ਹਾਂਗਕਾਂਗ ਨੇ ਭਾਰਤ ਦੇ ਕਈ ਮਸਾਲਿਆ ਦੀ ਵਿਕਰੀ ‘ਤੇ ਪਾਬੰਦੀ ਲਗਾਈ

0
252

ਹਾਂਗਕਾਂਗ(ਪਂਜਾਬੀ ਚੇਤਨਾ):  ਹਾਂਗਕਾਂਗ ਨੇ MDH ਪ੍ਰਾਈਵੇਟ ਲਿਮਟਿਡ ਅਤੇ ਐਵਰੈਸਟ ਫੂਡ ਪ੍ਰੋਡਕਟਸ ਲਿਮਟਿਡ ਦੇ ਕਰੀ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿੱਚ ਕਾਰਸੀਨੋਜੇਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਉਤਪਾਦਾਂ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖਤਰਾ ਹੈ। ਹਾਂਗਕਾਂਗ ਤੋਂ ਪਹਿਲਾਂ ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਇਸੇ ਕਾਰਨ ਐਵਰੈਸਟ ਦੇ ਫਿਸ਼ ਕਰੀ ਸਪਾਈਸ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਆਦੇਸ਼ ਜਾਰੀ ਕੀਤਾ ਸੀ।

ਹਾਂਗਕਾਂਗ ਦੇ ਫੂਡ ਸੇਫਟੀ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ MDH ਗਰੁੱਪ ਦੇ ਤਿੰਨ ਮਸਾਲੇ ਮਿਕਸ ਮਦਰਾਸ ਕਰੀ ਪਾਊਡਰ, ਸਾਂਭਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ – ਵਿੱਚ ਕਾਰਸੀਨੋਜਨਿਕ ਪੈਸਟੀਸਾਈਡ ਐਥੀਲੀਨ ਆਕਸਾਈਡ ਦੀ ਮਾਤਰਾ ਵੱਧ ਪਾਈ ਗਈ ਸੀ। ਰੂਟੀਨ ਸਰਵੀਲਾਂਸ ਪ੍ਰੋਗਰਾਮ ਦੇ ਤਹਿਤ ਐਵਰੈਸਟ ਦੇ ਫਿਸ਼ ਕਰੀ ਮਸਾਲੇ ਵਿੱਚ ਵੀ ਇਹ ਕੀਟਨਾਸ਼ਕ ਪਾਇਆ ਗਿਆ ਹੈ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਐਥੀਲੀਨ ਆਕਸਾਈਡ ਨੂੰ ਗਰੁੱਪ 1 ਕਾਰਸਿਨੋਜੇਨ ਵਜੋਂ ਸ਼੍ਰੇਣੀਬੱਧ ਕੀਤਾ ਹੈ। ਭੋਜਨ ਨਿਯਮਾਂ ਦੇ ਅਨੁਸਾਰ, ਕੀਟਨਾਸ਼ਕਾਂ ਵਾਲੇ ਭੋਜਨ ਨੂੰ ਮਨੁੱਖੀ ਖਪਤ ਲਈ ਤਾਂ ਹੀ ਵੇਚਿਆ ਜਾ ਸਕਦਾ ਹੈ ਜੇਕਰ ਭੋਜਨ ਖਤਰਨਾਕ ਜਾਂ ਸਿਹਤ ਲਈ ਹਾਨੀਕਾਰਕ ਨਾ ਹੋਵੇ।

ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ CFS ਨੇ ਵਿਕਰੇਤਾਵਾਂ ਨੂੰ ਬੇਨਿਯਮੀਆਂ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਵਿਕਰੀ ਬੰਦ ਕਰਨ ਅਤੇ ਇਨ੍ਹਾਂ ਉਤਪਾਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਸੈਂਟਰ ਫਾਰ ਫੂਡ ਸੇਫਟੀ (CFS) ਦੀਆਂ ਹਦਾਇਤਾਂ ਅਨੁਸਾਰ, ਵਿਤਰਕਾਂ (Distributors)ਅਤੇ ਦਰਾਮਦਕਾਰਾਂ (Importers) ਨੇ ਪ੍ਰਭਾਵਿਤ ਉਤਪਾਦਾਂ ਨੂੰ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ।