ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ?

0
641

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਉੱਠਣ ਲੱਗੇ ਹਨ। ਸੀਨੀਅਰ ਅਕਾਲੀ ਲੀਡਰ ਹੁਣ ‘ਸੁਖਬੀਰ ਮਾਡਲ ਸਿਆਸਤ’ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਹਨ। ਹੁਣ ਚਰਚਾ ਹੈ ਕਿ ਟਕਸਾਲੀ ਲੀਡਰ ਪਾਰਟੀ ਨੂੰ ਬਾਦਲ ਪਰਿਵਾਰ ਦੀ ਅਜ਼ਾਰੇਦਾਰੀ ਤੋਂ ਮੁਕਤ ਕਰਾਉਣ ਲਈ ਹੰਭਲਾ ਮਾਰੇ ਰਹੇ ਹਨ। ਯਾਦ ਰਹੇ ਸੁਖਬੀਰ ਦੀ ਇਸ ਸਿਆਸਤ ਨੇ ਬੇਸ਼ੱਕ ਪਾਰਟੀ ਨੂੰ ਪਿਛਲੇ 10 ਸਾਲ ਸੱਤਾ ਵਿੱਚ ਰੱਖਿਆ ਪਰ ਇਸ ਨਾਲ ਅਕਾਲੀ ਦਲ ਦਾ ਪੰਥਕ ਚਿਹਰਾ ਬੁਰੀ ਤਰ੍ਹਾਂ ਦਾਗਦਾਰ ਹੋ ਗਿਆ।

ਮੰਨਿਆ ਜਾ ਰਿਹਾ ਹੈ ਕਿ ਆਉਂਦੇ ਸਮੇਂ ਤੱਕ ਪਾਰਟੀ ਵਿੱਚ ਸੁਖਬੀਰ-ਮਜੀਠੀਆ ਤਾਕਤ ਨੂੰ ਹੋਰ ਚੁਣੌਤੀਆਂ ਮਿਲ ਸਕਦੀਆਂ ਹਨ। ਜ਼ਿਆਦਾਤਰ ਸੀਨੀਅਰ ਲੀਡਰ ਪਾਰਟੀ ਦੀ ਪੂਰੀ ਕਮਾਨ ਬਾਦਲ ਪਰਿਵਾਰ ਹੱਥ ਜਾਣ ਤੋਂ ਵੀ ਔਖੇ ਹਨ। ਇਹ ਵੀ ਚਰਚਾ ਹੈ ਕਿ ਅਜਿਹੇ ਪ੍ਰਭਾਵ ਨੂੰ ਘਟਾਉਣ ਲਈ ਮਾਲਵੇ ਦੇ ਲੀਡਰ ਬਲਵਿੰਦਰ ਸਿੰਘ ਭੂੰਦੜ ਨੂੰ ਸੁਖਬੀਰ ਬਾਦਲ ਦੇ ਬਰਾਬਰ ਅਹੁਦਾ ਦੇਣ ਦੀ ਤਿਆਰੀ ਹੈ ਪਰ ਭੂੰਦੜ ਵੀ ਬਾਦਲ ਪਰਿਵਾਰ ਦਾ ਨਜ਼ਦੀਕੀ ਹੀ ਹੈ। ਇਸ ਚਰਚਾ ਨੇ ਵੀ ਪਾਰਟੀ ਅੰਦਰ ਬੇਚੈਨੀ ਵਧਾ ਦਿੱਤੀ ਹੈ।

ਦਰਅਸਲ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਨਿਰੋਲ ਸਿਆਸਤ ਵੱਲ ਧੱਕ ਦਿੱਤਾ ਜਿੱਥੇ ਸੱਤਾ ‘ਤੇ ਜਿੱਤ ਹੀ ਸਭ ਕੁਝ ਹੈ। ਸਖਬੀਰ ਬਾਦਲ ਦੀ ਇਸ ਸਿਆਸਤ ਤੋਂ ਸਿੱਖ ਮੁੱਦਿਆਂ ਦੀ ਸਮਝ ਰੱਖ ਵਾਲੇ ਖੁਸ਼ ਨਹੀਂ ਸਨ। ਪਾਰਟੀ ਦੀ ਟਕਸਾਲੀ ਲੀਡਰਸ਼ਿਪ ਨੂੰ ਵੀ ‘ਸੁਖਬੀਰ ਮਾਡਲ ਸਿਆਸਤ’ ਰਾਸ ਨਹੀਂ ਆ ਰਹੀ ਸੀ ਪਰ ਪਾਰਟੀ ਦੀਆਂ ਸਾਰੀਆਂ ਤਾਕਤਾਂ ਬਾਦਲ ਪਰਿਵਾਰ ਕੋਲ ਹੋਣ ਕਰਕੇ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ।

ਅੱਜ ਜਦੋਂ ਅਕਾਲੀ ਦਲ ਸੰਕਟ ਵਿੱਚ ਘਿਰ ਗਿਆ ਹੈ ਤਾਂ ਸੁਖਬੀਰ ਬਾਦਲ ਖਿਲਾਫ ਆਵਾਜ਼ ਉੱਠਣ ਲੱਗੀ ਹੈ। ਐਤਵਾਰ ਨੂੰ ਮਾਝੇ ਦੇ ਤਿੰਨ ਟਕਸਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਖੁੱਲ੍ਹ ਕੇ ਕਿਹਾ ਕਿ ਪਾਰਟੀ ਵਿੱਚ ਸਭ ਠੀਕ ਨਹੀਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਹਨ ਤੇ ਇਨ੍ਹਾਂ ਨੂੰ ਸੁਧਾਰਨ ਲਈ ਉਹ ਇੱਕਜੁੱਟ ਹੋਏ ਹਨ।

ਦਿਲਚਸਪ ਗੱਲ਼ ਹੈ ਕਿ ਇਨ੍ਹਾਂ ਲੀਡਰਾਂ ਨੇ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਨੂੰ ਮੀਟਿੰਗ ਵਿੱਚ ਨਹੀਂ ਬੁਲਾਇਆ। ਇਸ ਲਈ ਲੀਡਰਾਂ ਨੇ ਸਪਸ਼ਟ ਤੌਰ ‘ਤੇ ਸੁਖਬੀਰ-ਮਜੀਠੀਆ ਸਿਆਸਤ ਨੂੰ ਚੁਣੌਤੀ ਦਿੱਤੀ ਹੈ। ਇਨ੍ਹਾਂ ਲੀਡਰਾਂ ਨੇ ਮੰਨਿਆ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਦੇ ਪ੍ਰਬੰਧ ਵਿੱਚ ਉਣਤਾਈਆਂ ਹਨ। ਉਨ੍ਹਾਂ ਦਾ ਇਸ਼ਾਰਾ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਿੱਧੇ ਰੂਪ ਵਿੱਚ ਸਿਆਸਤ ਲਈ ਵਰਤੋਂ ਵੱਲ ਸੀ।