ਮਨੁੱਖ ਦੀ ਸੋਚ ਉਸ ਦੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਸੋਚਾਂ ਹੀ ਉਸ ਦੀ ਅਗਵਾਈ ਕਰਦੀਆਂ ਹਨ। ਜ਼ਿੰਦਗੀ ਵਿੱਚ ਕਈ ਕਿਸਮ ਦੇ ਇਨਸਾਨ ਮਿਲਦੇ ਹਨ ਅਤੇ ਕਈ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ, ਖੱਟੀਆਂ-ਮਿੱਠੀਆਂ ਘਟਨਾਵਾਂ ਵਾਪਰਦੀਆਂ ਹਨ। ਜੋ ਲੋਕ ਇਨ੍ਹਾਂ ਵੱਲੋਂ ਬੇਧਿਆਨੇ ਹੋ ਕੇ ਨਿਕਲ ਜਾਂਦੇ ਹਨ ਤੇ ਆਪਣੇ ਟੀਚੇ ਦੀ ਪ੍ਰਾਪਤੀ ਵੱਲ ਵਧਦੇ ਹਨ, ਸਮਾਜ ਵਿੱਚ ਉਨ੍ਹਾਂ ਦੀ ਪਛਾਣ ਸਥਾਪਤ ਹੋ ਜਾਂਦੀ ਹੈ ਅਤੇ ਕਈ ਵਾਰ ਨਿਵੇਕਲੇ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਵਿੱਚ ਪੈਂਦੇ ਰਹਿੰਦੇ ਹਨ। ਜੋ ਲੋਕ ਸਿਰਫ਼ ਅਜਿਹੀਆਂ ਘਟਨਾਵਾਂ ਦੀਆਂ ਯਾਦਾਂ ਵਿੱਚ ਉਲਝੇ ਰਹਿੰਦੇ ਹਨ, ਉਨ੍ਹਾਂ ਦੀਆਂ ਆਸਾਂ-ਉਮੀਦਾਂ ਤੇ ਪਿਆਰ ਕਰਨ ਦੀ ਚਾਹਤ ਅਤੇ ਸਿਰ ਉੱਚਾ ਕਰਕੇ ਜਿਊਣਾ ਲੋਚਦੀ ਜ਼ਿੰਦਗੀ ਇੰਜ ਹੀ ਲੰਘ ਜਾਂਦੀ ਹੈ। ਜ਼ਿੰਦਗੀ ਵਿੱਚ ਚਿੰਤਾਵਾਂ ਦਾ ਹੋਣਾ ਸੁਭਾਵਿਕ ਹੈ, ਪਰ ਕਈ ਵਾਰ ਅਸੀਂ ਕੁਝ ਅਜਿਹੀਆਂ ਫਾਲਤੂ ਦੀਆਂ ਚਿੰਤਾਵਾਂ ਦਾ ਭਾਰ ਢੋਈ ਜਾਂਦੇ ਹਾਂ, ਜਿਨ੍ਹਾਂ ਦਾ ਸਾਡੇ ਜੀਵਨ ਨਾਲ ਬਹੁਤਾ ਲੈਣਾ-ਦੇਣਾ ਨਹੀਂ ਹੁੰਦਾ। ਜੇ ਅਜਿਹੀਆਂ ਫਾਲਤੂ ਦੀਆਂ ਚਿੰਤਾਵਾਂ ਨੂੰ ਆਪਣੇ ਜੀਵਨ ’ਚੋਂ ਬਾਹਰ ਦਾ ਰਸਤਾ ਨਾ ਵਿਖਾਇਆ ਜਾਵੇ ਤਾਂ ਸਾਡਾ ਜੀਵਨ ਅਸੰਤੁਲਿਤ ਹੋ ਜਾਵੇਗਾ ਜੋ ਹੋਰ ਦੁੱਖਾਂ ਨੂੰ ਸੱਦਾ ਦਿੰਦਾ ਹੈ।
