ਨਵੀਂ ਦਿੱਲੀ: ਹੁਣ ਤੁਹਾਨੂੰ ਚੀਨ ਦੇ ਬਣੇ ਹੋਏ ਉਤਪਾਦ ਖਰੀਦਣ ਲਈ ਆਪਣੀ ਜੇਬ ਵਧੇਰੇ ਢਿੱਲੀ ਕਰਨੀ ਪਵੇਗੀ। ਕੇਂਦਰ ਸਰਕਾਰ ਨੇ ਚੀਨ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ 328 ਵਸਤਾਂ ‘ਤੇ ਕਸਟਮ ਡਿਊਟੀ ਦੁੱਗਣੀ ਕਰ ਦਿੱਤੀ ਹੈ। ਇਸ ਨਾਲ ਕੱਪੜੇ, ਧਾਗੇ, ਕਾਲੀਨ ਤੋਂ ਇਲਾਵਾ ਟੈਕਸਟਾਈਲ ਸਨਅਤ ਦਾ ਸਾਮਾਨ ਮਹਿੰਗਾ ਹੋ ਜਾਵੇਗਾ।
ਘਰੇਲੂ ਉਤਪਾਦਨ ਨੂੰ ਉਤਾਸ਼ਾਹਤ ਕਰਨ ਲਈ ਸਰਕਾਰ ਨੇ 328 ਟੈਕਸਟਾਈਲ ਉਤਪਾਦਾਂ ‘ਤੇ ਕਸਟਮ ਡਿਊਟੀ ਵਧਾ ਕੇ 20 ਫ਼ੀਸਦੀ ਕਰ ਦਿੱਤੀ ਹੈ। ਵਿੱਤ ਰਾਜ ਮੰਤਰੀ ਪੋਨ ਰਾਧਾਕ੍ਰਿਸ਼ਨਨ ਨੇ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 50 ਤੋਂ ਜ਼ਿਆਦਾ ਤਿਆਰ ਵਸਤਾਂ ਦੀ ਦਰਾਮਦ ਕਰ ਵਧਾ ਕੇ 20 ਫ਼ੀਸਦੀ ਕਰ ਦਿੱਤਾ ਸੀ। ਇਸ ਵਿੱਚ ਬੁਣੇ ਹੋਏ ਕੱਪੜੇ, ਡ੍ਰੈਸ, ਟ੍ਰਾਊਜ਼ਰ, ਸੂਟ, ਜੈਕੇਟਸ, ਬੱਚਿਆਂ ਦੇ ਕੱਪੜੇ ਤੇ ਕਾਰਪੇਟ ਆਦਿ ਸ਼ਾਮਲ ਹਨ।
ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਭਾਰਤੀ ਕੱਪੜਾ ਸਨਅਤ ਨੂੰ ਫਾਇਦਾ ਹੋਵੇਗਾ। ਇਸ ਕਦਮ ਨਾਲ ਚੀਨ ਤੋਂ ਆਉਣ ਵਾਲੇ ਸਿੰਥੈਟਿਕ ਕੱਪੜੇ ਦੀ ਦਰਾਮਦ ਘਟ ਸਕਦੀ ਹੈ। 328 ਉਤਪਾਦਾਂ ਵਿੱਚ ਜ਼ਿਆਦਾ ਖਪਤ ਵਾਲੀਆਂ ਕਈ ਵਸਤਾਂ ਹਨ, ਜਿਨ੍ਹਾਂ ਦੀ ਦਰਾਮਦ ਕਰਕੇ ਵੇਚਿਆ ਜਾਂਦਾ ਸੀ। ਹੁਣ ਇਨ੍ਹਾਂ ਨੂੰ ਘਰੇਲੂ ਬਾਜ਼ਾਰ ਵਿੱਚੋਂ ਖਰੀਦਿਆ ਜਾ ਸਕਦਾ ਹੈ।