ਨਵੀਂ ਦਿੱਲੀ: ਰਾਜ ਸਭਾ ਚੋਣਾਂ ਦੇ ਦਿਨ ਕੀ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਿੱਚ ਤੂਫਾਨ ਆ ਗਿਆ। ਇਲਜ਼ਾਮਾਂ, ਸਾਜਿਸ਼ਾਂ ਤੇ ਹਮਲਿਆਂ ਦਾ ਹੜ੍ਹ ਹੀ ਆ ਗਿਆ। ਹੁਣ ਗੋਪਾਲ ਰਾਏ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਨੂੰ ਤਾਨਾਸ਼ਾਹ ਕਹਿ ਦਿੱਤਾ ਹੈ। ਕੁਮਾਰ ਨੇ ਕਿਹਾ ਕਿ ਕਿਮ ਜੋਂਗ ਉਨ (ਕੇਜਰੀਵਾਲ) ਨੇ ਸਾਰਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਕੁਮਾਰ ਵਿਸ਼ਵਾਸ ਨੇ ਗੋਪਾਲ ਰਾਏ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਦਿੱਲੀ ਦੇ ਵਿਧਾਇਕ ਤੇ ਮੰਤਰੀ ਵਰਗੇ ਨੌਂ ਅਹੁਦਿਆਂ ‘ਤੇ ਬੈਠੇ ਗੋਪਾਲ ਰਾਏ ਪਾਰਟੀ ਕਾਰਕੁਨਾਂ ਨੂੰ ਮੀਰ ਜ਼ਾਫਰ ਕਹਿ ਰਹੇ ਹਨ, ਅੱਜ ਸੱਤ ਮਹੀਨਿਆਂ ਬਾਅਦ ਉਨ੍ਹਾਂ ਦੀ ਕੁੰਭਕਰਨੀ ਨੀਂਦ ਖੁੱਲ੍ਹੀ ਹੈ, ਜਿਸ ‘ਤੇ ਪਾਰਟੀ ਨੇ ਉਸ ਦੇ ਬਿਆਨ ਤੋਂ ਕਿਨਾਰਾ ਕਰ ਲਿਆ।
ਵਿਸ਼ਵਾਸ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਨਵੇਂ ਨਵੇਂ ਭਾਜਪਾ ਤੇ ਕਾਂਗਰਸ ਤੋਂ ਆਏ ਹੋਏ ਗੁਪਤਾ ਕੁਝ ਦਿਨ ਉਨ੍ਹਾਂ ਦੇ ਦਿੱਤੇ ਦਾਨ ਦਾ ਆਨੰਦ ਲੈ ਲੈਣ, ਮੇਰੀ ਲਾਸ਼ ਨਾਲ ਛੇੜਖਾਨੀ ਨਾ ਕਰਨ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਕਿਮ ਜੋਂਗ ਉਨ ਨੇ ਪੂਰੇ ਸੰਸਾਰ ਵਾਂਗ ਉਨ੍ਹਾਂ ਨੂੰ ਵੀ ਕਾਫੀ ਤੰਗ ਕਰ ਰੱਖਿਆ ਹੈ। ਉਹ ਕੇਜਰੀਵਾਲ ਨੂੰ ਉਕਤ ਗੱਲਾਂ ਸੁਣਾ ਰਹੇ ਸਨ।