ਚੰਡੀਗੜ੍ਹ: ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ ‘ਤੇ ‘ਆਪ’ ਤੇ ਅਕਾਲੀਂ ਦਲ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਖ਼ੁਦਕੁਸ਼ੀ ਰਿਪੋਰਟ ‘ਤੇ ਨਾ ਬੋਲਣ ਦੇ ਵਿਰੋਧ ਵਿੱਚ ‘ਆਪ’ ਵੱਲੋਂ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ ਗਿਆ। ਸਦਨ ਵਿੱਚੋਂ ਵਿਰੋਧੀ ਧਿਰ ਦੇ ਚਲੇ ਜਾਣ ‘ਤੇ ਖ਼ਜ਼ਾਨਾ ਮੰਤਰੀ ਖ਼ੂਬ ਰੋਹ ਵਿੱਚ ਆ ਗਏ। ਉਨ੍ਹਾਂ ਦਾ ਪਾਰਾ ਹੋਰ ਵੀ ਚੜ੍ਹ ਗਿਆ ਜਦ ਮਜੀਠੀਆ ਨੇ ਵਿਧਾਨ ਸਭਾ ‘ਚ ਗੁੰਡਾ ਟੈਕਸ, ਜੋਜੋ ਟੈਕਸ ਦੇ ਪੋਸਟਰ ਦਿਖਾਏ।
ਹਰਖ਼ ਵਿੱਚ ਆਏ ਮਨਪ੍ਰੀਤ ਬਾਦਲ ਨੇ ਕਿਹਾ ਮਜੀਠੀਆ ਹੁਣ ਵੱਡਾ ਬਣਦਾ ਹੈ, ਆਪਣੀ ਭੈਣ ਹਰਸਿਮਰਤ ਨੂੰ ਕਿਸ਼ਤਾਂ ‘ਤੇ ਗੱਡੀ ਦਿੱਤੀ ਸੀ। ਵਿੱਤ ਮੰਤਰੀ ਨੇ ਆਪਣੇ ਸ਼ਰੀਕਾਂ ਨੂੰ ਸਾਰੀਆਂ ਅਗਲੀਆਂ ਪਿਛਲੀਆਂ ਸੁਣਾ ਦਿੱਤੀਆਂ। ਉਨ੍ਹਾਂ ਕਿਹਾ, “ਮੇਰੀ ਤਾਈ ਦੇ ਭੋਗ ‘ਤੇ ਲੰਗਰ SGPC ਨੇ ਲਾਇਆ ਸੀ, ਸ਼ਰਮ ਨਹੀਂ ਆਈ ਇਨ੍ਹਾਂ ਨੂੰ। ਮਜੀਠੀਆ ਦੇ ਪਰਿਵਾਰ ਨੇ ਅੰਗਰੇਜ਼ਾਂ ਨਾਲ ਮਿਲਕੇ ਗ਼ੱਦਾਰੀ ਕੀਤੀ ਸੀ। ਪੰਜਾਬ ਸਰਕਾਰ ਦੇ ਪੈਸੇ ਨਾਲ ਮੇਰੀ ਤਾਈ ਦੇ ਕੈਂਸਰ ਦਾ ਇਲਾਜ ਕਰਵਾਇਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦਿਲ ਦਾ ਇਲਾਜ ਪੰਜਾਬ ਸਰਕਾਰ ਦੇ ਖ਼ਜ਼ਾਨੇ ‘ਚੋਂ ਕਰਵਾਇਆ।”