ਚੰਡੀਗੜ੍ਹ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੋਟੇ ਜਿਹੇ ਪਿੰਡ ਗੁਰੂ ਕੀ ਵਡਾਲੀ ‘ਚ ਜਨਮੇ ਵਡਾਲੀ ਭਰਾਵਾਂ ‘ਚੋਂ ਛੋਟੇ ਪਿਆਰੇ ਲਾਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 75 ਵਰ੍ਹਿਆਂ ਦੇ ਸਨ। ਪੰਜਾਬ ਵਿੱਚ ਸੂਫ਼ੀ ਗਾਇਕੀ ਦੇ ਚਮਕਦੇ ਸਿਤਾਰੇ ਪਿਆਰੇ ਲਾਲ ਨੇ ਅਤਿ ਦੀ ਗਰੀਬੀ ਨਾਲ ਜੂਝਦੇ ਹੋਏ ਆਪਣੀ ਕਲਾ ਦੇ ਦਮ ‘ਤੇ ਸਫਲਤਾ ਦੇ ਸਿਖਰ ਨੂੰ ਛੋਹਿਆ। ‘ਏ.ਬੀ.ਪੀ. ਸਾਂਝਾ’ ਉਨ੍ਹਾਂ ਦੀ ਗਾਇਕੀ ਨੂੰ ਦਿਲੋਂ ਸਲਾਮ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਯਾਦਾਂ, ਜੋ ਤੁਸੀਂ ਸ਼ਾਇਦ ਹੀ ਜਾਣਦੇ ਹੋਵੋ।
ਪਿਆਰੇ ਲਾਲ, ਪੂਰਨ ਚੰਦ ਤੋਂ ਬਾਅਦ ਠਾਕੁਰ ਦਾਸ ਵਡਾਲੀ ਦੇ ਛੋਟੇ ਪੁੱਤਰ ਸਨ। ਗ਼ਰੀਬੀ ਕਾਰਨ ਪਿਆਰੇ ਛੋਟੇ ਹੁੰਦੇ ਹੀ ਪਿੰਡ ‘ਚ ਹੋਣ ਵਾਲੀ ‘ਰਾਸਲੀਲ੍ਹਾ’ ਵਿੱਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਂਦੇ ਸਨ। ਪੂਰਨ ਚੰਦ ਵਡਾਲੀ ਆਪਣੀ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਛੇ ਕੁ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਕੀਤੀ ਸੀ। ਉਨ੍ਹਾਂ ਦੇ ਪਿਤਾ ਕਾਫੀ ਸਖ਼ਤ ਸੁਭਾਅ ਦੇ ਸਨ ਤੇ ਕੁੱਟ-ਮਾਰ ਵੀ ਕਰਦੇ ਸਨ। ਉਨ੍ਹਾਂ ਖ਼ੁਦ ਨੂੰ ਪੈਂਦੀ ਝਿੜਕ ਦਾ ਹਿੱਸਾ ਵੰਡਾਉਣ ਲਈ ਪਿਆਰੇ ਨੂੰ ਵੀ ਆਪਣੇ ਨਾਲ ਰਲਾ ਲਿਆ ਤੇ ਦੋਵੇਂ ਭਰਾ ਇਕੱਠੇ ਕਵਾਲੀ ਕਰਨ ਲੱਗੇ।