ਜ਼ਿੰਦਗੀ ਵਿੱਚ ਬਹੁਤੀਆਂ ਚਿੰਤਾਵਾਂ ਮਨੁੱਖ ਵੱਲੋਂ ਖ਼ੁਦ ਹੀ ਆਪਣੇ ਵਿਵਹਾਰ ਕਾਰਨ ਪੈਦਾ ਕੀਤੀਆਂ ਗਈਆਂ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਕਾਰਨਾਂ ਨਾਲ ਮਨੁੱਖ ਦਾ ਵਾਹ ਰੋਜ਼ਾਨਾ ਪੈਂਦਾ ਹੈ। ਇਸ ਲਈ ਇਹ ਵਿਅਕਤੀ ਦੇ ਦਿਮਾਗ਼ ’ਤੇ ਡੂੰਘਾ ਅਸਰ ਕਰਦੀਆਂ ਹੋਈਆਂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਵਿਅਕਤੀ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆ ਕੇ ਇਨ੍ਹਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਇਸ ਲਈ ਹੌਲੀ ਹੌਲੀ ਦਿਮਾਗ਼ ਦੀ ਸੋਚਣ ਸ਼ਕਤੀ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਅਸੰਤੁਲਿਤ ਹੋ ਜਾਂਦੀ ਹੈ। ਵਿਅਕਤੀ ਆਲਸੀ ਹੋ ਜਾਂਦਾ ਹੈ, ਜਿਸ ਕਰਕੇ ਉਸ ਦਾ ਕੰਮ ਵੀ ਮਿਆਰੀ ਨਹੀਂ ਰਹਿੰਦਾ। ਇਸ ਲਈ ਜ਼ਰੂਰੀ ਹੈ ਕਿ ਚਿੰਤਾਵਾਂ ਨਾਲ ਨਜਿੱਠਣ ਲਈ ਆਪਣੇ ਦ੍ਰਿਸ਼ਟੀਕੋਣ ਵਿੱਚ ਕੁਝ ਤਬਦੀਲੀ ਲਿਆਂਦੀ ਜਾਵੇ। ਛੋਟੀਆਂ-ਛੋਟੀਆਂ ਗੱਲਾਂ ਨੂੰ ਬਖੇੜੇ ਨਾ ਬਣਨ ਦਿੱਤਾ ਜਾਵੇ। ਇਨ੍ਹਾਂ ਗੱਲਾਂ ਦੀ ਅਮਾਨਤ ਨੂੰ ਦਿਲ-ਦਿਮਾਗ਼ ’ਤੇ ਰੱਖਣ ਨਾਲ ਹਲਕੇ ਜ਼ਹਿਰ ਵਾਂਗ ਦਿਮਾਗ਼ ’ਤੇ ਪੈਣ ਵਾਲੇ ਉਲਟ ਪ੍ਰਭਾਵ ਨਾਲ ਕੁਦਰਤੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਹ ਵਿਅਕਤੀ ਨੂੰ ਅੰਦਰੋਂ-ਅੰਦਰੀ ਖੋਖਲਾ ਕਰੀ ਜਾਂਦੀਆਂ ਹਨ ਅਤੇ ਬਹੁਮੁੱਲਾ ਜੀਵਨ ਵਿਨਾਸ਼ ਦੇ ਕਿਨਾਰੇ ਪਹੁੰਚ ਜਾਂਦਾ ਹੈ।
ਗ਼ਲਤ ਵਿਵਹਾਰ ਕਰਨ ਵਾਲੇ ਵਿਅਕਤੀ ਬਾਰੇ ਵੇਖਿਆ ਜਾਵੇ ਕਿ ਵਿਅਕਤੀ ਕਿਹੋ ਜਿਹਾ ਹੈ? ਜੇ ਵਿਅਕਤੀ ਮਹੱਤਵਪੂਰਨ ਹੈ ਤਾਂ ਉਸ ਗੱਲ ਨੂੰ ਛੱਡ ਦਿੱਤਾ ਜਾਵੇ, ਜਿਸ ਕਾਰਨ ਮਨ ਦੁਖੀ ਹੋਇਆ ਹੈ ਅਤੇ ਜੇ ਵਿਅਕਤੀ ਮਹੱਤਵਪੂਰਨ ਨਹੀਂ ਹੈ ਤਾਂ ਉਸ ਵੱਲੋਂ ਕੀਤੇ ਵਰਤਾਰੇ ਵੱਲ ਕੋਈ ਤਵੱਜੋਂ ਹੀ ਨਾ ਦਿੱਤੀ ਜਾਵੇ।
