ਓਂਟਾਰੀਓ: ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੁਲਿਸ ਦੀਆਂ 12 ਟੀਮਾਂ ਨੇ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਲੋਕਾਂ ਸੱਤ ਪੰਜਾਬੀ ਵੀ ਹਨ। ਪੁਲਿਸ ਦੇ ਖੁਫ਼ੀਆ ਵਿਭਾਗ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਨਸ਼ਾ ਤਸਕਰੀ, ਧੋਖਾਧੜੀ ਅਤੇ ਚੋਰੀਆਂ ਦੇ ਦੋਸ਼ ਹੇਠ 80 ਕੇਸ ਦਰਜ ਕੀਤੇ ਹਨ।
ਗ੍ਰਿਫ਼ਤਾਰ ਕੀਤੇ ਪੰਜਾਬੀਆਂ ਦਾ ਸਬੰਧ ਗੁਰਦਾਸਪੁਰ, ਜਲੰਧਰ, ਲੁਧਿਆਣਾ ਜ਼ਿਲ੍ਹਿਆਂ ਨਾਲ ਹੈ। ਪੁਲਿਸ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਟਰਾਂਸਪੋਰਟ ਦਾ ਕੰਮ ਕਰਦੇ ਹਨ। ਟਰਾਲੇ ਚਲਾਉਣ ਦੇ ਨਾਲ-ਨਾਲ ਚੋਰੀ ਦੇ ਵਾਹਨਾਂ ‘ਤੇ ਇਹ ਨਸ਼ਾ ਸਪਲਾਈ ਕਰਦੇ ਸਨ।
ਗ੍ਰਿਫ਼ਤਾਰ ਲੋਕਾਂ ‘ਚ ਰਵੀਸ਼ੰਕਰ (56), ਗੁਰਿੰਦਰ ਬੇਦੀ (52), ਭੁਪਿੰਦਰ ਰਾਜਾ (64), ਨਾਰਾਇਣ ਓਰੀ (35), ਸੁਖਵੀਰ ਬਰਾੜ (28), ਗੁਰਪ੍ਰੀਤ ਢਿੱਲੋਂ (39), ਦਿਲਬਾਗ ਔਜਲਾ (70), ਕਰਨ ਘੁੰਮਣ (44), ਆਜ਼ਾਦਾਲੀ ਦਾਮਾਨੀ (63) ਅਤੇ ਦਰਸ਼ਨ ਬੇਦੀ (71 ਸਾਲ) ਸ਼ਾਮਿਲ ਹਨ।
ਪੀਲ ਸੂਬੇ ਦੇ ਪੁਲੀਸ ਮੁਖੀ ਜੈਨੀਫਰ ਇਵਾਨ ਨੇ ਦੱਸਿਆ ਕਿ ਇਨ੍ਹਾਂ ਦਾ ਡਰੱਗ ਰੈਕੇਟ ਕੈਨੇਡਾ, ਅਮਰੀਕਾ ਤੇ ਪਾਕਿਸਤਾਨ ਤਕ ਫੈਲਿਆ ਹੈ। ਇਨ੍ਹਾਂ ‘ਤੇ 80 ਤੋਂ ਵੱਧ ਮਾਮਲੇ ਦਰਜ ਹਨ। ਗ੍ਰਿਫ਼ਤਾਰੀ ਮੌਕੇ ਇਨ੍ਹਾਂ ਤੋਂ 2.6 ਕਿੱਲੋ ਅਫੀਮ, 1.4 ਕਿੱਲੋ ਗ੍ਰਾਮ ਹੈਰੋਇਨ, ਇੱਕ ਕਿੱਲੋ ਭੰਗ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥ, ਚੋਰੀ ਦੇ ਟਰਾਲੇ, 45 ਲੱਖ ਅਮਰੀਕੀ ਡਾਲਰ ਤੇ 50 ਹਜ਼ਾਰ ਕੈਨੇਡੀਅਨ ਡਾਲਰ ਵੀ ਬਰਾਮਦ ਕੀਤੇ ਹਨ।
ਕੈਨੇਡਾ ‘ਚ ਗ੍ਰਿਫ਼ਤਾਰ ਕੀਤੇ ਇਨ੍ਹਾਂ ਨਸ਼ਾ ਤਸਕਰਾਂ ‘ਤੇ ਪੰਜਾਬ ‘ਚ ਸਿਆਸਤ ਗਰਮਾ ਗਈ ਹੈ। ਦਰਅਸਲ, ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖੇ ਨਿਸ਼ਾਨੇ ਲਾਏ ਹਨ। ਉਨ੍ਹਾਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ‘ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਮਾਨ ਨੇ ਕਿਹਾ ਕਿ ਕੈਨੇਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਲੋਕਾਂ ‘ਚੋਂ ਇਕ 44 ਸਾਲਾ ਕਰਨ ਘੁੰਮਣ ਕੈਨੇਡਾ ‘ਚ ਅਕਾਲੀ ਦਲ ਦਾ ਅਹੁਦੇਦਾਰ ਹੈ। ਉਨ੍ਹਾਂ ਸੁਖਬੀਰ ਨੂੰ ਸਪਸ਼ਟ ਕਰਨ ਲਈ ਕਿਹਾ ਕਿ ਉਹ ਦੱਸਣ ਕਿ ਕਰਨ ਘੁੰਮਣ ਦਾ ਅਕਾਲੀ ਦਲ ਨਾਲ ਕੀ ਰਿਸ਼ਤਾ ਹੈ। ਭਗਵੰਤ ਮਾਨ ਨੇ ਕਰਨ ਘੁੰਮਣ ਨੂੰ ਸੁਖਬੀਰ ਬਾਦਲ ਦਾ ਖੱਬਾ ਹੱਥ ਵੀ ਦੱਸਿਆ।
ਮਾਨ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਕੈਨੇਡਾ ‘ਚ ਗ੍ਰਿਫਤਾਰ ਕੀਤੇ ਪੰਜਾਬ ਤੋਂ ਸਬੰਧਤ ਨਸ਼ਾ ਤਸਕਰਾਂ ਬਾਰੇ ਜਾਂਚ ਕਰਵਾਈ ਜਾਵੇ ਕਿ ਇਨ੍ਹਾਂ ਦੀਆਂ ਜਾਇਦਾਦਾਂ ਪੰਜਾਬ ਵਿੱਚ ਕਿੱਥੇ-ਕਿੱਥੇ ਹਨ ਤੇ ਇਸ ਮਾਮਲੇ ’ਚ ਕੈਨੇਡਾ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ।