜੋ ਬਰਤਾਨੀਆ ‘ਚ ਕੰਮ ਕਰਨ ਲਈ ਆਉਂਦੇ ਹਨ, ਉਹ ਫਲਾਂ ਅਤੇ ਸਬਜ਼ੀਆਂ ਦੇ ਖੇਤਾਂ ‘ਚ ਕੰਮ ਕਰਨ ਲਈ 6 ਮਹੀਨੇ ਠਹਿਰ ਸਕਦੇ ਹਨ | ਇੰਡਸਟਰੀ ਅਨੁਸਾਰ ਖੇਤੀਬਾੜੀ ਸੈਕਟਰ ‘ਚ ਬਰਤਾਨੀਆ ‘ਚ 75000 ਆਰਜ਼ੀ ਕਾਮਿਆਂ ਦੀ ਲੋੜ ਹੈ | ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ ਕਿ ਬਰਤਾਨਵੀ ਕਿਸਾਨਾਂ ਦਾ ਬਰਤਾਨੀਆ ਦੀ ਆਰਥਿਕਤਾ ‘ਚ ਵੱਡਾ ਯੋਗਦਾਨ ਹੈ ਅਤੇ ਸਰਕਾਰ ਵਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਇਸ ਨਵੀਂ ਸਕੀਮ ਨਾਲ ਕਿਸਾਨਾਂ ਨੂੰ ਰੁੱਤ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ‘ਚ ਮਦਦ ਮਿਲੇਗੀ | ਇਮੀਗੇ੍ਰਸ਼ਨ ਦੇ ਮਾਹਿਰ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਇਸ ਸਕੀਮ ਦਾ ਭਾਰਤੀ ਅਤੇ ਖ਼ਾਸ ਤੌਰ ‘ਤੇ ਪੰਜਾਬੀਆਂ ਨੂੰ ਵੀ ਲਾਭ ਹੋਵੇਗਾ, ਕਿਉਂਕਿ ਪੰਜਾਬੀ ਖੇਤਾਂ ‘ਚ ਕੰਮ ਕਰਨ ਦੇ ਮਾਹਿਰ ਹਨ | ਡਰ ਹੈ ਕਿ ਹੁਣ ਪੰਜਾਬ ਵਿਚ ਬੈਠੇ ਏਜੰਟ ਲੋਕਾਂ ਨੂੰ ਇਸ ਨਵੇ ਵੀਜ਼ੇ ਦਾ ਝਾਸਾ ਦੇ ਕੇ ਲੁਟਣਗੇ।