ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਸੰਗਤ ਵੱਲੋਂ ਗੁਰਦੁਆਰਾ ਖ਼ਾਲਸਾ ਦਿਵਾਨ ਵਿਖੇ ਅੰਤਰਰਾਸ਼ਟਰੀ ਦਸਤਾਰ ਦਿਵਸ 11 ਮਾਰਚ ਨੂੰ ਮਨਾਇਆ ਜਾਵੇਗਾ | ਦਸਤਾਰ ਦਿਵਸ ਮੌਕੇ ਬੱ ਚਿਆਂ ਅਤੇ ਨੌਜਵਾਨਾਂ ਦੇ ਜਿਥੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ, ਉੱਥੇ ਦਸਤਾਰ ਨਾਲ ਸੰਬੰਧਿਤ ਕਵਿਤਾ, ਲੈਕਚਰ ਅਤੇ ਕਵੀਸ਼ਰੀਆਂ ਦੀ ਪੇਸ਼ਕਾਰੀ ਬੱ ਚਿਆਂ ਵਲੋਂ ਕੀਤੀ ਜਾਵੇਗੀ | ਹਾਂਗਕਾਂਗ ਦੇ ਸਮਾਜ ਸੇਵੀ ਅਤੇ ਬੁੱਧੀਜੀਵੀ ਵਰਗ ਦੇ ਸੱਜਣਾਂ ਵੱਲੋਂ ਦਸਤਾਰ ਪ੍ਰਤੀ ਚੇਤੰਨਤਾ ਪੈਦਾ ਕਰਦੀਆਂ ਤਕਰੀਰਾਂ ਸੰਗਤ ਦੇ ਸਨਮੁੱਖ ਕੀਤੀਆਂ ਜਾਣਗੀਆਂ | ਇਸ ਵਾਰ ਵਿਸ਼ੇਸ਼ ਉਪਰਾਲਾ ਕਰਦਿਆਂ ਪ੍ਰਬੰਧਕਾਂ ਵਲੋਂ ਜਿਥੇ ਦਸਤਾਰ ਦਿਵਸ ਵਿਚ ਸ਼ਮੂਲੀਅਤ ਕਰਨ ਦੇ ਸੱਦੇ ਸੋਸ਼ਲ ਮੀਡੀਆ ਰਾਹੀਂ ਭੇਜੇ ਜਾ ਰਹੇ ਹਨ, ਉਥੇ ਨਾਲ ਹੀ ਅੰਗਰੇਜ਼ੀ ਅਤੇ ਪੰਜਾਬੀ ਵਿਚ ਸਿੱਖ ਕੌਮ ਵਿਚ ਦਸਤਾਰ ਦੀ ਅਹਿਮੀਅਤ ਅਤੇ ਦਸਤਾਰਧਾਰੀਆਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਸੰਦੇਸ਼ ਸੰਖੇਪ ਲੇਖ ਦੇ ਰੂਪ ਵਿਚ ਭੇਜੇ ਜਾ ਰਹੇ ਹਨ | ਇਸ ਮੌਕੇ ਪਹਿਲੀ ਵਾਰ ਦਸਤਾਰ ਸਜਾਉਣ ਵਾਲੇ ਇਛੁੱਕ ਸੱਜਣਾਂ ਨੂੰ ਮੁਫ਼ਤ ਦਸਤਾਰ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ, ਉੱਥੇ ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਬੱ ਚਿਆਂ ਨੂੰ ਕੱਪ, ਮੈਡਲਾਂ ਅਤੇ ਨਗਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ | ਪ੍ਰਬੰਧਕਾਂ ਵਲੋਂ ਇਸ ਦਿਵਸ ਨੂੰ ਯਾਦਗਾਰ ਬਣਾਉਣ ਲਈ ਸੰਗਤ ਨੂੰ ਵੱਡੀ ਗਿਣਤੀ ਵਿਚ ਕੇਸਰੀ ਅਤੇ ਨੀਲੀਆਂ ਦਸਤਾਰਾਂ ਅਤੇ ਚੁੰਨੀਆਂ ਸਜਾ ਕੇ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ |