ਹਾਂਗਕਾਂਗ ਦੀਆਂ ਸੰਗਤਾਂ ਨੇ ਮਨਾਇਆ ਬੰਦੀ ਛੋੜ ਦਿਵਸ

0
458

ਹਾਂਗਕਾਂਗ, 20 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਵਲੋਂ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਨਤਮਸਤਕ ਹੋ ਕੇ ਬੰਦੀ ਛੋੜ ਦਿਵਸ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਵਲੋਂ ਇਕੱਤਰ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਰਾਤ 12 ਵਜੇ ਤੱਕ ਸਜੇ ਦੀਵਾਨ ਵਿਚ ਕੀਰਤਨ, ਕਥਾ ਅਤੇ ਢਾਡੀ ਵਾਰਾਂ ਸਰਵਣ ਕੀਤੀਆਂ ਗਈਆਂ | ਟੂਰਿਸਟ ਵੀਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਾਗ, ਮੱਕੀ ਦੀ ਰੋਟੀ, ਤੰਦੂਰੀ ਰੋਟੀਆਂ ਅਤੇ ਹੋਰ ਮੌਸਮੀ ਪਕਵਾਨਾਂ ਦਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ | ਗੁਰਦੁਆਰਾ ਸਾਹਿਬ ਵਿਖੇ ਕੀਤੀ ਦੀਪਮਾਲਾ ਨਾਲ ਬਹੁਤ ਮਨਮੋਹਕ ਨਜ਼ਾਰਾ ਪੇਸ਼ ਹੋ ਰਿਹਾ ਸੀ | ਸੰਗਤਾਂ ਵਲੋਂ ਨਿਸ਼ਾਨ ਸਾਹਿਬ ‘ਤੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ | ਬਹੁਤ ਸਾਰੇ ਬੱਚਿਆਂ ਵਲੋਂ ਫੁਲਝੜੀਆਂ ਚਲਾਈਆਂ ਗਈਆਂ, ਉਥੇ ਨੌਜਵਾਨਾਂ ਵਲੋਂ ਹਲਕੀ ਆਤਿਸ਼ਬਾਜ਼ੀ ਕੀਤੀ ਗਈ | ਇਸ ਤੋਂ ਇਲਾਵਾ ਹਿੰਦੂ ਵੀਰਾਂ ਵਲੋਂ ਹੈਪੀ ਵੈਲੀ ਮੰਦਿਰ ਵਿਖੇ ਦੀਪਮਾਲਾ ਅਤੇ ਪੂਜਾ ਅਰਚਨਾ ਕਰਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਹਾਂਗਕਾਂਗ ਵਸਦੇ ਨਿਪਾਲੀ ਭਾਈਚਾਰੇ ਵਲੋਂ ਵੀ ਵੱਡੇ ਪੱਧਰ ‘ਤੇ ਹਾਂਗਕਾਂਗ ਦੇ ਵੱਖ-ਵੱਖ ਇਲਾਕਿਆਂ ਵਿਚ ਦੀਵਾਲੀ ਸਬੰਧੀ ਪ੍ਰੋਗਰਾਮ ਉਲੀਕੇ ਗਏ |