ਉਸ ਸਮੇਂ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਦੋਵਾਂ ਭਰਾਵਾਂ ਦਾ ਵੱਡਾ ਨਾਂ ਹੋਵੇਗਾ। ਪੂਰਨ ਚੰਦ ਸਾਰੀ ਉਮਰ ਪਿਆਰੇ ਲਾਲ ਦੇ ਮਾਰਗ ਦਰਸ਼ਕ ਤੇ ਗੁਰੂ ਬਣੇ ਰਹੇ। ਪਿਆਰੇ ਲਾਲ ਨੇ ਆਪਣੀ ਸੰਗੀਤਕ ਵਿਦਿਆ ਵੱਡੇ ਭਰਾ ਪੂਰਨ ਚੰਦ ਤੋਂ ਹੀ ਹਾਸਲ ਕੀਤੀ, ਜਦਕਿ ਵੱਡੇ ਭਰਾ ਪੂਰਨ ਚੰਦ ਨੇ ਆਪਣੇ ਪਿਤਾ ਤੋਂ ਇਲਾਵਾ ਪੰਡਿਤ ਦੁਰਗਾ ਦਾਸ ਤੇ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਪਹਿਲਾਂ ਪੂਰਨ ਚੰਦ ਆਪਣੇ ਪਿਤਾ ਨਾਲ ਪੀਰਾਂ ਦੀਆਂ ਦਰਗਾਹਾਂ ਜਾਂ ਪਿੰਡ ਤੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ‘ਤੇ ਜਾ ਕੇ ਗਾਉਂਦੇ ਸਨ, ਪਰ ਜਦੋਂ ਪਿਆਰੇ ਲਾਲ ਗਾਉਣਾ ਸਿੱਖ ਗਏ ਫਿਰ ਦੋਵੇਂ ਭਰਾਵਾਂ ਦੀ ਜੋੜੀ ਕਵਾਲੀਆਂ ਸੁਣਾ ਕੇ ਲੋਕਾਂ ਨੂੰ ਸੂਫ਼ੀ ਰੰਗ ਵਿੱਚ ਰੰਗਣ ਵਿੱਚ ਲੱਗ ਗਈ।
1975 ਵਿੱਚ ਦੋਵਾਂ ਭਰਾਵਾਂ ਨੇ ਜਲੰਧਰ ਵਿੱਚ ਹੋਣ ਵਾਲੇ ਸਾਲਾਨਾ ਹਰਵੱਲਭ ਸੰਗੀਤ ਸੰਮੇਲਨ ਵਿੱਚ ਆਪਣਾ ਕਮਾਲ ਦਿਖਾਇਆ। ਉਦੋਂ ਤੋਂ ਉਨ੍ਹਾਂ ਦੀ ਦਿਨ ਹੀ ਬਦਲ ਗਏ। ਪੂਰਨ ਚੰਦ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਹਰਵੱਲਭ ਸੰਗੀਤ ਸੰਮੇਲਨ ਵਿੱਚ ਉਨ੍ਹਾਂ ਪ੍ਰਬੰਧਕਾਂ ਤੋਂ ਬੜੀ ਹੀ ਮੁਸ਼ਕਲ ਨਾਲ ਗਾਉਣ ਲਈ ਪੰਜ ਮਿੰਟ ਦਾ ਸਮਾਂ ਮੰਗਿਆ ਸੀ, ਪਰ ਜਦੋਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ ਤਾਂ ਤਕਰੀਬਨ ਡੇਢ ਘੰਟਾ ਗਾਉਂਦੇ ਰਹੇ ਸਨ। ਦੋਵੇਂ ਭਰਾ ਖੁੱਲ੍ਹਾ ਗਾਉਂਦੇ ਸਨ, ਇਸ ਲਈ ਉਹ ਖਾਣ-ਪੀਣ ਦੇ ਸ਼ੌਕੀਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਖਵੱਈਆ-ਵੋਹੀ ਗਵੱਈਆ।
ਹਰਵੱਲਭ ਸੰਗੀਤ ਸੰਮੇਲਨ ਵਿੱਚ ਆਪਣੀ ਧਾਕ ਜਮਾਉਣ ਤੋਂ ਬਾਅਦ ਜਦੋਂ ਦੋਵਾਂ ਭਰਾਵਾਂ ਨੂੰ ਆਲ ਇੰਡੀਆ ਰੇਡੀਓ ਤੋਂ ਸੱਦਾ ਆਇਆ ਤਾਂ ਉਨ੍ਹਾਂ ਮਾਈਕ ਅੱਗੇ ਗਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਬਾਰੇ ਵਡਾਲੀ ਭਰਾਵਾਂ ਦਾ ਤਰਕ ਸੀ ਕਿ ਮਾਈਕ ਆਵਾਜ਼ ਨੂੰ ਖਿੱਚ ਲੈਂਦਾ ਹੈ। ਉਂਝ ਇਸ ਗੱਲ ਪਿੱਛੇ ਇਹ ਤਰਕ ਜ਼ਰੂਰ ਹੈ ਕਿ ਮਾਈਕ ਵਿੱਚ ਜੋ ਗਾਉਂਦਾ ਹੈ, ਉਹ ਆਪਣੀ ਮਿਹਨਤ ਕਰਨੀ ਛੱਡ ਸਕਦਾ ਹੈ ਤੇ ਜ਼ੋਰ ਨਾਲ ਨਹੀਂ ਗਾ ਪਾਉਂਦਾ।
ਰੇਡੀਓ ਰਾਹੀਂ ਜਦ ਵਡਾਲੀ ਭਰਾਵਾਂ ਦੀ ਆਵਾਜ਼ ਦੂਰ-ਦੂਰ ਤਕ ਪਹੁੰਚੀ ਤਾਂ ਉਨ੍ਹਾਂ ਦੀ ਗਾਇਕੀ ਦਾ ਜਾਦੂ ਫੈਲ ਗਿਆ। ਵਡਾਲੀ ਭਰਾਵਾਂ ਨੂੰ ਇੱਕ ਵਾਰ ਉਸ ਥਾਂ ‘ਤੇ ਗਾਉਣ ਲਈ ਸੱਦਾ ਦਿੱਤਾ ਗਿਆ ਜਿੱਥੇ ਤਾਨਸੈਨ ਗਾਉਂਦਾ ਸੀ ਤੇ ਬਾਦਸ਼ਾਹ ਅਕਬਰ ਉਨ੍ਹਾਂ ਨੂੰ ਸੁਣਦੇ ਸਨ। ਵਡਾਲੀ ਭਰਾਵਾਂ ਨੇ ਉਸ ਥਾਂ ‘ਤੇ ਬਿਨਾ ਮਾਈਕ ਤੋਂ ਗਾ ਕੇ ਅਜਿਹਾ ਰੰਗ ਬੰਨ੍ਹਿਆ ਕਿ ਸਾਰੇ ਅਸ਼-ਅਸ਼ ਕਰ ਉੱਠੇ।
2002 ਤੋਂ ਵਡਾਲੀ ਭਰਾਵਾਂ ਨੂੰ ਸੂਫ਼ੀ ਸੰਗੀਤ ਨੂੰ ਐਲਬਮਜ਼ ਦੇ ਜ਼ਰੀਏ ਲੋਕਾਂ ਤਕ ਪਹੁੰਚਾਉਣਾ ਸ਼ੁਰੂ ਕੀਤਾ। ਫਿਰ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਕਈ ਐਲਬਮਜ਼ ਆਈਆਂ। ਐਲਬਮਜ਼ ਨਾਲ ਵੀ ਵਡਾਲੀ ਭਰਾਵਾਂ ਦੀ ਇੱਕ ਕਹਾਣੀ ਜੁੜੀ ਹੋਈ ਹੈ। ਪੂਰਨ ਚੰਦ ਦੇ ਦੱਸੇ ਮੁਤਾਬਕ ਜਦ ਉਹ ਸਟੂਡੀਓ ਗਏ ਸੀ ਤਾਂ ਉੱਥੇ ਤਬਲੇ ਤੇ ਵਾਜੇ (ਹਾਰਮੋਨੀਅਮ) ‘ਤੇ ਹੀ ਗਾ ਕੇ ਆਏ ਸਨ, ਉਨ੍ਹਾਂ ਨੇ ਗਿਟਾਰ ਤੇ ਡਰੱਮ ਪਤਾ ਨਹੀਂ ਕਿੱਥੋਂ ਪਾ ਦਿੱਤੇ। ਵਡਾਲੀ ਬ੍ਰਦਰਜ਼ ਦੀਆਂ ‘ਆ ਮਿਲ ਯਾਰ’, ‘ਪੈਗ਼ਾਮ-ਏ-ਇਸ਼ਕ’, ‘ਇਸ਼ਕ ਮੁਸਾਫਿਰ’, ‘ਫ਼ੋਕ ਮਿਊਜ਼ਿਕ ਆਫ਼ ਪੰਜਾਬ’, ‘ਯਾਦ ਪੀਆ ਕੀ’ ਆਦਿ ਪ੍ਰਮੁੱਖ ਐਲਬਮਜ਼ ਹਨ। ਬੀਤੇ ਸਮੇਂ ਤੋਂ ਉਹ ਇਕਹਿਰੇ ਗੀਤ ਜਾਂ ਲਾਈਵ ਸ਼ੋਅ ਹੀ ਕਰਦੇ ਆ ਰਹੇ ਸਨ।
2003 ਵਿੱਚ ਵਡਾਲੀ ਭਰਾਵਾਂ ਨੇ ਬਾਲੀਵੁੱਡ ਫ਼ਿਲਮ ‘ਪਿੰਜਰ’ ਤੇ ‘ਧੂਪ’, 2010 ਵਿੱਚ ਤਮਿਲ ਫ਼ਿਲਮ ‘ਚਿੱਕੂ ਬੁੱਕੂ’, 2011 ਵਿੱਚ ‘ਤਨੂੰ ਵੈਡਜ਼ ਮਨੂੰ’ ਤੇ ‘ਮੌਸਮ’ ਵਿੱਚ ਵੀ ਗਾਇਆ। ਵਡਾਲੀ ਭਰਾਵਾਂ ਦੀ ਸਾਦਗੀ ਦੇ ਵੀ ਅਨੇਕਾਂ ਕਿੱਸੇ ਹਨ। ਉਨ੍ਹਾਂ ਆਪਣੀ ਉਮਰ ਦਾ ਜ਼ਿਆਦਾਤਰ ਸਮਾਂ ਸਾਈਕਲ ਜਾਂ ਮੋਟਰਸਾਈਕਲ ‘ਤੇ ਹੀ ਗੁਜ਼ਾਰਿਆ। ਇੱਕ ਵਾਰ ਜਦੋਂ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀ, ਉਨ੍ਹਾਂ ਨੂੰ ਮਿਲਣ ਗਏ ਤਾਂ ਆਪਣੇ ਖੁੱਲ੍ਹੇ ਸੁਭਾਅ ਦੇ ਮੁਤਾਬਕ ਉਨ੍ਹਾਂ ਵਿਦਿਆਰਥੀਆਂ ਨੂੰ ਪੁੱਛ ਲਿਆ ਕਿ ਕਾਕਾ ਆਓ ਪੈੱਗ-ਸ਼ੈੱਗ ਲਾ ਲਓ.. ! ਵਿਦਿਆਰਥੀਆਂ ਨੇ ਬੜੀ ਹੈਰਾਨੀ ਨਾਲ ਪੁੱਛਿਆ ਕਿ ਉਸਤਾਦ ਜੀ ਤੁਸੀਂ ਵੀ..? ਤਾਂ ਪਿਆਰੇ ਲਾਲ ਕਹਿੰਦੇ ਕਿ ਕਾਕਾ ਜੇ ਕੁਝ ਖਾਵਾਂਗੇ ਪੀਵਾਂਗੇ ਨਹੀਂ ਤੇ ਗਾਵਾਂਗੇ ਕਿਵੇਂ..? ਪਿਆਰੇ ਲਾਲ ਅਕਸਰ ਹੀ ਕਹਿੰਦੇ ਸੀ ਜੋ ਖਵੱਈਆ ਓਹੀ ਗਵੱਈਆ।
ਵਡਾਲੀ ਧਰਤੀ ਨਾਲ ਜੁੜ ਕੇ ਰਹਿਣ ਵਾਲੇ ਲੋਕ ਹਨ। ਉਹ ਗੱਡੀਆਂ ਵਿੱਚ ਸਫਰ ਕਰਨ ਨੂੰ ਨਫਰਤ ਕਰਦੇ ਸਨ। ਜਦੋਂ ਪੂਰਨ ਚੰਦ ਦੇ ਪੁੱਤਰ ਲਖਵਿੰਦਰ ਵਡਾਲੀ ਨੇ ਘਰ ਗੱਡੀ ਲਿਆ ਕੇ ਵਿਖਾਈ ਕੇ ਇਹ ਆਪਾਂ ਖ਼ਰੀਦ ਲੈਂਦੇ ਹਾਂ, ਤਾਂ ਉਨ੍ਹਾਂ ਕਿਹਾ ਕਿ ਕਾਕਾ ਜੇ ਇਸ ਵਿੱਚ ਅੱਗ ਲੱਗ ਗਈ ਤਾਂ ਨਿਕਲਾਂਗੇ ਕਿੱਧਰੋਂ…?