ਇਸੇ ਤਰ੍ਹਾਂ ਜੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਆਪਣੇ ਜੀਵਨ ਵਿੱਚ ਭਰਦੇ ਰਹੀਏ ਤਾਂ ਆਪਣੀ ਊਰਜਾ ਉਸੇ ਵਿੱਚ ਖ਼ਤਮ ਕਰ ਦੇਵਾਂਗੇ ਤੇ ਸਾਡੇ ਕੋਲ ਮੁੱਖ ਗੱਲਾਂ ਜੋ ਸਾਡੀ ਖ਼ੁਸ਼ਹਾਲ ਜ਼ਿੰਦਗੀ ਦੀਆਂ ਰਾਹ-ਦਸੇਰਾ ਹਨ, ਲਈ ਸਮਾਂ ਨਹੀਂ ਰਹੇਗਾ। ਚਾਹ ਦੇ ਦੋ ਪਿਆਲੇ ਇਸ ਗੱਲ ਦਾ ਪ੍ਰਤੀਕ ਹਨ ਕਿ ਜੀਵਨ ਭਾਵੇਂ ਕਿੰਨਾ ਵੀ ਕੁੜੱਤਣ ਭਰਿਆ ਹੋ ਜਾਵੇ। ਇਕੱਠੇ ਬੈਠ ਕੇ ਚਾਹ ਪੀਣ ਦੀ ਜਗ੍ਹਾ ਫਿਰ ਵੀ ਹੁੰਦੀ ਹੈ। ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਛੋਟੀਆਂ-ਛੋਟੀਆਂ ਫਾਲਤੂ ਗੱਲਾਂ ਨੂੰ ਦਿਮਾਗ਼ ਵਿੱਚ ਰੱਖਦੇ ਹੋਏ ਜ਼ਿੰਦਗੀ ਦੇ ਟੀਚੇ ਤੋਂ ਵਿਚਲਤ ਹੋਣਾ ਹੈ ਜਾਂ ਇਨ੍ਹਾਂ ਨਿਗੂਣੀਆਂ ਗੱਲਾਂ ਨੂੰ ਭੁੱਲਦੇ ਹੋਏ ਆਪਣੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਨਾ ਹੈ।
ਜ਼ਿੰਦਗੀ ਵਿੱਚ ਅਚਾਨਕ ਕਿਤੇ ਜ਼ਰਾ ਜਿੰਨਾ ਕੰਡਾ ਵੀ ਚੁੱਭ ਜਾਵੇ ਤਾਂ ਇਹ ਬੁਰੀ ਤਰ੍ਹਾਂ ਬੇਹਾਲ ਕਰਦਾ ਹੈ। ਜ਼ਰਾ ਸੋਚੋ ਕਿ ਜਦੋਂ ਵਿਅਕਤੀ ਦੇ ਅੰਦਰ ਈਰਖਾ, ਲਾਲਚ ਅਤੇ ਹੰਕਾਰ ਵਰਗੇ ਵੱਡੇ ਵੱਡੇ ਕੰਡੇ ਚਿੰਤਾਵਾਂ ਦੇ ਰੂਪ ਵਿੱਚ ਹਰ ਵੇਲੇ ਦਿਮਾਗ਼ ’ਤੇ ਦਸਤਕ ਦਿੰਦੇ ਰਹਿਣਗੇ ਤਾਂ ਸਾਡਾ ਜੀਵਨ ਕਿਵੇਂ ਸ਼ਾਂਤ ਰਹਿ ਸਕਦਾ ਹੈ? ਚੁਣੌਤੀ ਤਾਂ ਮਨ ਨੂੰ ਸਮਝਾਉਣ ਦੀ ਹੈ। ਇਹ ਜ਼ਿੰਦਗੀ ਪੂਰੀ ਦੀ ਪੂਰੀ ਤੁਹਾਡੀ ਜ਼ਿੰਮੇਵਾਰੀ ਹੈ। ਜ਼ਿੰਦਗੀ ਦੇ ਇਸ ਯੁੱਧ ਵਿੱਚ ਖ਼ੁਦ ਹੀ ਕ੍ਰਿਸ਼ਨ ਅਤੇ ਖ਼ੁਦ ਹੀ ਅਰਜਨ ਬਣਨਾ ਪੈਂਦਾ ਹੈ। ਰੋਜ਼ ਆਪਣਾ ਹੀ ਸਾਰਥੀ ਬਣ ਕੇ ਜੀਵਨ ਦੀ ਮਹਾਂਭਾਰਤ ਨੂੰ ਲੜਨਾ ਪੈਂਦਾ ਹੈ। ਲੋਕ ਬੁਰਿਆਈ ਕਰਨ ਤਾਂ ਤੁਸੀਂ ਬੁਰੇ ਹੋ ਜਾਓ, ਲੋਕ ਪ੍ਰਸ਼ੰਸਾ ਕਰਨ ਤਾਂ ਤੁਸੀਂ ਖ਼ੁਸ਼ ਹੋ ਜਾਓ। ਮਤਲਬ ਤੁਹਾਡੇ ਦੁੱਖ-ਸੁੱਖ ਦਾ ਸਵਿੱਚ ਦੂਸਰਿਆਂ ਦੇ ਹੱਥ ਵਿੱਚ ਹੈ। ਇਸ ਸਵਿੱਚ ਨੂੰ ਆਪਣੇ ਹੱਥ ਵਿੱਚ ਰੱਖੋ। ਯਾਦ ਰੱਖੋ, ਤੁਹਾਨੂੰ ਓਹੀ ਦੁਖੀ ਕਰ ਸਕਦਾ ਹੈ, ਜਿਸ ਨੂੰ ਪਤਾ ਹੈ ਕਿ ਉਸ ਦੀ ਕਹੀ ਗੱਲ ਅਤੇ ਕੀਤੇ ’ਤੇ ਤੁਸੀਂ ਪ੍ਰੇਸ਼ਾਨ ਹੁੰਦੇ ਹੋ। ਜਿਸ ਦਿਨ ਉਸ ਦੀ ਪਰਵਾਹ ਕਰਨੀ ਛੱਡ ਦਿੱਤੀ, ਉਸ ਨੂੰ ਹਕੀਕਤ ਸਮਝ ਆ ਜਾਵੇਗੀ। ਛੋਟੀ ਜਿਹੀ ਗੱਲ ਨੂੰ ਬਹੁਤਾ ਵੱਡਾ ਨਾ ਕਰੋ ਕਿਉਂਕਿ ਜਿਹੜਾ ਰਾਈ ਨੂੰ ਪਹਾੜ ਬਣਾਉਂਦਾ ਹੈ, ਇੱਕ ਦਿਨ ਆਪ ਹੀ ਉਸ ਹੇਠ ਦੱਬ ਜਾਂਦਾ ਹੈ। ਜੇਕਰ ਬਰਦਾਸ਼ਤ ਕਰ ਲਵਾਂਗੇ, ਨਾ ਤਾਂ ਤੁਹਾਡੀ ਸ਼ਾਨ ਘੱਟ ਹੋਵੇਗੀ ਅਤੇ ਨਾ ਹੀ ਰੁਤਬਾ।
ਇਸ ਲਈ ਚਾਹ ਬਣਾਉਣ ਵਾਂਗ, ਜੀਵਨ ਵਿੱਚ ਆਪਣੇ ਹੰਕਾਰ ਦੀ ਪੱਤੀ ਨੂੰ ਉਬਾਲਦੇ ਹੋਏ ਛੋਟੀਆਂ-ਮੋਟੀਆਂ ਗੱਲਾਂ ਕਾਰਨ ਪੈਦਾ ਹੋਈਆਂ ਚਿੰਤਾਵਾਂ ਨੂੰ ਪੁਣਦੇ ਹੋਏ ਭੁੱਲਣ ਦੀ ਆਦਤ ਪਾਓ ਤਾਂ ਹੀ ਤੁਹਾਡੀ ਆਵਾਜ਼ ਸੰਗੀਤ ਬਣੇਗੀ, ਤੁਹਾਡੀ ਗਤੀ ਭੰਗੜੇ ਪਾਵੇਗੀ ਅਤੇ ਜ਼ਿੰਦਗੀ ਫੁੱਲਾਂ ਵਾਂਗ ਖ਼ੁਸ਼ਬੂਆਂ ਦੇਣ ਵਾਲੀ ਬਣ ਜਾਵੇਗੀ ਜੋ ਤੁਹਾਨੂੰ ਅਤੇ ਦੂਸਰਿਆਂ ਨੂੰ ਮਹਿਕਾਂ ਪ੍ਰਦਾਨ ਕਰੇਗੀ।
#ਕੈਲਾਸ਼ ਚੰਦਰ ਸ਼ਰਮਾ ਸੰਪਰਕ: 80540-16816