ਨਵੀਂ ਦਿੱਲੀ— ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ, ਜਿਥੇ ਇਕ ਪੁਲਸ ਕਰਮਚਾਰੀ ਨੇ ਐੱਸ. ਪੀ. ਨੂੰ ਚਿੱਠੀ ਲਿਖ ਕੇ ਆਪਣੀ ਪਤਨੀ ਨੂੰ ਕੁੱਟਣ ਦੀ ਇਜਾਜ਼ਤ ਮੰਗੀ ਹੈ। ਪੁਲਸ ਕਰਮਚਾਰੀ ਉਥੇ ਹੈੱਡ ਕਾਂਸਟੇਬਲ ਦੇ ਤੌਰ ‘ਤੇ ਤਾਇਨਾਤ ਹੈ।
ਦਰਅਸਲ 25 ਜੂਨ ਨੂੰ ਛੱਤੀਸਗੜ੍ਹ ਪੁਲਸ ‘ਚ ਤਾਇਨਾਤ ਕਰਮਚਾਰੀਆਂ ਦੇ ਪਰਿਵਾਰ ਰਾਜਧਾਨੀ ਰਾਏਪੁਰ ‘ਚ ਧਰਨਾ ਦੇਣ ਜਾ ਰਹੇ ਹਨ। ਇਸ ਮਾਮਲੇ ਨਾਲ ਪੁਲਸ ਮਹਿਕਮੇ ਅਤੇ ਸੂਬੇ ਦੇ ਗ੍ਰਹਿ ਮੰਤਰਾਲੇ ‘ਚ ਹੜਕੰਪ ਮਚਿਆ ਹੋਇਆ ਹੈ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਪੁਲਸ ਕਰਮਚਾਰੀ ਆਪਣੇ ਪਰਿਵਾਰਾਂ ਨੂੰ ਉਥੇ ਜਾਣ ਤੋਂ ਰੋਕਣ।
ਇਸ ਦੇ ਚੱਲਦੇ ਰਾਏਗੜ੍ਹ ਜ਼ਿਲੇ ‘ਚ ਤਾਇਨਾਤ ਹੈੱਡ ਕਾਂਸਟੇਬਲ ਸੰਜੇ ਕੁਮਾਰ ਦੀ ਪਤਨੀ ਜ਼ਿਲੇ ਦੇ ਪੁਲਸ ਪਰਿਵਾਰ ਧਰਨੇ ‘ਚ ਸ਼ਾਮਲ ਹੋਣਾ ਚਾਹੁੰਦੀ ਹੈ। ਸੰਜੇ ਨੇ ਚਿੱਠੀ ‘ਚ ਲਿਖਿਆ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੀ ਪਤਨੀ ਧਰਨਾ ਪ੍ਰਦਰਸ਼ਨ ‘ਚ ਹਿੱਸਾ ਲਵੇ। ਇਸ ਲਈ ਉਸ ਨੂੰ ਉਥੋਂ ਜਾਣ ਤੋਂ ਰੋਕਣ ਲਈ ਉਸ ਨਾਲ ਕੁੱਟ ਮਾਰ ਕਰਨੀ ਜ਼ਰੂਰੀ ਹੈ ਪਰ ਉਸ ਦਾ ਪਰਿਵਾਰ ਰਾਜਨੀਤਕ ਘਰਾਣੇ ਨਾਲ ਸੰਬੰਧ ਰੱਖਦਾ ਹੈ। ਜਿਸ ਦੌਰਾਨ ਉਹ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਸਕਦੇ ਹਨ।
ਚਿੱਠੀ ਦੇ ਅਖੀਰ ‘ਚ ਉਸ ਨੇ ਲਿਖਿਆ ਕਿ ਉਸ ਨੂੰ ਆਪਣੀ ਪਤਨੀ ਨੂੰ ਡਰਾਉਣ ਧਮਕਾਉਣ ਅਤੇ ਉਸ ਦੀ ਕੁੱਟਮਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਪੱਤਰ ਰਾਏਗੜ੍ਹ ਹੀ ਨਹੀਂ ਬਲਕਿ ਪੂਰੇ ਸੂਬੇ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਿੱਠੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਪੱਤਰ ਦੇ ਵਿਸ਼ੇ ‘ਤੇ ਐੱਸ. ਪੀ. ਨੇ ਕੀ ਕਾਰਵਾਈ ਕੀਤੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗਾ ਹੈ।