ਵਡਾਲੀ ਭਰਾਵਾਂ ਨੇ ਅੰਮ੍ਰਿਤਸਰ ਤੋਂ ਪਟਿਆਲਾ, ਨਾਭਾ ਤੇ ਮਲੇਰਕੋਟਲਾ ਤਕ ਦਾ ਸਫਰ ਸਾਈਕਲ ‘ਤੇ ਹੀ ਕੀਤਾ ਹੈ। ਲਖਵਿੰਦਰ ਵਡਾਲੀ ਦੱਸਦੇ ਹਨ ਕਿ ਭਾਪਾ ਜੀ ਗੱਡੀ ‘ਤੇ ਜਾਣ ਨੂੰ ਇਸ ਲਈ ਨਫ਼ਰਤ ਕਰਦੇ ਹਨ ਕਿ ਉਹ ਘਰੋਂ ਜਾਣਗੇ ਤੇ ਸਿੱਧੇ ਮੰਜ਼ਿਲ ‘ਤੇ ਹੀ ਪੁੱਜਣਗੇ, ਫਿਰ ਰਸਤੇ ਵਿੱਚ ਉਹ ਕਿਸੇ ਨਾਲ ਖੜ੍ਹ ਕੇ ਦੋ ਬੋਲ ਸਾਂਝੇ ਨਾ ਕਰ ਸਕਣਗੇ।
ਅਕਤੂਬਰ 2006 ਵਿੱਚ ਵਡਾਲੀ ਭਰਾਵਾਂ ਦੀ ਕਾਰ ਦੁਰਘਟਨਾਗ੍ਰਸਤ ਹੋ ਗਈ। ਉਸ ਸਮੇਂ ਪਿਆਰੇ ਲਾਲ ਦੇ ਗਲ਼ ਵਿੱਚ ਡੂੰਘਾ ਜ਼ਖ਼ਮ ਹੋ ਗਿਆ ਸੀ। ਕਾਫੀ ਸਮੇਂ ਬਾਅਦ ਪਿਆਰੇ ਲਾਲ ਗਾ ਸਕੇ ਸੀ। ਇਸ ਤੋਂ ਬਾਅਦ ਪੂਰਨ ਚੰਦ ਨੇ ਆਦਤ ਬਣਾ ਲਈ ਕਿ ਸਕੂਟਰ ‘ਤੇ ਹੀ ਸਫਰ ਕੀਤਾ ਜਾਵੇ। ਉਂਝ ਵੀ ਉਹ ਸਾਈਕਲ ਜਾਂ ਰਾਜਦੂਤ ਮੋਟਰਸਾਈਕਲ ‘ਤੇ ਸਫਰ ਕਰਨ ਨੂੰ ਤਰਜੀਹ ਦਿੰਦੇ ਸਨ।
ਪਿਆਰੇ ਲਾਲ ਵਡਾਲੀ ਨੂੰ 1992 ਵਿੱਚ ਭਾਰਤ ਸਰਕਾਰ ਵੱਲੋਂ ਸੰਗੀਤ ਨਾਟਕ ਅਕਾਦਮੀ ਐਵਾਰਡ, 1998 ਵਿੱਚ ਤੁਲਸੀ ਐਵਾਰਡ, 2003 ਵਿੱਚ ਪੰਜਾਬੀ ਸੰਗੀਤ ਨਾਟਕ ਅਕਾਦਮੀ ਐਵਾਰਡ, 2005 ਵਿੱਚ ਪੂਰਨ ਚੰਦ ਵਡਾਲੀ ਲਈ ਪਦਮਸ਼੍ਰੀ ਐਵਾਰਡ ਤੇ 2015 ਵਿੱਚ ਪੀ.ਟੀ.ਸੀ. ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਬੇਸ਼ੱਕ ਪਿਆਰੇ ਲਾਲ ਅੱਜ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀ ਆਵਾਜ਼ ਲੋਕਾਂ ਦੇ ਦਿਲਾਂ ਵਿੱਚ ਅਮਰ ਰਹੇਗੀ। …..ਰਵੀ ਇੰਦਰ ਸਿੰਘ