ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਇਮਾਰਤ ਦਾ ਉਦਘਾਟਨ ਕੱਲ੍ਹ

0
395

ਹਾਂਗਕਾਂਗ 5 ਨਵੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਸਿੱਖਾਂ ਵਲੋਂ 230 ਮਿਲੀਅਨ ਹਾਂਗਕਾਂਗ ਡਾਲਰ ਦੀ ਲਾਗਤ ਨਾਲ ਤਿਆਰ ਕੀਤੀ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਇਮਾਰਤ ਦਾ ਉਦਘਾਟਨ ਪੰਜਾਬ ਤੋਂ ਆਏ ਜਥੇਦਾਰ ਪਿਪਲ ਸਿੰਘ ਦੀ ਅਗਵਾਈ ‘ਚ ਪੰਜ ਪਿਆਰੇ ਸਾਹਿਬਾਨ ਅਤੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਲੋਂ ਸੰਗਤਾਂ ਦੀ ਹਾਜ਼ਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਸ਼ੋੋਭਿਤ ਕਰਕੇ 6 ਨਵੰਬਰ ਸਵੇਰੇ 9 ਵਜੇ ਕੀਤਾ ਜਾਵੇਗਾ | ਉਦਘਾਟਨੀ ਸਮਾਗਮ 6 ਤੋਂ 8 ਨਵੰਬਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੱਕ ਚਲਣਗੇ | 8 ਨਵੰਬਰ ਦੁਪਹਿਰ 3 ਵਜੇ ਹਾਂਗਕਾਂਗ ਮੁਖੀ ਜੋਹਨ ਲੀ ਇਨ੍ਹਾਂ ਸਮਾਗਮਾਂ ‘ਚ ਸ਼ਿਰਕਤ ਕਰਕੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦੇਣਗੇ | 76,000 ਸੁਕੈਅਰ ਫੁੱਟ ਰਕਬੇ ‘ਚ ਤਿਆਰ ਇਸ ਆਲੀਸ਼ਾਨ ਇਮਾਰਤ ਨੂੰ 13 ਦੇ ਕਰੀਬ ਮਾਹਰ ਕੰਪਨੀਆਂ ਵਲੋਂ ਕਰੀਬ 4 ਸਾਲਾਂ ‘ਚ ਸੰਪੂਰਨ ਕੀਤਾ ਗਿਆ ਹੈ | ਭਾਰਤੀ ਕੰਪਨੀ ਆਰਚੀਹਾਈਜ਼ ਵਲੋਂ ਇਸ ਇਮਾਰਤ ਦੇ ਆਰਕੀਟੈਕਚਰ ਅਤੇ ਇੰਟੀਅਰਰ ਡਿਜ਼ਾਈਨਿੰਗ ਦੀ ਸੇਵਾ ਨਿਸ਼ਕਾਮ ਤੌਰ ‘ਤੇ ਕੀਤੀ ਗਈ | (ਜਿਸ ਦੀ ਕੀਮਤ 3 ਮਿਲੀਅਨ ਹਾਂਗਕਾਂਗ ਡਾਲਰ ਬਣਦੀ ਸੀ) ਸ. ਗੁਰਦੇਵ ਸਿੰਘ ਗਾਲਬ, ਹਰਿੰਦਰਪਾਲ ਸਿੰਘ ਬੰਗਾ, ਗੁਲਬੀਰ ਸਿੰਘ ਬਤਰਾ, ਚੀਫ ਇੰਜੀਨੀਅਰ ਸੁਰਿੰਦਰ ਸਿੰਘ ਚੰਨੀ ਮਠਾੜੂ, ਬੂਟਾ ਸਿੰਘ ਬਰਾੜ, ਬੈਰਿਸਟਰ ਅਮਰਜੀਤ ਸਿੰਘ ਖੋਸਾ ਅਤੇ ਬਲਜਿੰਦਰ ਸਿੰਘ ਰੱਤੋਵਾਲ ਦੀ ਦੇਖ-ਰੇਖ ‘ਚ ਬਿਲਡਿੰਗ ਕਮੇਟੀ ਦੇ 31 ਮੈਂਬਰਾਂ ਵਲੋਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਕਰੀਬ 2 ਮਹੀਨੇ ਤੋਂ ਰੋਜ਼ਾਨਾ 20 ਸੱਜਣ ਅਤੇ 20 ਬੀਬੀਆਂ ਦੇ ਜੱਥਿਆਂ ਵਲੋਂ ਵਾਰੋ-ਵਾਰੀ ਆਪਣੀਆਂ ਨੌਕਰੀਆਂ ਤੋਂ ਛੁੱਟੀਆਂ ਕਰਕੇ ਨਿਸ਼ਕਾਮ ਸੇਵਾਵਾਂ ਰਾਹੀਂ ਇਸ ਬਿਲਡਿੰਗ ਦੀ ਸੰਪੂਰਨਤਾ ‘ਚ ਯੋਗਦਾਨ ਪਾਇਆ ਗਿਆ |