ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਅਰਜ਼ੀ ਫਿਰ ਖਾਰਜ

0
908

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਈਕੋਰਟ ਵਲੋਂ ਬੀਤੇ ਮਹੀਨੇ ਮਨੀ ਐਕਸਚੇਂਜ ਸ਼ਾਪ ‘ਤੇ ਹੋਈ 32 ਮਿਲੀਅਨ ਹਾਂਗਕਾਂਗ ਡਾਲਰ ਦੀ ਲੁੱਟ ਦੇ ਮਾਮਲੇ ਵਿਚ ਨਾਭਾ ਜੇਲ੍ਹ ਬਰੇਕ ਕਾਂਡ ਦੇ ਸਾਜਿਸ਼ਕਰਤਾ ਮੰਨੇ ਜਾਂਦੇ ਅਤੇ ਭਾਰਤ ਵਿਚ ਰਾਜਨੀਤਕ ਕਤਲਾਂ ਅਤੇ ਅੱਤਵਾਦੀ ਸਰਗਰਮੀਆਂ ਦੇ ਸ਼ੱਕੀ ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ | ਇਸ ਤੋਂ ਪਹਿਲਾਂ ਰੋਮੀ ਦੀ ਜ਼ਮਾਨਤ ਅਰਜ਼ੀ ਹੇਠਲੀ ਅਦਾਲਤ ਵਲੋਂ ਵੀ ਨਾ ਮਨਜ਼ੂਰ ਕੀਤੀ ਜਾ ਚੁੱਕੀ ਹੈ | ਰੋਮੀ ਨੂੰ 21 ਫਰਵਰੀ ਨੂੰ ਹਾਂਗਕਾਂਗ ਪੁਲਿਸ ਵਲੋਂ ਉਪਰੋਕਤ ਲੁੱਟ ਦੀ ਘਟਨਾ ਤੋਂ 12 ਦਿਨ ਬਾਅਦ ਗਿ੍ਫ਼ਤਾਰ ਕੀਤਾ ਗਿਆ ਸੀ | ਰੋਮੀ ਵਲੋਂ ਭਾਰਤ ਵਿਚ ਕੀਤੀਆਂ ਗੰਭੀਰ ਅਪਰਾਧਿਕ ਕਾਰਵਾਈਆਂ ਦੇ ਸਬੰਧ ਵਿਚ ਇੰਟਰਪੋਲ ਵਲੋਂ ਇਸ ਸਬੰਧੀ ਰੈੱਡ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਭਾਰਤ ਵਲੋਂ ਵੀ ਇਸ ਸਬੰਧੀ ਹਵਾਲਗੀ ਲਈ ਇੰਟਰਪੋਲ ਵਿਚ ਅਪੀਲ ਦਾਖ਼ਲ ਹੈ | ਰੋਮੀ ਨੂੰ ਕਰੀਬ 10.30 ਵਜੇ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਪਹਿਲੀ ਵਾਰ ਹਾਈਕੋਰਟ ‘ਚ ਪੇਸ਼ ਕੀਤਾ ਗਿਆ, ਜਿਥੇ ਇਸ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਗਈ | ਰੋਮੀ ਦੀ ਪੇਸ਼ੀ ਮੌਕੇ ਹਾਈਕੋਰਟ ਦਾ ਆਲਾ-ਦੁਆਲਾ, ਫੁੱਟ ਬਰਿਜ, ਟਰਾਮ, ਬੱਸ ਅਤੇ ਹੋਰ ਸੇਵਾਵਾਂ ਕੁਝ ਸਮੇਂ ਲਈ ਠੱਪ ਕੀਤੀਆਂ ਗਈਆਂ | ਸੁਰੱਖਿਆ ਦੇ ਮੱਦੇਨਜ਼ਰ ਇਸ ਮੌਕੇ 30 ਵਾਧੂ ਅਫਸਰਾਂ ਦੀ ਦੇਖ-ਰੇਖ ਅਧੀਨ ਇਸ ਨੂੰ ਹਾਈਕੋਰਟ ਦੀ ਅੱਠਵੀਂ ਮੰਜ਼ਿਲ ‘ਤੇ ਸੁਣਵਾਈ ਲਈ ਪੇਸ਼ ਕੀਤਾ ਗਿਆ | 29 ਸਾਲਾ ਰਮਨਜੀਤ ਰੋਮੀ ਦਾ ਜਨਮ 1988 ਵਿਚ ਪੰਜਾਬ ਦੇ ਇਕ ਪਿੰਡ ਵਿਚ ਹੋਇਆ ਜੋ ਆਪਣੇ ਪਿਤਾ ਦੇ ਨਾਲ 1997 ਵਿਚ ਹਾਂਗਕਾਂਗ ਆਇਆ ਸੀ |