ਪਰਵਾਸੀ ਭਾਰਤੀਆਂ ਨੂੰ ਮਿਲੇਗਾ ਪ੍ਰੌਕਸੀ ਵੋਟ ਦਾ ਹੱਕ

0
165

ਨਵੀਂ ਦਿੱਲੀ : ਫ਼ੌਜੀਆਂ ਦੀ ਤਰਜ਼ ’ਤੇ ਪਰਵਾਸੀ ਭਾਰਤੀਆਂ ਨੂੰ ‘ਪ੍ਰੌਕਸੀ ਵੋਟ’ ਦਾ ਹੱਕ ਦੇਣ ਬਾਰੇ ਇਕ ਬਿੱਲ ਅੱਜ ਲੋਕ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਲੋਕ ਪ੍ਰਤੀਨਿਧਤਾ (ਸੋਧ) ਬਿਲ 2017 ਬਹਿਸ ਤੇ ਪਾਸ ਕਰਨ ਲਈ ਪੇਸ਼ ਕਰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਇਸ ਵਿਵਸਥਾ ਨਾਲ ਪਰਵਾਸੀ ਭਾਰਤੀਆਂ(ਐਨਆਰਆਈਜ਼) ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਵਿੱਚ ਮਦਦ ਮਿਲੇਗੀ। ਹੇਠਲੇ ਸਦਨ ਵਿੱਚ ਜ਼ੁਬਾਨੀ ਵੋਟ ਰਾਹੀਂ ਪਾਸ ਕੀਤੇ ਇਸ ਬਿੱਲ ਵਿੱਚ ਵੋਟ ਦਾ ਹੱਕ ਰੱਖਣ ਵਾਲੇ ਪਰਵਾਸੀ ਭਾਰਤੀ ਹੁਣ ਆਪਣੀ ਵੋਟ ਪਾਉਣ ਲਈ ਆਪਣੀ ਥਾਂ ’ਤੇ ਕੋਈ ਹੋਰ ਪ੍ਰੌਕਸੀ ਵੋਟਰ ਨਿਯੁਕਤ ਕਰ ਸਕਣਗੇ।
ਫਿਲਹਾਲ, ਪਰਵਾਸੀ ਭਾਰਤੀਆਂ ਨੂੰ ਉਨ੍ਹਾਂ ਹਲਕਿਆਂ ਵਿੱਚ ਵੋਟ ਪਾਉਣ ਦਾ ਹੱਕ ਹੈ ਜਿੱਥੇ ਉਨ੍ਹਾਂ ਵੋਟ ਰਜਿਸਟਰ ਕਰਵਾਈ ਹੈ। ਬਿੱਲ ਵਿੱਚ ਪਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟਿੰਗ ਦੀ ਆਪਸ਼ਨ ਦਿੱਤੀ ਗਈ ਹੈ ਜੋ ਹੁਣ ਤੱਕ ਸਿਰਫ਼ ਫ਼ੌਜੀਆਂ ਨੂੰ ਉਪਲਬਧ ਹੈ।ਪ੍ਰੌਕਸੀ ਵੋਟਿੰਗ ਬਾਰੇ ਮੈਂਬਰਾਂ ਦੇ ਖ਼ਦਸ਼ਿਆਂ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ‘‘ ਸਾਨੂੰ ਐਨਆਰਆਈਜ਼ ’ਤੇ ਪ੍ਰੌਕਸੀਜ਼ ਬਾਰੇ ਭਰੋਸਾ ਕਰਨਾ ਚਾਹੀਦਾ ਹੈ।’’
ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਅਨੁਮਾਨ ਮੁਤਾਬਕ ਲਗਪਗ 3.10 ਕਰੋੜ ਐਨਆਰਆਈ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਹਨ। ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਦੇਸ਼ ਨੂੰ ਐਨਆਰਆਈਜ਼ ਦੀਆਂ ਪ੍ਰਾਪਤੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਦੁਨੀਆਂ ਭਰ ਵਿੱਚ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ। ਮੰਤਰੀ ਨੇ ਕਿਹਾ ਕਿ ਨੇਮ ਤਿਆਰ ਕਰਨ ਵੇਲੇ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਕਿਸੇ ਵੱਲੋਂ ਪ੍ਰੌਕਸੀ ਵੋਟਿੰਗ ਸਿਸਟਮ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ। ਪ੍ਰੌਕਸੀ ਕੋਈ ਮਾੜਾ ਸ਼ਬਦ ਨਹੀਂ। ਇਹ ਕਾਨੂੰਨੀ ਤੇ ਪ੍ਰੀਭਾਸ਼ਤ ਸ਼ਬਦ ਹੈ।’’ ਕੁਝ ਮੈਂਬਰਾਂ ਨੇ ਮੰਗ ਕੀਤੀ ਕਿ ਪਰਵਾਸੀ ਭਾਰਤੀਆਂ ਨੂੰ ਪੋਸਟਲ ਬੈਲਟ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ।
ਚੋਣ ਕਮਿਸ਼ਨ ਦੀ ਇਕ ਮਾਹਿਰਾਨਾ ਕਮੇਟੀ ਨੇ 2015 ਵਿੱਚ ਲਾਅ ਕਮਿਸ਼ਨ ਨੂੰ ਪਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟਿੰਗ ਦੀ ਵਰਤੋਂ ਕਰਨ ਦੀ ਆਗਿਆ ਦੇਣ ਲਈ ਚੋਣ ਕਾਨੂੰਨਾਂ ਵਿੱਚ ਸੋਧ ਕਰਨ ਲਈ ਕਾਨੂੰਨੀ ਚੌਖਟਾ ਤਿਆਰ ਕਰਨ ਦਾ ਸੁਝਾਅ ਭੇਜਿਆ ਸੀ। ਚੋਣ ਕਮਿਸ਼ਨ ਦੇ ਅਣਅਧਿਕਾਰਤ ਅੰਕੜਿਆਂ ਮੁਤਾਬਕ 10000 ਤੋਂ 12000 ਪਰਵਾਸੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਸੀ ਕਿਉਂਕਿ ਉਹ ਵੋਟ ਪਾਉਣ ਲਈ ਵਿਦੇਸ਼ੀ ਕਰੰਸੀ ਖਰਚ ਕੇ ਭਾਰਤ ਨਹੀਂ ਆਉਣਾ ਚਾਹੁੰਦੇ ਸਨ।-ਪੀਟੀਆਈ