20 ਰੁਪਏ ਦੇ ਕਾਰਤੂਸ ਦਾ ਡਰ…

0
447

ਚੰਡੀਗੜ੍ਹ : ਪੰਜਾਬ ’ਚ ਸਰਗਰਮ ਗੈਂਗਸਟਰ ਆਮ ਲੋਕਾਂ ਲਈ ਵੀ ਖੌਫਜ਼ਦਾ ਮਾਹੌਲ ਹੀ ਨਹੀਂ ਸਿਰਜ ਰਹੇ, ਸਗੋਂ ਕਾਨੂੰਨ ਦੇ ਰਾਖੇ ਤੇ ਜੇਲ੍ਹਾਂ ’ਚ ਤਾਇਨਾਤ ਅਮਲਾ ਵੀ ਗੈਂਗਸਟਰਾਂ ਤੋਂ ਭੈਅ ਖਾਂਦਾ ਹੈ। ਪੁਲੀਸ ਸੂਤਰਾਂ ਮੁਤਾਬਿਕ ਹਾਲ ਹੀ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੀਨੀਅਰ ਪੁਲੀਸ ਅਫਸਰਾਂ ਦੀ ਮੀਟਿੰਗ ਦੌਰਾਨ ਇਹ ਗੱਲ ਉੱਭਰ ਦੇ ਸਾਹਮਣੇ ਆਈ ਕਿ ਗੈਂਗਸਟਰਾਂ ਵੱਲੋਂ ਜੇਲ੍ਹਾਂ ਵਿਚ ਸਹੂਲਤਾਂ ਲੈਣ ਲਈ ਸਟਾਫ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਖਤਰਨਾਕ ਧਮਕੀ ਇਹ ਦੱਸੀ ਗਈ ਹੈ ਕਿ ਗੈਂਗਸਟਰ, ਜੇਲ੍ਹ ਸਟਾਫ ਨੂੰ ਕਹਿੰਦੇ ਹਨ, ‘‘ਸਾਡੇ ਬੰਦਿਆਂ ਨੇ ਤੇਰੇ ਬੱਚਿਆਂ ਦੀ ‘ਰੇਕੀ’ ਕਰ ਲਈ ਹੈ (ਭਾਵ ਸੂਹ ਲਾ ਲਈ ਹੈ) ਤੇ ਉਨ੍ਹਾਂ ਲਈ ਮਹਿਜ਼ 20 ਰੁਪਏ ਦੀ ਕੀਮਤ ਵਾਲੀ ਗੋਲੀ ਹੀ ਕਾਫੀ ਹੈ।’’ ਇਹ ਧਮਕੀ ਸੁਣਦਿਆਂ ਹੀ ਜੇਲ੍ਹ ਸਟਾਫ ਵੱਲੋਂ ਗੈਂਗਸਟਰਾਂ ਮੂਹਰੇ ਗੋਡੇ ਟੇਕ ਦਿੱਤੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਵਿਚ ਜਨਮ ਦਿਨ ਮਨਾਉਣ ਲਈ ਇਹੀ ਧਮਕੀ ਸਭ ਤੋਂ ਵੱਧ ਅਸਰਦਾਰ ਢੰਗ ਨਾਲ ਵਰਤੀ।