ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਸਾਫ਼ ਤੌਰ ’ਤੇ ਕਿਹਾ ਕਿ ਦੇਸ਼ ਪਿਆਰ ਦੀ ਮਹਾਨ ਯਾਦਗਾਰ ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਸਾਨੂੰ ‘ਦੁਬਾਰਾ ਮੌਕਾ ਨਹੀਂ’ ਮਿਲੇਗਾ। ਦੇਸ਼ ਦੀ ਸਿਖਰਲੀ ਅਦਾਲਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧੀ ਵਿਜ਼ਨ ਦਸਤਾਵੇਜ਼ ਬਣਾਉਂਦਿਆਂ ਉਹ ਪ੍ਰਦੂਸ਼ਣ ਤੇ ਹਰਿਆਲੇ ਘੇਰੇ ਦੇ ਮੁੱਦਿਆਂ ਨੂੰ ਵਡੇਰੇ ਪਰਿਪੇਖ ਵਿੱਚ ਰੱਖਣ।
ਜਸਟਿਸ ਮਦਨ ਬੀ. ਲੋਕੁਰ, ਜਸਟਿਸ ਐਸ. ਅਬਦੁਲ ਨਜ਼ੀਰ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਕਿਹਾ ਕਿ ਇਸ ਸਬੰਧੀ ਵਿਚਾਰੇ ਜਾਣ ਵਾਲੇ ਮਾਮਲਿਆਂ ਦੇ ‘ਕੇਂਦਰ ਵਿੱਚ ਯਕੀਨਨ ਤਾਜ ਮਹਿਲ’ ਹੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਜ਼ਨ ਦਸਤਾਵੇਜ਼ ਤਿਆਰ ਕਰਦਿਆਂ ਤਾਜ਼ ਟਰੀਪੀਜ਼ੀਅਮ ਜ਼ੋਨ (ਟੀਟੀਜ਼ੈੱਡ) ਵਿੱਚ ਵਾਹਨਾਂ ਦੀ ਆਵਾਜਾਈ, ਸਨਅਤਾਂ ਦੇ ਪ੍ਰਦੂਸ਼ਣ ਤੇ ਦਰਿਆ ਯਮੁਨਾ ਦੇ ਪਾਣੀ ਦੇ ਪੱਧਰ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਟੀਟੀਜ਼ੈੱਡ ਘੇਰਾ ਕਰੀਬ 10,400 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ, ਜਿਸ ਵਿੱਚ ਯੂਪੀ ਦੇ ਜ਼ਿਲ੍ਹਿਆਂ ਆਗਰਾ, ਫ਼ਿਰੋਜ਼ਾਬਾਦ, ਮਥੁਰਾ, ਹਾਥਰਸ ਤੇ ਏਟਾ ਅਤੇ ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਦਾ ਰਕਬਾ ਸ਼ਾਮਲ ਹੈ। ਬੈਂਚ ਨੇ ਵਿਜ਼ਨ ਦਸਤਾਵੇਜ਼ ਬਣਾਉਣ ਦੇ ਅਮਲ ਵਿੱਚ ਸ਼ਾਮਲ ਪ੍ਰਾਜੈਕਟ ਕੋਆਰਡੀਨੇਟਰ ਨੂੰ ਕਿਹਾ, ‘‘ਜੇ ਤਾਜ ਮਹਿਲ ਨੂੰ ਨਹੀਂ ਬਚਾਇਆ ਜਾ ਸਕਦਾ, ਤਾਂ ਤੁਹਾਨੂੰ (ਇਸ ਨੂੰ ਬਚਾਉਣ ਦਾ) ਦੂਜਾ ਮੌਕਾ ਨਹੀਂ ਮਿਲੇਗਾ।’’
-ਪੀਟੀਆਈ