ਦੇਸ਼ ’ਚ ‘ਆਵਾਰਾ ਕੁੱਤਿਆਂ’ ਦੀ ਸਮੱਸਿਆ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ

0
142

ਦਿੱਲੀ (ਏਜੰਸੀਆਂ): ਅੱਜ ਸਾਰਾ ਦੇਸ਼ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਹਾਲ ਦੇ ਦਿਨਾਂ ’ਚ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ, ਜਿਨ੍ਹਾਂ ਪਿੱਛੋਂ ਆਵਾਰਾ ਕੁੱਤੇ ਗੰਭੀਰ ਸਮੱਸਿਆ ਬਣ ਕੇ ਉਭਰੇ ਹਨ ਅਤੇ ਆਵਾਰਾ ਕੁੱਤਿਆਂ ਦੇ ਕੱਟਣ ਦਾ ਮਾਮਲਾ ਅਦਾਲਤ ਤੱਕ ਪਹੁੰਚ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਵਿਸ਼ਵ ’ਚ ਲੋਕਾਂ ਨੂੰ ਕੁੱਤਿਆਂ ਦੇ ਵੱਢਣ ਦੀਆਂ ਸਭ ਤੋਂ ਵੱਧ ਘਟਨਾਵਾਂ ਭਾਰਤ ’ਚ ਹੀ ਹੋ ਰਹੀਆਂ ਹਨ। ਇਸੇ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਵਿਸ਼ਵ ’ਚ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੇ ਰੈਬੀਜ਼ ਰੋਗ ਨਾਲ 36 ਫੀਸਦੀ ਮੌਤਾਂ ਭਾਰਤ ’ਚ ਹੁੰਦੀਆਂ ਹਨ।

* 11 ਸਤੰਬਰ ਨੂੰ ਫਰੀਦਾਬਾਦ ’ਚ ਇਕ ਕੁੱਤੇ ਨੇ 3 ਬੱਚਿਆਂ ਸਮੇਤ 6 ਲੋਕਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ।

* 11 ਸਤੰਬਰ ਨੂੰ ਹੀ ਹਾਪੁੜ ਦੇ ਜਮਾਲਪੁਰ ’ਚ ਘਰ ਆ ਰਹੇ ਇਕ 15 ਸਾਲਾ ਅੱਲ੍ਹੜ ਨੂੰ ਘੇਰ ਕੇ ਕੁੱਤਿਆਂ ਨੇ 9 ਥਾਵਾਂ ਤੋਂ ਨੋਚ ਦਿੱਤਾ।

* 9 ਸਤੰਬਰ ਨੂੰ ਮੋਦੀ ਨਗਰ ਦੀ ਮਲਿਕ ਨਗਰ ਕਾਲੋਨੀ ’ਚ ਆਪਣੇ ਦਾਦਾ ਨੂੰ ਖਾਣਾ ਦੇਣ ਜਾ ਰਹੇ 14 ਸਾਲਾ ਬੱਚੇ ’ਤੇ ਕੁੱਤਿਆਂ ਦੇ ਇਕ ਝੁੰਡ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।

* 3 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੀ ਨੇਰਵਾ ਤਹਿਸੀਲ ਦੇ ਧਨਤ ਪਿੰਡ ’ਚ ਪਾਗਲ ਕੁੱਤੇ ਨੇ ਕਈ ਲੋਕਾਂ ਨੂੰ ਵੱਢ ਕੇ ਲਹੂ-ਲੁਹਾਣ ਕਰ ਦਿੱਤਾ।

* 12 ਅਗਸਤ ਨੂੰ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ’ਚ ਜੰਮੂ-ਕਸ਼ਮੀਰ ਪੁਲਸ ਦੇ ਇਕ ਏ. ਐੱਸ. ਆਈ. ਦੀ ਮੌਤ ਆਵਾਰਾ ਕੁੱਤੇ ਦੇ ਵੱਢਣ ਨਾਲ ਹੋਏ ਰੈਬੀਜ਼ ਰੋਗ ਦੇ ਨਤੀਜੇ ਵਜੋਂ ਹੋ ਗਈ।

* 3 ਅਗਸਤ ਨੂੰ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਦੀ ਸੋਸਾਇਟੀ ’ਚ 4-5 ਕੁੱਤਿਆਂ ਨੇ ਇਕ ਬੱਚੇ ਨੂੰ ਘੇਰ ਕੇ ਬੁਰੀ ਤਰ੍ਹਾਂ ਵੱਢਿਆ।

* 16 ਜੂਨ ਨੂੰ ਕੇਰਲ ’ਚ ਤ੍ਰਿਸੂਰ ’ਚ ਇਕ ਘੰਟੇ ਦੇ ਅੰਦਰ ਇਕ ਹੀ ਆਵਾਰਾ ਕੁੱਤੇ ਨੇ 15 ਲੋਕਾਂ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ।

* 10 ਜੂਨ ਨੂੰ ਦਿੱਲੀ ’ਚ ਸ਼ਾਹਦਰਾ ਦੇ ਇਕ ਪਾਰਕ ’ਚ ਖੇਡ ਰਹੇ 5 ਸਾਲਾ ਬੱਚੇ ਨੂੰ ਇਕ ਕੁੱਤੇ ਨੇ ਵੱਢ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।

* 7 ਜੂਨ ਨੂੰ ਜੰਮੂ-ਕਸ਼ਮੀਰ ’ਚ ਪੁੰਛ ਦੇ ਸਵਜਾਨ ਪਿੰਡ ’ਚ ਇਕ ਆਵਾਰਾ ਕੁੱਤੇ ਨੇ 7 ਲੋਕਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

* 16 ਮਈ ਨੂੰ ਲਖਨਊ ’ਚ ਇਕ ਆਵਾਰਾ ਕੁੱਤੇ ਨੇ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਕ੍ਰਿਕਟਰ ਬੇਟੇ ਅਰਜੁਨ ਤੇਂਦੁਲਕਰ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ।

* 12 ਮਈ ਨੂੰ ਡੇਰਾ ਬੱਸੀ ਦੇ ਭੰਕਰਪੁਰ ਪਿੰਡ ’ਚ ਆਵਾਰਾ ਕੁੱਤਿਆਂ ਨੇ 2 ਬੱਚਿਆਂ ਸਮੇਤ 5 ਲੋਕਾਂ ਨੂੰ ਵੱਢ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।

* 3 ਮਈ ਨੂੰ ਦਿੱਲੀ ਦੇ ਰੰਗਪੁਰ ਇਲਾਕੇ ’ਚ 7 ਸਾਲਾ ਬੱਚੀ ’ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਕੇ ਉਸ ਦੀ ਪਿੱਠ, ਧੌਣ ਅਤੇ ਹੱਥ ਲਹੂ-ਲੁਹਾਣ ਕਰ ਦਿੱਤੇ।

ਕੁੱਤਿਆਂ ਦੇ ਵੱਢਣ ਦਾ ਮਾਮਲਾ ਹੁਣ ਸੁਪਰੀਮ ਕੋਰਟ ’ਚ ਵੀ ਪੁੱਜ ਗਿਆ ਹੈ। 11 ਸਤੰਬਰ ਨੂੰ ਕੁਨਾਲ ਚੈਟਰਜੀ ਨਾਮੀ ਇਕ ਵਕੀਲ ਜਦ ਹੱਥਾਂ ’ਤੇ ਪੱਟੀ ਬੰਨ੍ਹ ਕੇ ਅਦਾਲਤ ’ਚ ਪਹੁੰਚੇ ਤਾਂ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਵੱਲੋਂ ਇਸ ਦਾ ਕਾਰਨ ਪੁੱਛਣ ’ਤੇ ਕੁਨਾਲ ਨੇ ਦੱਸਿਆ ਕਿ ‘ਗਾਜ਼ੀਆਬਾਦ ’ਚ ਮੇਰੇ ’ਤੇ 5 ਕੁੱਤਿਆਂ ਨੇ ਇਕੱਠੇ ਹਮਲਾ ਬੋਲ ਦਿੱਤਾ, ਜਿਸ ਨਾਲ ਮੈਂ ਜ਼ਖਮੀ ਹੋ ਗਿਆ।’’

ਇਸ ’ਤੇ ਜਸਟਿਸ ਚੰਦਰਚੂੜ, ਜਸਟਿਸ ਪੀ.ਐੱਸ. ਨਰਸਿੰਹ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕੁਨਾਲ ਚੈਟਰਜੀ ਸਮੇਤ ਪਹਿਲਾਂ ਦੇ ਕੁਝ ਹੋਰ ਮਾਮਲਿਆਂ ’ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਗੰਭੀਰ ਖਤਰਾ ਬਣ ਗਿਆ ਹੈ। ਇਸ ’ਤੇ ਕੁਨਾਲ ਚੈਟਰਜੀ ਨੇ ਕਿਹਾ ਕਿ, ‘‘ਆਵਾਰਾ ਕੁੱਤਿਆਂ ਦੇ ਹਮਲਿਆਂ ਦੇ ਮਾਮਲੇ ’ਚ ਸੁਪਰੀਮ ਕੋਰਟ ਨੂੰ ਕੋਈ ਦਿਸ਼ਾ-ਨਿਰਦੇਸ਼ ਦੇਣੇ ਚਾਹੀਦੇ ਹਨ।’’

ਇਸ ਮੌਕੇ ’ਤੇ ਸੁਪਰੀਮ ਕੋਰਟ ਦੇ ਇਕ ਵਕੀਲ ਵਿਜੇ ਹੰਸਾਰੀਆ ਨੇ ਵੀ ਜਸਟਿਸ ਚੰਦਰਚੂੜ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੁਪਰੀਮ ਕੋਰਟ ਤੋਂ ਖੁਦ ਨੋਟਿਸ ਲੈਣ ਦੀ ਬੇਨਤੀ ਕੀਤੀ ਅਤੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ‘‘ਇਹ ਪੂਰੇ ਦੇਸ਼ ਦੀ ਸਮੱਸਿਆ ਬਣਦੀ ਜਾ ਰਹੀ ਹੈ।’’

ਪਹਿਲੀ ਵਾਰ ਇਕ ਵਕੀਲ ਨੂੰ ਕੁੱਤਿਆਂ ਵੱਲੋਂ ਵੱਢਣ ’ਤੇ ਨਿਆਪਾਲਿਕਾ ਨੇ ਇਸ ’ਤੇ ਚਿੰਤਾ ਪ੍ਰਗਟ ਕੀਤੀ ਹੈ, ਜਿਸ ਨਾਲ ਇਹ ਆਸ ਬੱਝੀ ਹੈ ਕਿ ਨਿਆਪਾਲਿਕਾ ਵੱਲੋਂ ਇਸ ਬਾਰੇ ਕੋਈ ਨਾ ਕੋਈ ਹੁਕਮ ਜਾਰੀ ਕਰ ਕੇ ਇਸ ਸਮੱਸਿਆ ’ਤੇ ਰੋਕ ਲਾਉਣ ਦੀ ਪਹਿਲ ਕੀਤੀ ਜਾਵੇਗੀ ਜਦਕਿ ਅਜੇ ਤੱਕ ਸੂਬਾ ਸਰਕਾਰਾਂ ਵੱਲੋਂ ਤਾਂ ਇਸ ਮਾਮਲੇ ’ਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।