ਹਾਂਗਕਾਂਗ ‘ਚ ਬੱਚਿਆਂ ਨੇ ਉਤਸ਼ਾਹ ਨਾਲ ਮਨਾਈ ਦੀਵਾਲੀ

0
500

ਹਾਂਗਕਾਂਗ, 20 ਅਕਤੂਬਰ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖਾਲਸਾ ਦੀਵਾਨ ਕਿੰਡਰਗਾਰਡਨ ਵਿਖੇ ਦੀਵਾਲੀ ਦੇ ਸਬੰਧ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਹਾਂਗਕਾਂਗ ਦੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਸ਼ਬਦ ਗਾਇਕ ਉਪਰੰਤ ਦੀਪਮਾਲਾ ਅਤੇ ਰੰਗੋਲੀ ਸਜਾ ਕੇ ਪੂਰੇ ਚਾਅ ਨਾਲ ਦੀਵਾਲੀ ਦੇ ਤਿਉਹਾਰ ਦਾ ਲੁਤਫ ਲਿਆ | ਪ੍ਰਬੰਧਕਾਂ ਵਲੋਂ ਸੰਖੇਪ ਵਿਚ ਸਟਾਫ ਅਤੇ ਬੱਚਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਜਿਥੇ ਚੀਨੀ ਮੂਲ ਦੀਆਂ ਅਧਿਆਪਕਾਵਾਂ ਵਲੋਂ ਭਾਰਤੀ ਰਵਾਇਤੀ ਪੁਸ਼ਾਕ ਪਾਈ ਗਈ, ਉਥੇ ਰਵਾਇਤੀ ਪੁਸ਼ਾਕ ਵਿਚ ਸਜੇ ਬੱਚਿਆਂ ਦੇ ਮਾਸੂਮ ਚਿਹਰੇ ਬਹੁਤ ਮਨਮੋਹਕ ਲੱਗ ਰਹੇ ਹਨ | ਇਨ੍ਹਾਂ ਭਾਰਤੀ ਚਸ਼ਮੋਂ ਚਿਰਾਗਾਂ ਵਲੋਂ ਦੀਵਾਲੀ ਦੇ ਤਿਉਹਾਰ ਪ੍ਰਤੀ ਵਿਖਾਏ ਉਤਸ਼ਾਹ ਨੇ ਪਹਿਲੀ ਵਾਰ ਦੀਵਾਲੀ ਮਨਾ ਰਹੀਆਂ ਚੀਨੀ ਮੂਲ ਦੀਆਂ ਅਧਿਆਪਕਾਵਾਂ ਨੂੰ ਵੀ ਸਹਿਜੇ ਹੀ ਅਕਰਸ਼ਿਤ ਕਰ ਦਿੱਤਾ | ਇਸ ਮੌਕੇ ਖਾਲਸਾ ਦੀਵਾਨ ਕਿੰਡਰਗਾਰਡਨ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਵਲੋਂ ਤਿਆਰ ਕੀਤੇ ਪਕਵਾਨਾਂ ਦਾ ਲੁਤਫ਼ ਵੀ ਲਿਆ ਗਿਆ |