ਹਾਂਗਕਾਂਗ(ਏਜੰਸੀਆਂ): ‘ਬ੍ਰਿਟਿਸ਼ ਨੈਸ਼ਨਲ ਓਵਰਸੀਜ਼’ ਵੀਜ਼ਾ ਲਈ ਐਤਵਾਰ ( 31.1.2021) ਤੋਂ ਐਪਲੀਕੇਸ਼ਨ ਅਧਿਕਾਰਤ ਤੌਰ ‘ਤੇ ਲਈਆਂ ਜਾਣਗੀਆਂ ਪਰ ਕਈ ਲੋਕ ਪਹਿਲਾਂ ਹੀ ਬ੍ਰਿਟੇਨ ਪਹੁੰਚ ਚੁੱਕੇ ਹਨ। ਯੋਗ ਹਾਂਗਕਾਂਗ ਵਸਨੀਕ ਹਾਲੇ 6 ਮਹੀਨੇ ਲਈ ਬ੍ਰਿਟੇਨ ਆ ਸਕਦੇ ਹਨ ਪਰ ਐਤਵਾਰ ਤੋਂ ਉਹ 5 ਸਾਲ ਤੱਕ ਇੱਥੇ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਲਈ ਐਪਲੀਕੇਸ਼ਨ ਦੇ ਸਕਦੇ ਹਨ। ਇਸ ਮਗਰੋਂ ਉਹ ਇੱਥੇ ਵਸਣ ਅਤੇ ਅਖੀਰ ਬ੍ਰਿਤਾਨਵੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦੇ ਸਕਦੇ ਹਨ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਜੁਲਾਈ ਤੋਂ ‘ਬ੍ਰਿਟਿਸ਼ ਨੈਸ਼ਨਲ ਓਵਰਸੀਜ਼’ (ਬੀ.ਐੱਨ.ਓ.) ਦਰਜੇ ਵਾਲੇ ਕਰੀਬ 7,000 ਲੋਕ ਬ੍ਰਿਟੇਨ ਪਹੁੰਚੇ ਹਨ।
ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਉਹ ਹੁਣ ਬੀ.ਐੱਨ.ਓ. ਪਾਸਪੋਰਟ ਨੂੰ ਵੈਧ ਯਾਤਰਾ ਦਸਤਾਵੇਜ਼ ਜਾਂ ਪਛਾਣ ਪੱਤਰ ਦੇ ਰੂਪ ਵਿਚ ਮਾਨਤਾ ਨਹੀਂ ਦੇਵੇਗਾ। ਚੀਨ ਦਾ ਇਹ ਬਿਆਨ ਹਾਂਗਕਾਂਗ ਦੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਬ੍ਰਿਟੇਨ ਦੀ ਯੋਜਨਾ ਦੇ ਬਾਅਦੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦੌਰਾਨ ਆਇਆ ਹੈ। ਬ੍ਰਿਟੇਨ ਦੀ ਇਸ ਯੋਜਨਾ ਦੇ ਤਹਿਤ ਹਾਂਗਕਾਂਗ ਦੇ 54 ਲੱਖ ਲੋਕ ਬ੍ਰਿਟੇਨ ਵਿਚ ਅਗਲੇ ਪੰਜ ਸਾਲਾਂ ਲਈ ਰਹਿਣ ਅਤੇ ਕੰਮ ਕਰਨ ਦੇ ਯੋਗ ਹੋ ਜਾਣਗੇ ਅਤੇ ਉਸ ਮਗਰੋਂ ਉਹ ਨਾਗਰਿਕਤਾ ਲਈ ਐਪਲੀਕੇਸ਼ਨ ਦੇ ਸਕਦੇ ਹਨ। ਗੌਰਤਲਬ ਹੈ ਕਿ ਹਾਂਗਕਾਂਗ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਕਈ ਮਹੀਨੇ ਤੱਕ ਪ੍ਰਦਰਸ਼ਨ ਹੋਏ ਜਿਸ ਮਗਰੋਂ ਚੀਨ ਨੇ ਉੱਥੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ ਸੀ। ਇਸ ਮਗਰੋਂ ਹੀ ਬ੍ਰਿਟੇਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਯੋਜਨਾ ‘ਤੇ ਵਿਚਾਰ ਕੀਤਾ ਸੀ।